ਡੇਢ ਕਿੱਲੋ ਤੋਂ ਵੱਧ ਚਿੱਟੇ ਤੇ ਹਥਿਆਰ ਸਣੇ ਫੜੇ ਗਏ 3 ਮੁਲਜ਼ਮ! ਸੰਗਰੂਰ ਪੁਲਸ ਵੱਲੋਂ ਡਰੱਗਜ਼ ਰੈਕੇਟ ਦਾ ਪਰਦਾਫ਼ਾਸ਼
Saturday, Jul 12, 2025 - 02:57 PM (IST)

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)– ਜ਼ਿਲ੍ਹਾ ਪੁਲਸ ਸੰਗਰੂਰ ਵੱਲੋਂ ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਅਧੀਨ ਵੱਡੀ ਸਫਲਤਾ ਹਾਸਲ ਕਰਦਿਆਂ ਨਸ਼ਾ ਸਪਲਾਈ ਕਰਦੇ ਇੱਕ ਗੈਂਗ ਦਾ ਭੰਡਾਫੋੜ ਕੀਤਾ ਗਿਆ ਹੈ। ਪੁਲਸ ਨੇ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ 1 ਕਿੱਲੋ 625 ਗ੍ਰਾਮ ਹੈਰੋਇਨ, 3 ਪਿਸਟਲ .32 ਬੋਰ, 2 ਦੇਸੀ ਕੱਟੇ 12 ਬੋਰ, 13 ਜਿੰਦੇ ਰੌਂਦ ਅਤੇ 12 ਮੋਬਾਇਲ ਫੋਨ ਬਰਾਮਦ ਕੀਤੇ ਹਨ। ਐੱਸ.ਐੱਸ.ਪੀ ਸਰਤਾਜ ਸਿੰਘ ਚਾਹਲ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮ ਨਿਗਮ ਉਰਫ ਲੱਕੀ, ਗੁਰਪ੍ਰੀਤ ਸਿੰਘ ਉਰਫ ਭੌਰ, ਜਸਪਾਲ ਸਿੰਘ ਉਰਫ ਬਿੱਲਾ ਅਤੇ ਸਤਨਾਮ ਸਿੰਘ ਉਰਫ ਸੱਤਾ ਦੇ ਵਿਰੁੱਧ ਕਈ ਮਾਮਲੇ ਦਰਜ ਕੀਤੇ ਗਏ ਹਨ। ਨਿਗਮ ਉਰਫ ਲੱਕੀ ਨੂੰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਪੁੱਛਗਿੱਛ ਕੀਤੀ ਗਈ, ਜਿਸ ਦੌਰਾਨ ਹੋਰ ਦੋਸ਼ੀਆਂ ਦੇ ਨਾਂ ਸਾਹਮਣੇ ਆਏ।
ਇਹ ਖ਼ਬਰ ਵੀ ਪੜ੍ਹੋ - ਮਾਨ ਸਰਕਾਰ ਦਾ ਐਕਸ਼ਨ! ਪੰਜਾਬ ਪੁਲਸ ਦੀ Lady ਇੰਸਪੈਕਟਰ ਗ੍ਰਿਫ਼ਤਾਰ
ਥਾਣਾ ਸਦਰ ਧੂਰੀ ਵਿਖੇ 9 ਅਪ੍ਰੈਲ 2025 ਨੂੰ ਮੁਕੱਦਮਾ ਨੰਬਰ 69 ਤਹਿਤ ਨਿਗਮ ਉਰਫ ਲੱਕੀ ਅਤੇ ਗੁਰਪ੍ਰੀਤ ਸਿੰਘ ਉਰਫ ਭੌਰ ਉੱਤੇ ਐੱਨ.ਡੀ.ਪੀ.ਐੱਸ. ਐਕਟ, ਅਸਲਾ ਐਕਟ ਅਤੇ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ। ਇਸ ਦੌਰਾਨ 125 ਗ੍ਰਾਮ ਚਿੱਟਾ, 1 ਪਿਸਟਲ ਅਤੇ 4 ਮੋਬਾਇਲ ਫੋਨ ਬਰਾਮਦ ਹੋਏ। ਦਵਿੰਦਰ ਅੱਤਰੀ (ਕਪਤਾਨ ਇਨਵੈਸਟੀਗੇਸ਼ਨ) ਅਤੇ ਉਪ ਕਪਤਾਨ ਦਲਜੀਤ ਸਿੰਘ ਵਿਰਕ ਦੀ ਅਗਵਾਈ ਹੇਠ ਇੰਸਪੈਕਟਰ ਸੰਦੀਪ ਸਿੰਘ, ਇੰਸਪੈਕਟਰ ਕਰਨਵੀਰ ਸਿੰਘ ਅਤੇ ਪੁਲਿਸ ਪਾਰਟੀਆਂ ਨੇ ਵੱਖ-ਵੱਖ ਥਾਵਾਂ 'ਤੇ ਛਾਪੇ ਮਾਰੇ। ਜਸਪਾਲ ਸਿੰਘ ਉਰਫ ਬਿੱਲਾ ਤੋਂ 2 ਪਿਸਟਲ .32 ਬੋਰ ਅਤੇ ਹੋਰ ਚਿੱਟਾ ਬਰਾਮਦ ਹੋਇਆ।
ਸਜ਼ਾ ਭੁਗਤ ਰਹੇ ਦੋਸ਼ੀ ਤੋਂ ਵੀ ਖ਼ੁਲਾਸਾ
ਸਤਨਾਮ ਸਿੰਘ ਉਰਫ ਸੱਤਾ, ਜੋ ਪਹਿਲਾਂ ਹੀ ਜ਼ਿਲ੍ਹਾ ਜੇਲ੍ਹ ਸੰਗਰੂਰ ਵਿੱਚ ਬੰਦ ਸੀ, ਨੂੰ ਵੀ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਗਿਆ ਅਤੇ ਉਸ ਕੋਲੋਂ 8 ਮੋਬਾਇਲ ਫੋਨ ਜੇਲ੍ਹ ਵਿਚੋਂ ਹੀ ਬਰਾਮਦ ਹੋਏ। ਉਸ ਵਿਰੁੱਧ ਥਾਣਾ ਸਿਟੀ-1 ਸੰਗਰੂਰ ਵਿਖੇ ਮੁਕੱਦਮਾ ਨੰਬਰ 121 ਅਧੀਨ ਪਰੀਜਨ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਮਿਤੀ 11 ਜੁਲਾਈ ਨੂੰ ਹੋਈ ਗਹਿਰੀ ਪੁੱਛਗਿੱਛ ਦੌਰਾਨ ਬਿੱਲਾ ਨੇ ਹੋਰ 1 ਕਿੱਲੋ 500 ਗ੍ਰਾਮ ਚਿੱਟਾ, 1 ਪਿਸਟਲ .32 ਬੋਰ, 1 ਦੇਸੀ ਕੱਟਾ 12 ਬੋਰ, 4 ਰੌਂਦ .32 ਬੋਰ ਅਤੇ 2 ਰੌਂਦ 12 ਬੋਰ ਬਰਾਮਦ ਕਰਵਾਏ। ਪੁਲਸ ਅਧਿਕਾਰੀ ਮੰਨ ਰਹੇ ਹਨ ਕਿ ਤਫਤੀਸ਼ ਦੌਰਾਨ ਹੋਰ ਨਵੇਂ ਨਸ਼ਾ ਸਪਲਾਇਰਾਂ ਦੇ ਨਾਂ ਸਾਹਮਣੇ ਆ ਸਕਦੇ ਹਨ।
ਦੋਸ਼ੀਆਂ ਦੇ ਨਾਂ:
1. ਨਿਗਮ ਉਰਫ ਲੱਕੀ ਪੁੱਤਰ ਸੁਰਿੰਦਰ ਕੁਮਾਰ, ਵਾਸੀ ਸੰਗਰੂਰ
2. ਗੁਰਪ੍ਰੀਤ ਸਿੰਘ ਉਰਫ ਭੌਰ ਪੁੱਤਰ ਗੁਰਜੰਟ ਸਿੰਘ, ਵਾਸੀ ਸੰਗਰੂਰ
3. ਜਸਪਾਲ ਸਿੰਘ ਉਰਫ ਬਿੱਲਾ ਪੁੱਤਰ ਗੁਰਮੀਤ ਸਿੰਘ, ਵਾਸੀ ਸੰਗਰੂਰ
4. ਸਤਨਾਮ ਸਿੰਘ ਉਰਫ ਸੱਤਾ ਪੁੱਤਰ ਪਰਮਜੀਤ ਸਿੰਘ, ਵਾਸੀ ਪੂਹਲਾ (ਭਿਖੀਵਿੰਡ)
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਪਿੰਡ 'ਚੋਂ ਬਾਹਰ ਕੱਢੇ ਜਾਣਗੇ ਪ੍ਰਵਾਸੀ! ਇਕ ਹਫ਼ਤੇ ਦੀ ਮਿਲੀ ਡੈੱਡਲਾਈਨ
ਬਰਾਮਦਗੀ:
1 ਕਿੱਲੋ 625 ਗ੍ਰਾਮ ਹੈਰੋਇਨ/ਚਿੱਟਾ, 03 ਪਿਸਟਲ .32 ਬੋਰ, 02 ਦੇਸੀ ਕੱਟੇ 12 ਬੋਰ, 13 ਜਿੰਦੇ ਰੌਂਦ, 12 ਮੋਬਾਇਲ ਫੋਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8