ਬੀਕੇਯੂ ਡਕੌਂਦਾ ਵੱਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਵਾ, ਸੜਕ ਦੀ ਤੁਰੰਤ ਮੁਰੰਮਤ ਦੀ ਮੰਗ
Friday, Jul 25, 2025 - 10:31 PM (IST)

ਮਹਿਲ ਕਲਾਂ (ਹਮੀਦੀ) ਹਲਕਾ ਮਹਿਲ ਕਲਾਂ ਦੇ ਪਿੰਡ ਟੱਲੇਵਾਲ ਤੋਂ ਗਹਿਲ ਨੂੰ ਜੋੜਨ ਵਾਲੀ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਅਧੀਨ ਬਣੀ ਸੜਕ ਦੀ ਬੇਹੱਦ ਖਰਾਬ ਹਾਲਤ ਕਾਰਨ ਅੱਜ ਇੱਕ ਪੀ.ਆਰ.ਟੀ.ਸੀ. ਬੱਸ ਖੇਤਾਂ ਵਿੱਚ ਡਿੱਗ ਗਈ। ਹਾਦਸਾ ਸ਼ਾਮ ਕਰੀਬ ਵਾਪਰਿਆ, ਜਦੋਂ ਬਰਨਾਲਾ ਤੋਂ ਜਗਰਾਉਂ ਜਾ ਰਹੀ ਬੱਸ ਅਚਾਨਕ ਟੇਢੀ ਹੋ ਗਈ। ਡਰਾਈਵਰ ਅਨੁਸਾਰ ਸੜਕ ਕਿਨਾਰੇ ਝੁਕੇ ਹੋਏ ਸਫੈਦੇ ਦੇ ਦਰੱਖਤਾਂ ਦੀਆਂ ਟਾਹਣੀਆਂ ਬੱਸ ਵਿੱਚ ਲੱਗ ਰਹੀਆਂ ਸਨ, ਜਿਸ ਕਾਰਨ ਸਾਹਮਣੇ ਤੋਂ ਆ ਰਹੀ ਗੱਡੀ ਨੂੰ ਰਸਤਾ ਦੇਣ ਵੇਲੇ ਬੱਸ ਖੇਤ ਵਾਲੀ ਸਾਈਡ ਹੋ ਗਈ ਅਤੇ ਟੇਢੀ ਹੋ ਕੇ ਡਿੱਗ ਪਈ। ਪਰ ਡਰਾਈਵਰ ਅਤੇ ਕੰਡਕਟਰ ਦੀ ਸਾਵਧਾਨੀ ਕਾਰਨ ਸਵਾਰੀਆਂ ਨੂੰ ਸੁਰੱਖਿਅਤ ਤਰੀਕੇ ਨਾਲ ਬਾਹਰ ਕੱਢ ਲਿਆ ਗਿਆ ਅਤੇ ਵੱਡੇ ਹਾਦਸੇ ਤੋਂ ਬਚਾਅ ਹੋ ਗਿਆ।ਬਾਅਦ ਵਿੱਚ ਪਿੰਡ ਦੇ ਲੋਕਾਂ ਦੀ ਮਦਦ ਨਾਲ ਬੱਸ ਨੂੰ ਸਿੱਧਾ ਕੀਤਾ ਗਿਆ। ਹਾਦਸਾ ਸਥਾਨ ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਜਸਵਿੰਦਰ ਸਿੰਘ ਜੱਸਾ, ਜਗਰੂਪ ਸਿੰਘ, ਗੁਰਸੇਵਕ ਸਿੰਘ, ਜੱਗਾ ਸਿੰਘ, ਦਲਜੀਤ ਸਿੰਘ ਤੇ ਗੁਰੀ ਸਿੰਘ ਆਦਿ ਨੇ ਮੌਕੇ 'ਤੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਗਟਾਇਆ। ਉਨ੍ਹਾਂ ਦੱਸਿਆ ਕਿ ਸੜਕ ਦਾ ਕਰੀਬ ਅੱਧਾ ਕਿਲੋਮੀਟਰ ਭਾਗ ਪਿਛਲੇ 4-5 ਸਾਲਾਂ ਤੋਂ ਖਸਤਾ ਹਾਲਤ ਵਿੱਚ ਹੈ। ਇੱਕ ਪਾਸੇ ਸੜਕ ਵਿਚ ਵੱਡੇ ਟੋਏ ਹਨ, ਤੇ ਦੂਜੇ ਪਾਸੇ ਦਰੱਖਤਾਂ ਦੀਆਂ ਟਾਹਣੀਆਂ ਆਵਾਜਾਈ ਲਈ ਖ਼ਤਰਾ ਬਣੀਆਂ ਹੋਈਆਂ ਹਨ। ਉਹਨਾਂ ਦੱਸਿਆ ਕਿ ਇਥੇ ਪਹਿਲਾਂ ਵੀ ਕਈ ਹਾਦਸੇ ਹੋ ਚੁੱਕੇ ਹਨ ਅਤੇ ਕੁਝ ਲੋਕ ਜਾਨ ਵੀ ਗਵਾ ਬੈਠੇ ਹਨ। ਜਥੇਬੰਦੀ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਤੁਰੰਤ ਸੜਕ ਦੀ ਮੁਰੰਮਤ ਅਤੇ ਦਰੱਖਤਾਂ ਦੀ ਛੰਟਾਈ ਨਾ ਕੀਤੀ ਗਈ, ਤਾਂ ਉਨ੍ਹਾਂ ਨੂੰ ਸੰਘਰਸ਼ ਦੀ ਰਾਹ ਪਾਉਣਾ ਪਵੇਗਾ।