ਲੁਧਿਆਣਾ ''ਚ ਚੋਰੀ! ਹੌਰਸ ਸ਼ੂ ਕੈਫੇ ਦੇ ਘੋੜਾ ਫਾਰਮ ਹਾਊਸ ''ਤੇ 7-8 ਬਦਮਾਸ਼ਾਂ ਨੇ ਕੀਤਾ ਹੱਥ ਸਾਫ
Friday, Mar 27, 2026 - 07:05 PM (IST)
ਲੁਧਿਆਣਾ (ਰਾਜ): ਨੂਰਪੁਰ ਬੇਟ ਵਿਚ ਸਥਿਤ ਇਕ ਨਾਮੀ ਘੋੜਾ ਫਾਰਮ ਹਾਊਸ 'ਹੌਰਸ ਸ਼ੂ ਕੈਫੇ' ਵਿਚ ਬਦਮਾਸ਼ਾਂ ਨੇ ਚੋਰੀ ਕਰ ਲਈ। ਕਰੀਬ 7 ਤੋਂ 8 ਨਕਾਬਪੋਸ਼ ਲੁਟੇਰਿਆਂ ਨੇ ਫਾਰਮ ਹਾਊਸ ਦੇ ਅੰਦਰ ਦਾਖ਼ਲ ਹੋ ਕੇ ਨਾ ਸਿਰਫ਼ ਕੀਮਤੀ ਸਾਮਾਨ 'ਤੇ ਹੱਥ ਸਾਫ਼ ਕੀਤਾ, ਸਗੋਂ ਆਪਣੀ ਪਛਾਣ ਛੁਪਾਉਣ ਲਈ ਬੜੀ ਚਲਾਕੀ ਨਾਲ ਸੀ.ਸੀ.ਟੀ.ਵੀ. ਕੈਮਰਿਆਂ ਦੀ ਰਿਕਾਰਡਿੰਗ ਵਾਲਾ ਡੀ.ਵੀ.ਆਰ. (DVR) ਵੀ ਨਾਲ ਲੈ ਗਏ। ਫਿਲਹਾਲ ਥਾਣਾ ਲਾਡੋਵਾਲ ਦੀ ਪੁਲਸ ਨੇ ਅਣਪਛਾਤੇ 7-8 ਹਮਲਾਵਰਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਇਲਾਕੇ ਵਿਚ ਲੱਗੇ ਹੋਰ ਰਸਤਿਆਂ ਦੇ ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਇਨ੍ਹਾਂ ਸ਼ਾਤਰ ਅਪਰਾਧੀਆਂ ਤੱਕ ਪਹੁੰਚਿਆ ਜਾ ਸਕੇ।
ਫਾਰਮ ਹਾਊਸ ਮਾਲਕ ਜੈਨਿੰਦਰ ਸਿੰਘ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਘਟਨਾ 19 ਮਾਰਚ ਦੀ ਹੈ। ਸ਼ਾਤਰ ਲੁਟੇਰਿਆਂ ਦਾ ਇਕ ਪੂਰਾ ਗਿਰੋਹ ਫਾਰਮ ਹਾਊਸ ਦੀ ਕੰਧ ਟੱਪ ਕੇ ਅੰਦਰ ਦਾਖ਼ਲ ਹੋਇਆ। ਬਦਮਾਸ਼ਾਂ ਨੇ ਉੱਥੇ ਖੜ੍ਹੇ ਟਰੈਕਟਰਾਂ ਦੀਆਂ ਬੈਟਰੀਆਂ, ਭਾਰੀ-ਭਰਕਮ ਜਨਰੇਟਰ ਦੀਆਂ ਬੈਟਰੀਆਂ ਅਤੇ ਇਨਵਰਟਰ ਸਮੇਤ ਬੈਟਰੀਆਂ ਪੁੱਟ ਲਈਆਂ। ਲੁਟੇਰਿਆਂ ਦੀ ਨਜ਼ਰ ਫਾਰਮ ਹਾਊਸ ਦੇ ਬਿਜਲੀ ਸਿਸਟਮ 'ਤੇ ਵੀ ਸੀ, ਜਿੱਥੋਂ ਉਹ ਮੇਨ ਮੀਟਰ ਦੀ ਕੇਬਲ ਦੇ ਭਾਰੀ-ਭਰਕਮ ਰੋਲ ਵੀ ਸਮੇਟ ਲੈ ਗਏ। ਇੰਨਾ ਹੀ ਨਹੀਂ, ਜਾਂਦੇ-ਜਾਂਦੇ ਲੁਟੇਰੇ ਘਰ ਦੇ ਅੰਦਰ ਰੱਖਿਆ ਕੁਝ ਕੀਮਤੀ ਘਰੇਲੂ ਸਾਮਾਨ ਵੀ ਬਟੋਰ ਲੈ ਗਏ। ਵਾਰਦਾਤ ਨੂੰ ਇੰਨੇ ਯੋਜਨਾਬੱਧ ਤਰੀਕੇ ਨਾਲ ਅੰਜਾਮ ਦਿੱਤਾ ਗਿਆ ਕਿ ਪੁਲਸ ਦੇ ਹੱਥ ਕੋਈ ਡਿਜੀਟਲ ਸੁਰਾਗ ਨਾ ਲੱਗੇ, ਇਸ ਦੇ ਲਈ ਬਦਮਾਸ਼ਾਂ ਨੇ ਸੀ.ਸੀ.ਟੀ.ਵੀ. ਕੈਮਰਿਆਂ ਨਾਲ ਛੇੜਛਾੜ ਕੀਤੀ ਅਤੇ ਡੀ.ਵੀ.ਆਰ. ਪੁੱਟ ਕੇ ਆਪਣੇ ਨਾਲ ਲੈ ਗਏ। ਸਵੇਰੇ ਜਦੋਂ ਕਰਮਚਾਰੀਆਂ ਨੇ ਫਾਰਮ ਹਾਊਸ ਦਾ ਨਜ਼ਾਰਾ ਦੇਖਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ।
