ਲੁਧਿਆਣਾ ''ਚ ਨਸ਼ੇ ''ਚ ਟੁੰਨ ਕੁੜੀ-ਮੁੰਡੇ ਦੀ ਵੀਡੀਓ ਵਾਇਰਲ
Friday, Mar 27, 2026 - 01:11 PM (IST)
ਲੁਧਿਆਣਾ (ਤਰੁਣ): ਬੱਸ ਅੱਡੇ ਤੇ ਜਵਾਹਰ ਨਗਰ ਕੈਂਪ ਨੇੜੇ ਨਸ਼ੇ ਵਿਚ ਝੂੰਮਦੇ ਨਸ਼ੇੜੀ ਅਕਸਰ ਨਜ਼ਰ ਆਉਂਦੇ ਹਨ। ਕਈ ਵਾਰ ਕੁਝ ਨਸ਼ੇੜੀ ਅਖ਼ਬਾਰ ਦੀਆਂ ਸੁਰਖੀਆਂ ਬਣ ਚੁਕੇ ਹਨ, ਪਰ ਪੁਲਸ ਪ੍ਰਸ਼ਾਸਨ ਇਨ੍ਹਾਂ ਨੂੰ ਨੱਥ ਪਾਉਣ ਵਿਚ ਨਾਕਾਮ ਸਾਬਿਤ ਹੋ ਰਹੀ ਹੈ, ਜਦਕਿ ਮਹਾਨਗਰ ਦਾ ਸਭ ਤੋਂ ਵੱਡਾ ਪੁਲਸ ਫ਼ਲੈਗ ਮਾਰਚ ਵੀ ਇਸੇ ਇਲਾਕੇ ਵਿਚੋਂ ਕੱਢਿਆ ਜਾਂਦਾ ਹੈ।
ਜਾਣਕਾਰੀ ਮੁਤਾਬਕ, ਬੱਸ ਅੱਡੇ ਨੇੜੇ ਜਵਾਹਰ ਨਗਰ ਕੈਂਪ ਦੀ ਸੜਕ 'ਤੇ ਬੀਤੇ ਦਿਨੀਂ ਇਕ ਕੁੜੀ-ਮੁੰਡਾ ਨਸ਼ੇ ਦੀ ਹਾਲਤ ਵਿਚ ਝੂੰਮਦੇ ਦਿਖੇ। ਜਿਨ੍ਹਾਂ ਨੂੰ ਕਿਸੇ ਨੇ ਆਪਣੇ ਕੈਮਰੇ ਵਿਚ ਰਿਕਾਰਡ ਕਰ ਕੇ ਵਾਇਰਲ ਕਰ ਦਿੱਤਾ। ਕੁੜੀ ਮਹਿਜ਼ 18-20 ਸਾਲ ਤੇ ਮੁੰਡਾ 20-22 ਸਾਲਾਂ ਦਾ ਲੱਗਦਾ ਹੈ। ਇਨ੍ਹਾਂ ਬਾਰੇ ਜਦੋਂ ਉੱਥੇ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਬੱਸ ਅੱਡੇ ਤੇ ਜਵਾਹਰ ਨਗਰ ਕੈਂਪ ਨਸ਼ਾ ਤਸਕਰੀ ਦਾ ਅੱਡਾ ਹੈ। ਪੁਲਸ ਪ੍ਰਸ਼ਾਸਨ ਇਸ ਇਲਾਕੇ ਵਿਚ ਫ਼ਲੈਗ ਮਾਰਚ ਸ਼ੁਰੂ ਕਰ ਕੇ ਇਲਾਕੇ ਦੀ ਚੈਕਿੰਗ ਕਰਨਾ ਖਾਨਾਪੂਰਤੀ ਹੈ, ਜਦਕਿ ਸ਼ਰੇਆਮ ਇਸ ਇਲਾਕੇ ਵਿਚ ਨਸ਼ਾ ਵਿਕਣ ਦੇ ਨਾਲ ਨਸ਼ੇ ਦੀ ਵਰਤੋਂ ਸ਼ਰੇਆਮ ਸੜਕਾਂ ਤੇ ਪਾਰਕਾਂ ਵਿਚ ਹੁੰਦੀ ਹੈ।
ਇਸ ਸਬੰਧੀ ਥਾਣਾ ਡਵੀਜ਼ਨ ਨੰਬਰ 5 ਦੇ ਮੁਖੀ ਇੰਸਪੈਕਟਰ ਸੁਖਜਿੰਦਰ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਨੇ ਦੱਸਿਆ ਕਿ ਜਵਾਹਰ ਨਗਰ ਕੈਂਪ ਵਿਚ ਨਸ਼ਾ ਵੇਚਣ ਤੇ ਪੀਣ ਵਾਲਿਆਂ ਸਮੇਤ ਅਵਾਰਾਗਰਦੀ ਕਰਨ ਵਾਲੇ ਅਨਸਰਾਂ ਖ਼ਿਲਾਫ਼ ਪੁਲਸ ਰੋਜ਼ਾਨਾ ਕੇਸ ਦਰਜ ਕਰ ਰਹੀ ਹੈ। 'ਜਗ ਬਾਣੀ' ਤੋਂ ਉਨ੍ਹਾਂ ਨੂੰ ਨਸ਼ਾ ਕਰਨ ਵਾਲੇ ਕੁੜੀ-ਮੁੰਡੇ ਬਾਰੇ ਜਾਣਕਾਰੀ ਮਿਲੀ ਹੈ। ਨਸ਼ਾ ਕਰਨ ਵਾਲੇ ਮੁਲਜ਼ਮਾਂ ਨੂੰ ਕਾਬੂ ਕਰ ਕੇ ਕੇਸ ਦਰਜ ਕੀਤਾ ਜਾਵੇਗਾ।
