ਮੁੱਖ ਮੰਤਰੀ ਵੱਲੋਂ ਬਰਨਾਲਾ ਜ਼ਿਲ੍ਹੇ ''ਚ 2.80 ਕਰੋੜ ਰੁਪਏ ਦੀ ਲਾਗਤ ਨਾਲ ਬਣੀਆਂ 8 ਜਨਤਕ ਲਾਇਬ੍ਰੇਰੀਆਂ ਸਮਰਪਿਤ

Saturday, Jul 19, 2025 - 07:40 PM (IST)

ਮੁੱਖ ਮੰਤਰੀ ਵੱਲੋਂ ਬਰਨਾਲਾ ਜ਼ਿਲ੍ਹੇ ''ਚ 2.80 ਕਰੋੜ ਰੁਪਏ ਦੀ ਲਾਗਤ ਨਾਲ ਬਣੀਆਂ 8 ਜਨਤਕ ਲਾਇਬ੍ਰੇਰੀਆਂ ਸਮਰਪਿਤ

ਮਹਿਲ ਕਲਾਂ /ਸ਼ਹਿਣਾ (ਹਮੀਦੀ) ਨੌਜਵਾਨਾਂ ਵਿੱਚ ਪੜ੍ਹਨ ਦੀ ਆਦਤ ਪ੍ਰਫੁੱਲਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਬਰਨਾਲਾ ਜ਼ਿਲ੍ਹੇ ਵਿੱਚ 2.80 ਕਰੋੜ ਰੁਪਏ ਦੀ ਲਾਗਤ ਨਾਲ ਬਣੀਆਂ ਅੱਠ ਜਨਤਕ ਲਾਇਬ੍ਰੇਰੀਆਂ ਸਮਰਪਿਤ ਕੀਤੀਆਂ। ਇਸ ਮੌਕੇ ਮੁੱਖ ਮੰਤਰੀ ਨੇ ਦੱਸਿਆ ਕਿ ਭਦੌੜ ਅਤੇ ਮਹਿਲ ਕਲਾਂ ਵਿਧਾਨ ਸਭਾ ਹਲਕਿਆਂ ਵਿੱਚ ਅੱਜ ਅੱਠ ਲਾਇਬ੍ਰੇਰੀਆਂ ਲੋਕਾਂ ਨੂੰ ਸਮਰਪਿਤ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਪਿੰਡ ਸ਼ਹਿਣਾ, ਧੌਲਾ, ਤਲਵੰਡੀ, ਮੱਝੂਕੇ, ਕੁਤਬਾ, ਦੀਵਾਨਾ, ਵਜੀਦਕੇ ਕਲਾਂ ਅਤੇ ਠੁੱਲ੍ਹੀਵਾਲ ਵਿਖੇ ਬਣੀਆਂ ਇਨ੍ਹਾਂ ਅੱਠ ਲਾਇਬ੍ਰੇਰੀਆਂ 'ਤੇ ਕੁੱਲ 2.80 ਕਰੋੜ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹਰੇਕ ਲਾਇਬ੍ਰੇਰੀ 35 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਗਈ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਧੁਨਿਕ ਬੁਨਿਆਦੀ ਢਾਂਚੇ ਨਾਲ ਲੈਸ ਇਨ੍ਹਾਂ ਲਾਇਬ੍ਰੇਰੀਆਂ ਵਿੱਚ ਕੰਪਿਊਟਰ, ਇੰਟਰਨੈੱਟ ਦੀ ਸਹੂਲਤ, ਮਿਆਰੀ ਸਾਹਿਤ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਕਿਤਾਬਾਂ ਮੁਹੱਈਆ ਕਰਵਾਈਆਂ ਗਈਆਂ ਹਨ। 
ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਲਾਇਬ੍ਰੇਰੀਆਂ ਨੇ ਵਿਦਿਆਰਥੀਆਂ ਵਿੱਚ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਨਵੀਂ ਉਮੀਦ ਜਗਾਈ ਹੈ। ਉਨ੍ਹਾਂ ਕਿਹਾ ਕਿ ਹੁਣ ਦੂਰ-ਦੁਰਾਡੇ ਦੇ ਪਿੰਡਾਂ ਦੇ ਵਿਦਿਆਰਥੀ ਆਪਣੇ ਪਿੰਡਾਂ ਵਿੱਚ ਰਹਿ ਕੇ ਕਿਤਾਬਾਂ ਰਾਹੀਂ ਦੁਨੀਆ ਭਰ ਦਾ ਗਿਆਨ ਹਾਸਲ ਕਰ ਸਕਦੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਲਾਇਬ੍ਰੇਰੀਆਂ ਵਿਦਿਆਰਥੀਆਂ ਦੇ ਬੌਧਿਕ ਪੱਧਰ ਉੱਚਾ ਚੁੱਕਣ ਅਤੇ ਉਨ੍ਹਾਂ ਦੇ ਮਿੱਥੇ ਟੀਚਿਆਂ ਨੂੰ ਹਾਸਲ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ।
ਮੁੱਖ ਮੰਤਰੀ ਨੇ ਉਮੀਦ ਪ੍ਰਗਟਾਈ ਕਿ ਇਹ ਪੇਂਡੂ ਲਾਇਬ੍ਰੇਰੀਆਂ ਸੂਬੇ ਵਿੱਚ ਵਿਕਾਸ ਅਤੇ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਸਾਰਥਕ ਰੂਪ ਵਿੱਚ ਸਹਾਈ ਹੋਣਗੀਆਂ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਸੂਬੇ ਦੇ ਨੌਜਵਾਨਾਂ ਵਿੱਚ ਪੜ੍ਹਨ ਦੀ ਰੁਚੀ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਨੌਜਵਾਨਾਂ ਨੂੰ ਸਮਰੱਥ ਬਣਾਉਣ ਅਤੇ ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਬਰਾਬਰ ਦੇ ਭਾਈਵਾਲ ਬਣਾਉਣ ਵਿੱਚ ਬਹੁਤ ਮਦਦ ਕਰੇਗਾ। ਭਗਵੰਤ ਸਿੰਘ ਮਾਨ ਨੇ ਉਮੀਦ ਪ੍ਰਗਟਾਈ ਕਿ ਇਹ ਲਾਇਬ੍ਰੇਰੀਆਂ ਨੌਜਵਾਨਾਂ ਦੀ ਤਕਦੀਰ ਬਦਲਣ ਵਿੱਚ ਮਾਰਗ ਦਰਸ਼ਨ ਕਰਨਗੀਆਂ ਅਤੇ ਸਾਡੇ ਨੌਜਵਾਨ ਅਫਸਰ, ਵਿਗਿਆਨੀ, ਡਾਕਟਰ, ਟੈਕਨੋਕਰੇਟ ਅਤੇ ਹੋਰ ਵੱਕਾਰੀ ਅਹੁਦਿਆਂ ’ਤੇ ਪਹੁੰਚ ਕੇ ਦੇਸ਼ ਦੀ ਸੇਵਾ ਕਰਨਗੇ।
ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਲਾਇਬ੍ਰੇਰੀਆਂ ਨੂੰ ਵਾਈ-ਫਾਈ, ਸੋਲਰ ਪਾਵਰ ਡਿਜੀਟਲ ਐਨਾਲੌਗ ਅਤੇ ਹੋਰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲਾਇਬ੍ਰੇਰੀਆਂ ਵਿੱਚ ਸਮਕਾਲੀ ਸਾਹਿਤ ਤੇ ਸਿਲੇਬਸ ਦੀਆਂ ਕਿਤਾਬਾਂ ਦੇ ਨਾਲ-ਨਾਲ ਵਿਸ਼ਵ ਸਾਹਿਤ ਦੀਆਂ ਕਿਤਾਬਾਂ ਹਨ, ਜੋ ਸਿੱਖਣ ਦਾ ਅਮੀਰ ਅਨੁਭਵ ਪ੍ਰਦਾਨ ਕਰਦੀਆਂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਲਾਇਬ੍ਰੇਰੀਆਂ ਗਿਆਨ ਅਤੇ ਸਾਹਿਤ ਦਾ ਸੱਚਾ ਖਜ਼ਾਨਾ ਹਨ। ਉਨ੍ਹਾਂ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਬਹੁਤ ਮਾਣ ਅਤੇ ਤਸੱਲੀ ਦੀ ਗੱਲ ਹੈ ਕਿ ਇਨ੍ਹਾਂ ਅਤਿ-ਆਧੁਨਿਕ ਲਾਇਬ੍ਰੇਰੀਆਂ ਵਿੱਚ ਵੱਖ-ਵੱਖ ਵਿਸ਼ਿਆਂ 'ਤੇ ਬੇਸ਼ਕੀਮਤੀ ਕਿਤਾਬਾਂ ਹਨ ਜਿਸ ਕਰਕੇ ਇਹ ਲਾਇਬ੍ਰੇਰੀਆਂ ਪੁਸਤਕ ਪ੍ਰੇਮੀਆਂ ਨੂੰ ਆਕਰਸ਼ਿਤ ਕਰਦੀਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਲਾਇਬ੍ਰੇਰੀਆਂ ਵਿੱਚ ਦੁਰਲੱਭ ਕਿਤਾਬਾਂ ਵੀ ਹਨ ਜੋ ਪੁਸਤਕਾਂ ਪੜ੍ਹਨ ਵਾਲਿਆਂ ਲਈ ਅਨਮੋਲ ਖਜ਼ਾਨਾ ਹੈ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਇਹ ਲਾਇਬ੍ਰੇਰੀਆਂ ਯਕੀਨਨ ਤੌਰ ’ਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਰੌਸ਼ਨ ਕਰਨਗੀਆਂ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਲਾਇਬ੍ਰੇਰੀਆਂ ਨੌਜਵਾਨਾਂ ਨੂੰ ਹਰੇਕ ਖੇਤਰ ਵਿੱਚ ਬੁਲੰਦੀਆਂ ਛੂਹਣ ਦੇ ਕਾਬਲ ਬਣਾਉਣਗੀਆਂ ਤਾਂ ਕਿ ਵੱਖ-ਵੱਖ ਖੇਤਰਾਂ ਵਿੱਚ ਸਿਖਰਲੇ ਸਥਾਨ ਹਾਸਲ ਕਰਨ ਲਈ ਪੰਜਾਬ ਤੋਂ ਹੀਰੇ ਪੈਦਾ ਕੀਤੇ ਜਾਣ।
ਇਸ ਤੋਂ ਪਹਿਲਾਂ ਵਿਧਾਇਕ ਹਲਕਾ ਭਦੌੜ ਸ. ਲਾਭ ਸਿੰਘ ਉੱਗੋਕੇ ਨੇ ਮੁੱਖ ਮੰਤਰੀ ਪੰਜਾਬ ਨੂੰ ਜੀ ਆਇਆਂ ਕਿਹਾ ਅਤੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਵਿਕਾਸ ਲਈ ਫੰਡਾਂ ਦੀ ਕੋਈ ਕਮੀਂ ਨਹੀਂ ਆਉਣ ਦਿੱਤੀ ਜਾ ਰਹੀ। ਓਨ੍ਹਾਂ ਕਿਹਾ ਕਿ ਉਨ੍ਹਾਂ ਦੇ ਹਲਕੇ ਲਈ ਮਾਣ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਪੰਜਾਬ ਖੁਦ ਲਾਇਬ੍ਰੇਰੀਆਂ ਦੇ ਉਦਘਾਟਨ ਲਈ ਪੁੱਜੇ ਹਨ। ਓਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਰਕਾਰੀ ਨੌਕਰੀਆਂ, ਮੁਫ਼ਤ ਬਿਜਲੀ, ਨਹਿਰੀ ਪਾਣੀ ਸਮੇਤ ਅਨੇਕ ਉਪਰਾਲੇ ਕੀਤੇ ਅਤੇ ਕਰੋੜਾਂ ਦੇ ਪ੍ਰੋਜੈਕਟ ਲਿਆਂਦੇ ਹਨ।
ਇਸ ਮਗਰੋਂ ਵਿਧਾਇਕ ਮਹਿਲ ਕਲਾਂ ਅਤੇ ਚੇਅਰਮੈਨ ਵਿਸ਼ੇਸ਼ ਅਧਿਕਾਰ ਕਮੇਟੀ ਵਿਧਾਨ ਸਭਾ ਸ. ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਜਿੱਥੇ ਵਿੱਦਿਆ ਦਾ ਚਾਨਣ ਹੈ ਓਥੇ ਖੁਸ਼ਹਾਲੀ ਹੋਵੇਗੀ ਹੀ, ਇਸ ਸਬੂਤ ਇਹ ਲਾਇਬ੍ਰੇਰੀਆਂ ਹਨ ਜਿਨ੍ਹਾਂ ਦਾ ਅੱਜ ਉਦਘਾਟਨ ਕੀਤਾ ਗਿਆ ਹੈ। ਓਨ੍ਹਾਂ ਕਿਹਾ ਕਿ ਨਹਿਰੀ ਪਾਣੀ ਅਤੇ ਮੁਫ਼ਤ ਬਿਜਲੀ ਨਾਲ ਸੂਬੇ ਦੇ ਕਿਸਾਨ ਭਰਾਵਾਂ ਨੂੰ ਕਰੋੜਾਂ ਦਾ ਫਾਇਦਾ ਹੋਇਆ ਹੈ।
ਇਸ ਮਗਰੋਂ ਸੰਬੋਧਨ ਕਰਦੇ ਹੋਏ ਸੰਸਦ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਨਹਿਰੀ ਪਾਣੀ ਅਤੇ ਖੇਡਾਂ ਦੇ ਖੇਤਰ ਵਿਚ ਵੱਡੇ ਉਪਰਾਲੇ ਕੀਤੇ ਹਨ ਅਤੇ ਕਰੋੜਾਂ ਦੇ ਫੰਡ ਦਿੱਤੇ ਹਨ।ਓਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਜਿੰਨੀਆਂ ਲਾਇਬ੍ਰੇਰੀਆਂ ਬਣਾਈਆਂ ਹਨ, ਏਨੀ ਗਿਣਤੀ ਵਿਚ ਕਿਸੇ ਸਰਕਾਰ ਵਿੱਚ ਨਹੀਂ ਬਣੀਆਂ। ਓਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਮੈਰਿਟ ਦੇ ਆਧਾਰ 'ਤੇ ਹਜ਼ਾਰਾਂ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਧਰਮਪਤਨੀ ਗੁਰਪ੍ਰੀਤ ਕੌਰ ਮਾਨ ਵੀ ਵਿਸ਼ੇਸ਼ ਤੌਰ 'ਤੇ ਪੁੱਜੇ। ਇਸ ਮੌਕੇ ਚੇਅਰਮੈਨ ਨਗਰ ਸੁਧਾਰ ਟਰੱਸਟ ਰਾਮ ਤੀਰਥ ਮੰਨਾ,  ਚੇਅਰਮੈਨ ਮਾਰਕੀਟ ਕਮੇਟੀ ਬਰਨਾਲਾ ਪਰਮਿੰਦਰ ਸਿੰਘ ਭੰਗੂ, ਚੇਅਰਮੈਨ ਮਾਰਕੀਟ ਕਮੇਟੀ ਤਪਾ ਗੁਰਪ੍ਰੀਤ ਸਿੰਘ ਕਾਹਨੇਕੇ, ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ, ਐੱਸ ਐੱਸ ਪੀ ਮੁਹੰਮਦ ਸਰਫ਼ਰਾਜ਼ ਆਲਮ, ਵਧੀਕ ਡਿਪਟੀ ਕਮਿਸ਼ਨਰ ਜਨਰਲ ਅਨੁਪ੍ਰਿਤਾ ਜੌਹਲ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸਤਵੰਤ ਸਿੰਘ, ਐੱਸ ਡੀ ਐਮ ਤਪਾ ਸਿਮਰਪ੍ਰੀਤ ਕੌਰ ਅਤੇ ਵੱਖ ਵੱਖ ਅਧਿਕਾਰੀ ਅਤੇ ਪਤਵੰਤ ਹਾਜ਼ਰ ਸਨ।


author

Hardeep Kumar

Content Editor

Related News