ਲੁਧਿਆਣਾ ''ਚ ਗੈਸ ਸਿਲੰਡਰਾਂ ਦੀ ਚੋਰੀ, ਬੰਦ ਪਏ ਘਰ ''ਚੋਂ ਕੀਮਤੀ ਸਾਮਾਨ ਲੈ ਗਏ ਚੋਰ
Monday, Mar 23, 2026 - 07:07 PM (IST)
ਲੁਧਿਆਣਾ (ਰਾਜ): ਸ਼ਹਿਰ ਵਿਚ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹਨ ਕਿ ਹੁਣ ਉਹ ਬੰਦ ਘਰਾਂ ਨੂੰ ਨਿਸ਼ਾਨਾ ਬਣਾਉਣ ਤੋਂ ਵੀ ਗੁਰੇਜ਼ ਨਹੀਂ ਕਰ ਰਹੇ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਦੁੱਗਰੀ ਸਥਿਤ ਇਕ ਘਰ ਵਿਚ ਦਾਖਲ ਹੋ ਕੇ ਚੋਰਾਂ ਨੇ ਨਕਦੀ, ਚਾਂਦੀ ਦੇ ਸਿੱਕੇ ਅਤੇ ਹੋਰ ਕੀਮਤੀ ਸਾਮਾਨ 'ਤੇ ਹੱਥ ਸਾਫ਼ ਕਰ ਦਿੱਤਾ। ਪੀੜਤ ਦੀ ਸ਼ਿਕਾਇਤ 'ਤੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਸ ਆਸ-ਪਾਸ ਦੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਤਾਂ ਜੋ ਮੁਲਜ਼ਮਾਂ ਤੱਕ ਪਹੁੰਚਿਆ ਜਾ ਸਕੇ।
ਪੁਲਸ ਨੂੰ ਦਿੱਤੇ ਬਿਆਨ ਵਿਚ ਅਭਿਸ਼ੇਕ ਭਗਤ ਨੇ ਦੱਸਿਆ ਕਿ ਘਟਨਾ 19 ਮਾਰਚ ਦੀ ਰਾਤ ਕਰੀਬ 1:20 ਵਜੇ ਦੀ ਹੈ। ਦੋ ਅਣਪਛਾਤੇ ਵਿਅਕਤੀ ਘਰ ਦੀ ਬਾਲਕੋਨੀ ਦੀ ਗਰਿੱਲ ਤੋੜ ਕੇ ਅੰਦਰ ਦਾਖਲ ਹੋਏ। ਚੋਰਾਂ ਨੇ ਬੜੇ ਆਰਾਮ ਨਾਲ ਪੂਰੇ ਘਰ ਨੂੰ ਖੰਗਾਲਿਆ ਅਤੇ ਕੀਮਤੀ ਸਾਮਾਨ ਇਕੱਠਾ ਕਰ ਲਿਆ। ਉਹ ਮੁੰਬਈ ਵਿਚ ਨੌਕਰੀ ਕਰਦਾ ਹੈ ਅਤੇ ਉਸ ਦੀ ਮਾਤਾ, ਸੁਰਿੰਦਰ ਭਗਤ, ਘਰ ਨੂੰ ਤਾਲਾ ਲਗਾ ਕੇ ਉਸ ਨੂੰ ਮਿਲਣ ਲਈ ਮੁੰਬਈ ਗਈ ਹੋਈ ਸੀ। ਘਰ ਬੰਦ ਹੋਣ ਦਾ ਫਾਇਦਾ ਉਠਾਉਂਦੇ ਹੋਏ ਸ਼ਾਤਰ ਚੋਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰ ਘਰ ਵਿਚੋਂ 3 ਗੈਸ ਸਿਲੰਡਰ ਅਤੇ ਪਿੱਤਲ ਦੇ ਬਰਤਨ, ਚਾਂਦੀ ਦੇ ਸਿੱਕੇ, ਮੂਰਤੀਆਂ ਅਤੇ ਚਾਂਦੀ ਦੇ ਗਿਲਾਸ, ਲੇਡੀਜ਼ ਕੱਪੜੇ ਅਤੇ ਮਹਿੰਗੀਆਂ ਘੜੀਆਂ, ਟੀ.ਵੀ. ਅਤੇ ਬਾਥਰੂਮ ਦੀਆਂ ਟੂਟੀਆਂ, ਬੈਂਕ ਦੀਆਂ ਚੈੱਕ ਬੁੱਕਾਂ, ਪਾਸ ਬੁੱਕਾਂ ਅਤੇ ਹੋਰ ਜ਼ਰੂਰੀ ਕਾਗਜ਼ਾਤ ਚੋਰੀ ਕਰ ਕੇ ਲੈ ਗਏ।
