ਪੁੱਤ ਨੇ ਸਿਰ ’ਤੇ ਲੋਹੇ ਦੀ ਰਾਡ ਮਾਰ ਕੇ ਕੀਤਾ ਪਿਉ ਦਾ ਕਤਲ
Thursday, Oct 25, 2018 - 04:33 AM (IST)

ਕੋਟਕਪੂਰਾ, (ਨਰਿੰਦਰ)- ਸ੍ਰੀ ਮੁਕਤਸਰ ਸਾਹਿਬ ਰੋਡ ’ਤੇ ਪੈਂਦੇ ਮੁਹੱਲਾ ਸੁਰਗਾਪੁਰੀ ਵਿਖੇ ਘਰ ਦੇ ਬਟਵਾਰੇ ਕਰ ਕੇ ਹੋਏ ਝਗੜੇ ਦੌਰਾਨ ਪੁੱਤ ਵੱਲੋਂ ਲੋਹੇ ਦੀ ਰਾਡ ਮਾਰ ਕੇ ਆਪਣੇ ਪਿਉ ਦਾ ਕਤਲ ਕਰ ਦੇਣ ਦਾ ਪਤਾ ਲੱਗਾ ਹੈ। ਇਸ ਸਬੰਧੀ ਮ੍ਰਿਤਕ ਰਾਮ ਸਰੂਪ ਦੇ ਪੁੱਤਰ ਅੰਬੇਡਕਰ ਉਰਫ ਦੀਪਾ ਨੇ ਥਾਣਾ ਸਿਟੀ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੇ ਪਿਤਾ ਰਾਮ ਸਰੂਪ ਦੇ ਦੋ ਵਿਆਹ ਹੋਏ ਸਨ। ਉਨ੍ਹਾਂ ਦਾ ਪਹਿਲਾ ਵਿਆਹ ਮੋਨਾ ਦੇਵੀ ਨਾਲ ਹੋਇਆ ਸੀ ਅਤੇ ਉਨ੍ਹਾਂ ਦੇ ਚਾਰ ਬੱਚੇ ਇਕ ਲਡ਼ਕਾ (ਅੰਬੇਡਕਰ) ਅਤੇ ਤਿੰਨ ਲਡ਼ਕੀਆਂ ਸਨ, ਜਿਨ੍ਹਾਂ ’ਚ ਦੋ ਲਡ਼ਕੀਆਂ ਦੀ ਮੌਤ ਹੋ ਗਈ ਅਤੇ ਇਕ ਲਡ਼ਕੀ ਦਾ ਵਿਆਹ ਮੁਕਤਸਰ ਹੋ ਗਿਆ ਸੀ। ਅੰਬੇਡਕਰ ਨੇ ਦੱਸਿਆ ਕਿ ਉਸ ਦੀ ਮਾਤਾ ਦੀ ਮੌਤ ਹੋਣ ਤੋਂ ਬਾਅਦ ਉਸ ਦੇ ਪਿਤਾ ਨੇ ਦੂਜਾ ਵਿਆਹ ਨਿਰਮਲਾ ਦੇਵੀ ਨਾਲ ਕਰਵਾ ਲਿਆ ਸੀ, ਜਿਸ ਤੋਂ ਬਾਅਦ ਉਸ ਦੇ ਦੋ ਲਡ਼ਕੇ ਗੌਰਵ ਜਿੰਦਲ ਅਤੇ ਸੌਰਵ ਜਿੰਦਲ ਨੇ ਜਨਮ ਲਿਆ। ਉਨ੍ਹਾਂ ਦਾ ਸਾਰਾ ਪਰਿਵਾਰ ਸੁਰਗਾਪੁਰੀ ਵਿਖੇ ਇਕੱਠਾ ਹੀ ਰਹਿੰਦਾ ਸੀ। ਉਸ ਦਾ ਮਤਰੇਆ ਭਰਾ ਸੌਰਵ ਅਕਸਰ ਹੀ ਉਸ ਦੇ ਪਿਤਾ ਨੂੰ ਘਰ ਦੇ ਬਟਵਾਰੇ ਲਈ ਤੰਗ-ਪ੍ਰੇਸ਼ਾਨ ਕਰਦਾ ਰਹਿੰਦਾ ਸੀ, ਜਿਸ ਕਾਰਨ ਘਰ ਵਿਚ ਝਗਡ਼ਾ ਵੀ ਰਹਿੰਦਾ ਸੀ। ਅੰਬੇਡਕਰ ਕਿਹਾ ਕਿ ਸੌਰਵ ਕਈ ਵਾਰ ਆਪਣੇ ਪਿਤਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਸੀ। ਬੀਤੇ ਦਿਨ ਵੀ ਪਿਤਾ ਨਾਲ ਘਰ ਦੇ ਬਟਵਾਰੇ ਕਰ ਕੇ ਝਗਡ਼ਾ ਕੀਤਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗਾ ਤੇ ਉਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਸ ਦੇ ਬਾਵਜੂਦ ਸੌਰਵ ਨੇ ਘਰ ਵਿਚ ਪਈ ਇਕ ਲੋਹੇ ਦੀ ਰਾਡ ਨਾਲ ਕਥਿਤ ਤੌਰ ’ਤੇ ਪਿਤਾ ਰਾਮ ਸਰੂਪ ਉੱਪਰ ਹਮਲਾ ਕਰ ਦਿੱਤਾ। ਲੋਹੇ ਦੀ ਰਾਡ ਸਿਰ ਵਿਚ ਵੱਜਣ ਕਾਰਨ ਉਨ੍ਹਾਂ ਦੇ ਸਿਰ, ਕੰਨਾਂ ਅਤੇ ਮੂੰਹ ’ਚੋਂ ਖੂਨ ਨਿਕਲਣ ਲੱਗ ਪਿਆ। ਇਸ ਦੌਰਾਨ ਸੌਰਵ ਉੱਥੋ ਭੱਜ ਗਿਆ ਅਤੇ ਉਹ ਤੁਰੰਤ ਆਪਣੇ ਪਿਤਾ ਨੂੰ ਸਿਵਲ ਹਸਪਤਾਲ ਲੈ ਕੇ ਗਿਆ, ਜਿੱਥੇ ਡਾਕਟਰਾਂ ਨੇ ਨਾਜ਼ੁਕ ਹਾਲਤ ਨੂੰ ਵੇਖਦਿਅਾਂ ਉਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ, ਫਰੀਦਕੋਟ ਰੈਫਰ ਕਰ ਦਿੱਤਾ ਪਰ ਉੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਸੂਚਨਾ ਮਿਲਣ ’ਤੇ ਥਾਣਾ ਸਿਟੀ ਦੀ ਪੁਲਸ ਨੇ ਮੁਲਜ਼ਮ ਸੌਰਵ ਜਿੰਦਲ ਵਿਰੁੱਧ ਮਾਮਲਾ ਦਰਜ ਕਰ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।