ਚੋਰਾਂ ਵੱਲੋਂ 25 ਮੋਟਰਾਂ ਦੀਆਂ ਕੇਬਲਾਂ ਵੱਢ ਕੇ ਚੋਰੀ, ਕਿਸਾਨਾਂ ਨੇ ਪ੍ਰਸ਼ਾਸਨ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ
Sunday, Jul 06, 2025 - 09:20 PM (IST)

ਮਹਿਲ ਕਲਾਂ (ਹਮੀਦੀ) ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪਿੰਡ ਲੋਹਗੜ ਵਿਖੇ ਬੀਤੀ ਰਾਤ ਚੋਰਾਂ ਦੇ ਗਿਰੋਹ ਵੱਲੋਂ ਲਗਭਗ 25 ਕਿਸਾਨਾਂ ਦੀਆਂ ਮੋਟਰਾਂ ਉੱਪਰੋਂ ਕੇਬਲਾਂ ਵੱਢ ਕੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਨੂੰ ਲੈ ਕੇ ਸਮਾਜ ਸੇਵੀ ਮਨਦੀਪ ਸਿੰਘ ਹੈਪੀ ਅਤੇ ਗੁਰਪ੍ਰੀਤ ਸਿੰਘ ਲੋਹਗੜ ਦੀ ਅਗਵਾਈ ਹੇਠ ਕਿਸਾਨਾਂ ਨੇ ਖੇਤਾਂ ਵਿੱਚ ਇਕੱਠੇ ਹੋ ਕੇ ਪ੍ਰਸ਼ਾਸਨ ਖਿਲਾਫ਼ ਨਾਆਰੇਬਾਜੀ ਕੀਤੀ । ਆਗੂਆਂ ਨੇ ਮੰਗ ਕੀਤੀ ਕਿ ਚੋਰਾਂ ਦੀ ਪੜਤਾਲ ਕਰਕੇ ਉਹਨਾਂ ਨੂੰ ਸਖਤ ਸਜ਼ਾਵਾ ਦਿੱਤੀਆਂ ਜਾਣ। ਉਨ੍ਹਾਂ ਨੇ ਦੱਸਿਆ ਕਿ ਪਿੰਡ ਲੋਹਗੜ ਦੇ ਨੇੜੇ ਲੰਘ ਰਹੀ ਬਠਿੰਡਾ ਬਰਾਂਚ ਨਹਿਰ ਦੀ ਕਿਨਾਰੇ ਅਤੇ ਪਿੰਡ ਛਾਪਾ ਨੂੰ ਜਾਂਦੀ ਲਿੰਕ ਸੜਕ ਦੇ ਨਜ਼ਦੀਕ ਲੱਗਦੇ ਕਿਸਾਨਾਂ ਦੇ ਖੇਤਾਂ ਵਿੱਚ ਪਿਛਲੇ ਹਫ਼ਤੇ ਤੋਂ ਚੋਰੀਆਂ ਦੀਆਂ ਘਟਨਾਵਾਂ ਵਧ ਰਹੀਆਂ ਹਨ।ਚੋਰ ਗਰੋਹ ਕਿਸਾਨਾਂ ਦੀਆਂ ਮੋਟਰਾਂ ਦੀਆਂ ਕੇਬਲਾਂ ਵੱਢ ਕੇ ਚੋਰੀ ਕਰ ਰਿਹਾ ਹੈ, ਜਿਸ ਕਾਰਨ ਪਿੰਡ ਵਾਸੀਆਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ।
ਚੋਰੀ ਦੀ ਤਾਜ਼ਾ ਘਟਨਾ ਵਿੱਚ ਕਿਸਾਨਾਂ ਦੀਆਂ ਮੋਟਰਾਂ ਤੋਂ ਲੱਗਭਗ ਹਜ਼ਾਰਾਂ ਫੁੱਟ ਤਾਰ ਚੋਰੀ ਕੀਤੀ ਗਈ। ਉਕਤ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀੜਤ ਕਿਸਾਨ ਗੁਰਪ੍ਰੀਤ ਸਿੰਘ ਗੋਪੀ ਦੀ ਮੋਟਰ ਤੋਂ 80 ਫੁੱਟ ਤਾਰ,ਸਰਬਜੋਤ ਸਿੰਘ ਦੀ ਮੋਟਰ ਤੋਂ 50 ਫੁੱਟ, ਸਾਬਕਾ ਸਰਪੰਚ ਆਤਮਾ ਸਿੰਘ ਤੋਂ 30 ਫੁੱਟ, ਜਸਬੀਰ ਸਿੰਘ ਜੱਸੀ ਤੋਂ 30 ਫੁੱਟ, ਹਰਦੀਪ ਸਿੰਘ ਤੋਂ 30 ਫੁੱਟ, ਗੁਰੂ ਘਰ ਦੀ ਜਮੀਨ ਵਾਲੀ ਮੋਟਰ ਤੋਂ 40 ਫੁੱਟ, ਜਸਵੰਤ ਸਿੰਘ ਦੀਆਂ ਦੋ ਮੋਟਰਾਂ ਤੋਂ 100 ਫੁੱਟ, ਜਗਰੂਪ ਸਿੰਘ ਤੋਂ 30 ਫੁੱਟ, ਮੇਵਾ ਸਿੰਘ ਤੋਂ 20 ਫੁੱਟ, ਅਮਨਦੀਪ ਸਿੰਘ ਤੋਂ 50 ਫੁੱਟ, ਅੰਮ੍ਰਿਤਪਾਲ ਸਿੰਘ ਤੋਂ 40 ਫੁੱਟ, ਤਜਿੰਦਰ ਸਿੰਘ ਦੀਆਂ ਦੋ ਮੋਟਰਾਂ ਤੋਂ 60 ਫੁੱਟ ਅਤੇ ਜੁਗਰਾਜ ਸਿੰਘ ਦੀ ਮੋਟਰ ਤੋਂ 60 ਫੁੱਟ ਕੇਬਲ ਤਾਰਾਂ ਨੂੰ ਚੋਰਾ ਨੇ ਵੱਢ ਕੇ ਚੋਰੀ ਕਰਕੇ ਫਰਾਰ ਹੋ ਗਏ ਸਨ ਉਕਤ ਕਿਸਾਨਾਂ ਨੇ ਦੱਸਿਆ ਕਿ ਉਹ ਸਵੇਰੇ ਖੇਤਾਂ ਵਿੱਚ ਫਸਲ ਦੀ ਰਾਖੀ ਅਤੇ ਪਸ਼ੂਆਂ ਲਈ ਚਾਰਾ ਲੈਣ ਗਏ ਤਾਂ ਉਨ੍ਹਾਂ ਨੇ ਮੋਟਰਾਂ ਦੀਆਂ ਤਾਰਾਂ ਵੱਢੀਆਂ ਹੋਈਆਂ ਮਿਲੀਆਂ। ਉਨ੍ਹਾਂ ਕਿਹਾ ਕਿ ਚੋਰੀ ਦੀਆਂ ਘਟਨਾਵਾਂ ਦੀ ਜਾਣਕਾਰੀ ਮਹਿਲ ਕਲਾਂ ਥਾਣੇ ਨੂੰ ਦਿੱਤੀ ਗਈ ਹੈ। ਦੂਜੇ ਪਾਸੇ ਥਾਣਾ ਮੁਖੀ ਮੈਡਮ ਕਿਰਨਜੀਤ ਕੌਰ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਕੈਪਸ਼ਨ ਪਿੰਡ ਲੋਹਗੜ ਵਿਖੇ ਚੋਰੀ ਹੋਣ ਤੋਂ ਬਾਅਦ ਮੌਕੇ 'ਤੇ ਇਕੱਠੇ ਹੋਏ ਕਿਸਾਨ, ਪ੍ਰਸ਼ਾਸਨ ਖਿਲਾਫ਼ ਰੋਸ ਪ੍ਰਗਟ ਕਰਦੇ ਹੋਏ।