ਸਾਬਕਾ ਫ਼ੌਜੀ ਨੂੰ ਲੁੱਟਣ ਵਾਲੇ ਬਦਮਾਸ਼ ਚੜ੍ਹੇ ਪੁਲਸ ਹੱਥੇ, ਪੀੜਤ ਨੂੰ ਧਮਕਾ ਕੇ ਉਸਦੀ ਹੀ ਕਾਰ ''ਚ ਬਣਾਇਆ ਸੀ ਬੰਧਕ

Sunday, Dec 22, 2024 - 07:01 AM (IST)

ਸਾਬਕਾ ਫ਼ੌਜੀ ਨੂੰ ਲੁੱਟਣ ਵਾਲੇ ਬਦਮਾਸ਼ ਚੜ੍ਹੇ ਪੁਲਸ ਹੱਥੇ, ਪੀੜਤ ਨੂੰ ਧਮਕਾ ਕੇ ਉਸਦੀ ਹੀ ਕਾਰ ''ਚ ਬਣਾਇਆ ਸੀ ਬੰਧਕ

ਮੋਹਾਲੀ (ਸੰਦੀਪ) : ਇਕ ਸਾਬਕਾ ਫੌਜੀ ਨੂੰ ਸੜਕ ਵਿਚਕਾਰ ਜ਼ਬਰਦਸਤੀ ਰੋਕ ਕੇ ਹਥਿਆਰਾਂ ਦੇ ਦਮ ’ਤੇ ਉਸਦੀ ਹੀ ਕਾਰ ਵਿਚ ਬੰਧਕ ਬਣਾ ਕੇ ਲੁੱਟ-ਖੋਹ ਕਰਨ ਵਾਲੇ 3 ਮੁਲਜ਼ਮਾਂ ਨੂੰ ਥਾਣਾ ਸੋਹਾਣਾ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਹਰਜਿੰਦਰ ਸਿੰਘ ਵਾਸੀ ਅਮਰਗੜ੍ਹ, ਲਵਪ੍ਰੀਤ ਸਿੰਘ ਫਰੀਦਕੋਟ ਅਤੇ ਲਵੀ ਵਾਸੀ ਮੁਕਤਸਰ ਵਜੋਂ ਹੋਈ ਹੈ। ਪੁਲਸ ਨੇ ਮੁਲਜ਼ਮਾਂ ਕੋਲੋਂ 3 ਨਾਜਾਇਜ਼ ਪਿਸਤੌਲ ਅਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀ ਗਈ ਵਰਨਾ ਕਾਰ ਵੀ ਬਰਾਮਦ ਕੀਤੀ ਹੈ। ਪੁਲਸ ਨੇ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰ ਲਿਆ ਹੈ । ਪੁਲਸ ਵਾਰਦਾਤ ਨੂੰ ਲੈ ਕੇ ਉਨ੍ਹਾਂ ਤੋਂ ਪੁੱਛਗਿੱਛ ਕਰਨ ਵਿਚ ਜੁਟੀ ਹੈ। ਥਾਣਾ ਸੋਹਾਣਾ ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਪੀੜਤ ਤੋਂ ਗੂਗਲ ਪੇ ਦੇ ਜ਼ਰੀਏ 95 ਹਜ਼ਾਰ ਰੁਪਏ ਦੀ ਰਕਮ ਆਪਣੇ ਖਾਤੇ ਵਿਚ ਟਰਾਂਸਫਰ ਕਰਵਾਈ ਸੀ। ਡੀ. ਐੱਸ. ਪੀ. ਸਿਟੀ 2 ਹਰਸਿਮਰਨ ਸਿੰਘ ਬੱਲ, ਸੋਹਾਣਾ ਥਾਣਾ ਇੰਚਾਰਜ ਸਿਮਰਨ ਸਿੰਘ, ਸਨੇਟਾ ਚੌਕੀ ਦੇ ਇੰਚਾਰਜ ਬਲਜਿੰਦਰ ਸਿੰਘ ਦੀ ਟੀਮ ਨੇ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।

ਪੁਲਸ ਨੇ ਭਾਰਤੀ ਫੌਜ ’ਚੋਂ ਹੌਲਦਾਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਅੰਬਾਲਾ ਵਾਸੀ 54 ਸਾਲਾ ਸਾਬਕਾ ਫੌਜੀ ਅਸਕਰਨਜੀਤ ਸਿੰਘ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਨੇ ਹਥਿਆਰਾਂ ਦੀ ਨੋਕ ’ਤੇ ਅਸਕਰਨਜੀਤ ਸਿੰਘ ਨੂੰ ਉਸਦੀ ਹੀ ਕਾਰ ਵਿਚ ਬੰਧਕ ਬਣਾ ਕੇ ਚੱਲਦੀ ਕਾਰ ’ਚੋਂ ਨਕਦੀ, ਜ਼ਰੂਰੀ ਦਸਤਾਵੇਜ਼ ਤੇ ਹੋਰ ਕੀਮਤੀ ਸਾਮਾਨ ਲੁੱਟ ਲਿਆ। ਇਸ ਤੋਂ ਇਲਾਵਾ ਬਦਮਾਸ਼ਾਂ ਨੇ ਮੋਬਾਈਲ ਤੋਂ ਗੂਗਲ ਪੇ ਦਾ ਪਾਸਵਰਡ ਲੈ ਕੇ ਉਨ੍ਹਾਂ ਦੇ ਖਾਤੇ ਤੋਂ ਪੈਸੇ ਟਰਾਂਸਫਰ ਕਰਵਾਏ। ਇਸ ਘਟਨਾ ਤੋਂ ਡਰੇ ਹੋਏ ਅਸਕਰਨਜੀਤ ਸਿੰਘ ਨੇ 12 ਦਿਨਾਂ ਤੱਕ ਆਪਣੇ ਨਾਲ ਵਾਪਰੀ ਇਸ ਘਟਨਾ ਦਾ ਕਿਸੇ ਕੋਲ ਜ਼ਿਕਰ ਨਹੀਂ ਕੀਤਾ। ਜਦੋਂ ਉਸ ਨੇ ਹਿੰਮਤ ਕੀਤੀ ਤਾਂ ਉਸ ਨੇ ਸਾਰੀ ਘਟਨਾ ਆਪਣੀ ਪਤਨੀ ਕੁਲਵਿੰਦਰ ਕੌਰ ਨੂੰ ਦੱਸੀ ਅਤੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਹੁਣ ਇਸ ਸਬੰਧੀ ਥਾਣਾ ਸੋਹਾਣਾ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਜਲਦਬਾਜ਼ੀ ’ਚ ਸ਼ਤਾਬਦੀ ਐਕਸਪ੍ਰੈੱਸ ’ਚ ਔਰਤ ਭੁੱਲ ਗਈ ਬੈਗ, ਟਿਕਟ ਚੈੱਕਰ ਨੇ ਲੱਭ ਕੇ ਦਿੱਤਾ ਵਾਪਸ

ਇਸ ਤਰ੍ਹਾਂ ਦਿੱਤਾ ਘਟਨਾ ਨੂੰ ਅੰਜਾਮ
ਪੁਲਸ ਵੱਲੋਂ ਦਰਜ ਕੀਤੇ ਮਾਮਲੇ ਅਨੁਸਾਰ 3 ਦਸੰਬਰ ਨੂੰ ਰਾਤ ਕਰੀਬ 10:45 ਵਜੇ ਅਸਕਰਨਜੀਤ ਸਿੰਘ ਆਪਣੀ ਕਾਰ ਤੋਂ ਸਨੇਟਾ ਸਥਿਤ ਆਪਣੇ ਫੌਜੀ ਢਾਬੇ ਤੋਂ ਖਾਣਾ ਖਾ ਕੇ ਮੋਹਾਲੀ ਦੇ ਸੈਕਟਰ-104 ਤੋਂ ਹੁੰਦੇ ਹੋਏ ਘਰ ਵਾਪਸ ਅੰਬਾਲਾ ਜਾ ਰਿਹਾ ਸੀ। ਉਹ ਲਾਂਡਰਾਂ-ਬਨੂੜ ਰੋਡ ’ਤੇ ਜਾ ਰਿਹਾ ਸੀ ਕਿ ਅਚਾਨਕ ਕਾਰ ’ਚ ਆਏ ਤਿੰਨ ਨੌਜਵਾਨਾਂ ਨੇ ਉਸਦੀ ਕਾਰ ਨੂੰ ਰੋਕ ਲਿਆ। ਕਾਰ ਤੋਂ ਹੇਠਾਂ ਉਤਰੇ ਤਿੰਨਾਂ ਵਿਚੋਂ ਇਕ ਨੇ ਹੱਥ ਵਿਚ ਪਿਸਤੌਲ ਫੜੀ ਹੋਈ ਸੀ ਜਦਕਿ ਬਾਕੀਆਂ ਦੇ ਹੱਥਾਂ ਵਿਚ ਡੰਡੇ ਸਨ। ਮੁਲਜ਼ਮਾਂ ਨੇ ਅਸਕਰਨਜੀਤ ਨੂੰ ਕਾਰ ਵਿਚੋਂ ਬਾਹਰ ਕੱਢ ਲਿਆ, ਧਮਕੀਆਂ ਦਿੱਤੀਆਂ ਅਤੇ ਕਾਰ ਦੀ ਪਿਛਲੀ ਸੀਟ ’ਤੇ ਬਿਠਾ ਲਿਆ। ਇਸ ਤੋਂ ਬਾਅਦ ਚੱਲਦੀ ਕਾਰ ਵਿਚ ਉਸ ਨੂੰ ਲੁੱਟ ਲਿਆ ਗਿਆ।

ਇੰਨਾ ਹੀ ਨਹੀਂ ਗੂਗਲ ਪੇ ਦੇ ਜ਼ਰੀਏ 95,500 ਰੁਪਏ ਵੀ ਲੁਟੇਰਿਆਂ ਨੇ ਖਾਤਿਆਂ ’ਚ ਟਰਾਂਸਫਰ ਕਰਵਾ ਲਏ। ਬਦਮਾਸ਼ਾਂ ਨੇ ਪਹਿਲਾਂ ਉਸ ਦਾ ਪਰਸ ਖੋਹ ਲਿਆ, ਜਿਸ ਵਿਚ 5500 ਰੁਪਏ ਨਕਦ, ਡਰਾਈਵਿੰਗ ਲਾਇਸੈਂਸ, ਆਧਾਰ ਕਾਰਡ ਅਤੇ ਕਾਰ ਦੇ ਦਸਤਾਵੇਜ਼ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਉਸ ਦਾ ਮੋਬਾਈਲ ਫੋਨ ਖੋਹ ਲਿਆ ਅਤੇ ਗੂਗਲ ਪੇਅ ਦਾ ਪਾਸਵਰਡ ਮੰਗਿਆ ਅਤੇ ਉਸ ਦੇ ਖਾਤੇ ਵਿਚੋਂ 40 ਹਜ਼ਾਰ ਰੁਪਏ ਟਰਾਂਸਫਰ ਕਰ ਲਏ। ਇੰਨਾ ਹੀ ਨਹੀਂ ਬਦਮਾਸ਼ਾਂ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਅਤੇ ਹੋਰ ਪੈਸਿਆਂ ਦਾ ਇੰਤਜ਼ਾਮ ਕਰਨ ਲਈ ਕਿਹਾ। ਇਸ ਡਰ ਕਾਰਨ ਅਸਕਰਨਜੀਤ ਨੇ ਆਪਣੇ ਜੀਜਾ ਸਰਨਾਮ ਸਿੰਘ ਤੋਂ 50,000 ਰੁਪਏ ਆਪਣੇ ਖਾਤੇ ਵਿਚ ਟਰਾਂਸਫਰ ਕਰਵਾਏ, ਜੋ ਬਦਮਾਸ਼ਾਂ ਨੇ ਤੁਰੰਤ ਗੂਗਲ ਪੇਅ ਤੋਂ ਕਢਵਾ ਲਏ।

ਰਾਤ ਕਰੀਬ 11:57 ਵਜੇ ਮੁਲਜ਼ਮਾਂ ਨੇ ਉਸਦਾ ਫੋਨ ਰੀਸੈਟ ਕਰਕੇ ਵਾਪਸ ਕਰ ਦਿੱਤਾ ਅਤੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਘਟਨਾ ਬਾਰੇ ਕਿਸੇ ਨੂੰ ਦੱਸਿਆ ਤਾਂ ਉਸ ਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਇਆ ਜਾਵੇਗਾ। ਮੁਲਜ਼ਮ ਅਸਕਰਨਜੀਤ ਸਿੰਘ ਨੂੰ ਸੀਪੀ 67 ਮਾਲ ਰੋਡ ’ਤੇ ਛੱਡ ਕੇ ਭੱਜ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News