ਸਮੱਗਲਰ ਨੇ ਤੋੜੀ ਏ. ਐੱਸ. ਆਈ. ਦੀ ਲੱਤ

Saturday, Nov 16, 2019 - 11:25 PM (IST)

ਸਮੱਗਲਰ ਨੇ ਤੋੜੀ ਏ. ਐੱਸ. ਆਈ. ਦੀ ਲੱਤ

ਪਟਿਆਲਾ,(ਬਲਜਿੰਦਰ)- ਥਾਣਾ ਪਸਿਆਣਾ ਅਧੀਨ ਪੈਂਦੀ ਰਾਮ ਨਗਰ ਚੌਕੀ ਦੇ ਏ. ਐੱਸ. ਆਈ. ਦੀ ਸ਼ਰਾਬ ਸਮੱਗਲਰ ਨੇ ਮੋਟਰਸਾਈਕਲ ਮਾਰ ਕੇ ਲੱਤ ਤੋੜ ਦਿੱਤੀ ਅਤੇ ਮੋਟਰਸਾਈਕਲ ਛੱਡ ਕੇ ਫਰਾਰ ਹੋ ਗਿਆ। ਪੁਲਸ ਨੇ ਮੋਟਰਸਾਈਕਲ 'ਤੇ ਰੱਖੇ ਕੈਨ ਵਿਚੋਂ 144 ਬੋਤਲਾਂ ਸ਼ਰਾਬ ਬਰਾਮਦ ਕੀਤੀ। ਸਮੱਗਲਰ ਦੀ ਪਛਾਣ ਜਗਦੀਸ਼ ਸਿੰਘ ਵਾਸੀ ਬਿਜਲਪੁਰ ਥਾਣਾ ਸਮਾਣਾ ਵਜੋਂ ਹੋਈ। ਪੁਲਸ ਨੇ ਜ਼ਖਮੀ ਏ. ਐੱਸ. ਆਈ. ਨਰਿੰਦਰ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਜਗਦੀਸ਼ ਸਿੰਘ ਖਿਲਾਫ ਕੇਸ ਦਰਜ ਕਰ ਕੇ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਏ. ਐੱਸ. ਆਈ. ਨਰਿੰਦਰ ਸਿੰਘ ਵੱਲੋਂ ਦਰਜ ਕਰਵਾਏ ਗਏ ਬਿਆਨਾਂ ਮੁਤਾਬਕ ਉਹ ਪੁਲਸ ਪਾਰਟੀ ਸਮੇਤ ਪਿੰਡ ਕਰਹਾਲੀ ਸਾਹਿਬ ਵਿਖੇ ਮੌਜੂਦ ਸੀ, ਜਿਥੇ ਸੂਚਨਾ ਮਿਲੀ ਕਿ ਉਕਤ ਵਿਅਕਤੀ ਮੋਟਰਸਾਈਕਲ 'ਤੇ ਭਾਰੀ ਮਾਤਰਾ ਵਿਚ ਸ਼ਰਾਬ ਲੈ ਕੇ ਆ ਰਿਹਾ ਹੈ। ਉਨ੍ਹਾਂ ਵੱਲੋਂ ਪੁਲਸ ਪਾਰਟੀ ਸਮੇਤ ਪੁਲੀ ਸੁਆ ਕਰਹਾਲੀ ਸਾਹਿਬ ਵਿਖੇ ਨਾਕਾਬੰਦੀ ਕਰ ਕੇ ਜਦੋਂ ਜਗਦੀਸ਼ ਸਿੰਘ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਮੋਟਰਸਾਈਕਲ ਤੇਜ਼ ਰਫਤਾਰ ਲਿਆ ਕੇ ਜਾਨੋਂ ਮਾਰਨ ਦੀ ਨੀਅਤ ਨਾਲ ਏ. ਐੱਸ. ਆਈ. ਨਰਿੰਦਰ ਸਿੰਘ ਵਿਚ ਮਾਰਿਆ, ਜਿਸ ਨਾਲ ਦੋਵੇਂ ਥੱਲੇ ਡਿੱਗ ਪਏ ਅਤੇ ਏ. ਐੱਸ. ਆਈ. ਨਰਿੰਦਰ ਸਿੰਘ ਦੀ ਗੋਡੇ ਤੋਂ ਥੱਲੇ ਲੱਤ ਟੁੱਟ ਗਈ ਅਤੇ ਜਗਦੀਸ਼ ਸਿੰਘ ਮੋਟਰਸਾਈਕਲ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ, ਏ. ਐੱਸ. ਆਈ. ਨਰਿੰਦਰ ਸਿੰਘ ਨੂੰ ਜ਼ਖਮੀ ਹਾਲਤ ਵਿਚ ਇਕ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।
ਇਸ ਸਬੰਧੀ ਐੱਸ. ਐੱਚ. ਓ. ਪਸਿਆਣਾ ਨੇ ਕਿਹਾ ਕਿ ਜਗਦੀਸ਼ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


author

Bharat Thapa

Content Editor

Related News