ਚੋਰੀ ਦੀਆਂ ਵਾਰਦਾਤਾਂ ਦੇ ਖ਼ਿਲਾਫ਼ ਵਕੀਲ ਭਾਈਚਾਰੇ ਨੇ ਐੱਸ.ਡੀ.ਐੱਮ ਦਫ਼ਤਰ ਮੋਹਰੇ ਦਿੱਤਾ ਰੋਸ ਧਰਨਾ

1/12/2021 12:59:45 PM

ਜਲਾਲਾਬਾਦ(ਸੇਤੀਆ, ਸੁਮਿਤ, ਟੀਨੂੂੰ,ਸੰਧੂ): ਸ਼ਹਿਰ ਦੇ ਤਹਿਸੀਲ ਕੰਪਲੈਕਸ ’ਚ ਪਿਛਲੇ ਕੁਝ ਦਿਨਾਂ ਤੋਂ ਚੋਰੀ ਦੀਆਂ ਵੱਧ ਰਹੀਆਂ ਵਾਰਦਾਤਾਂ ਦੇ ਖ਼ਿਲਾਫ਼ ਅੱਜ ਬਾਰ ਐਸੋਸੀਏਸ਼ਨ ਜਲਾਲਾਬਾਦ ਵਲੋਂ ਐੱਸ.ਡੀ.ਐੱਮ ਦਫ਼ਤਰ ਮੋਹਰੇ ਰੋਸ ਧਰਨਾ ਦਿੱਤਾ ਗਿਆ ਤੇ ਚੋਰਾਂ ਨੂੰ ਫੜ੍ਹਣ ਤੇ ਤਹਿਸੀਲ ’ਚ ਸੁਰੱਖਿਆ ਪ੍ਰਬੰਧਾਂ ਨੂੰ ਪੁਖਤਾ ਕਰਨ ਦੀ ਮੰਗ ਰੱਖੀ ਗਈ।

ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰੋਹਿਤ ਦਹੂਜਾ ਤੇ ਸੈਕਟਰੀ ਵਿਸ਼ਾਲ ਸੇਤੀਆ ਨੇ ਦੱਸਿਆ ਕਿ ਤਹਿਸੀਲ ਕੰਪਲੈਕਸ ’ਚ ਪਿਛਲੇ ਦਿਨਾਂ ਤੋਂ ਲਗਾਤਾਰ ਵਕੀਲ ਭਾਈਚਾਰੇ ਦੇ ਚੈਂਬਰਾਂ ਤੇ ਚੋਰੀਆਂ ਹੋ ਰਹੀਆਂ ਹਨ ਅਤੇ ਜਿਸ ਦੇ ਰੋਸ ਵਜੋਂ ਬਾਰ ਐਸੋਸੀਏਸ਼ਨ ਵਲੋਂ ਧਰਨਾ ਦਿੱਤਾ ਜਾ ਰਿਹਾ ਹੈ ਅਤੇ ਨਾਲ ਕੰਮ-ਕਾਜ ਠੱਪ ਰੱਖ ਕੇ ਹੜਤਾਲ ਵੀ ਕੀਤੀ ਗਈ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਚੋਰਾਂ ਨੂੰ ਜਲਦੀ ਫੜਿ੍ਹਆ ਜਾਵੇ ਨਹੀਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਬਾਰ ਆਗੂਆਂ ਨੇ ਕਿਹਾ ਕਿ ਜੇਕਰ ਤਹਿਸੀਲ ਕੰਪਲੈਕਸ ’ਚ ਸੁਰੱਖਿਆ ਪ੍ਰਬੰਧ ਨਹੀਂ ਹਨ ਤਾਂ ਫਿਰ ਆਮ ਲੋਕਾਂ ਲਈ ਸੁਰੱਖਿਆ ਦਾ ਹਾਲ ਕਿਸ ਤਰ੍ਹਾਂ ਹੋਵੇਗਾ। ਉਨ੍ਹਾਂ ਕਿਹਾ ਕਿ ਪੁਲਸ ਪ੍ਰਸ਼ਾਸਨ ਦਾ ਧਿਆਨ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਵੱਲ ਨਹੀਂ ਹੈ ਅਤੇ ਜਿਸ ਦੇ ਸਿੱਟੇ ਵਜੋਂ ਹਲਕੇ ਅੰਦਰ ਚੋਰੀ ਦੀਆਂ ਵਾਰਦਾਤਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ।  

ਇਥੇ ਦੱਸਣਯੋਗ ਹੈ ਕਿ ਬੀਤੀ ਰਾਤ ਤਹਿਸੀਲ ਕੰਪਲੈਕਸ ’ਚ ਵਕੀਲ ਜਗਜੀਤ ਸਿੰਘ ਤੇ ਅਸ਼ੋਕ ਕੰਬੋਜ ਦੇ ਚੈਂਬਰਾਂ ’ਚ ਚੋਰਾਂ ਨੇ ਧਾਵਾ ਬੋਲਦੇ ਹੋਏ ਇਨਵਰਟਰ ਤੇ ਬੈਟਰੇ ਚੋਰੀ ਕਰ ਲਈ ਇਸ ਤੋਂ ਪਹਿਲਾਂ ਅਨੀਸ਼ ਗਗਨੇਜਾ ਵਕੀਲ, ਅਮਰਜੀਤ ਸਿੰਘ ਟਾਇਪੀਸਟ ਤੇ ਬਲਵੰਤ ਮੁਜੈਦੀਆ ਵਕੀਲ ਦੇ ਚੈਂਬਰਾਂ ’ਚ ਵੀ ਇਨਵਰਟਰ ਬੈਟਰੀਆਂ ਦੀ ਵੀ ਚੋਰੀ ਹੋ ਚੁੱਕੀ ਹੈ ਅਤੇ ਇਹ ਤਹਿਸੀਲ ਕੰਪਲੈਕਸ ’ਚ ਚੋਰੀ ਦੀ ਤੀਜੀ ਵਾਰਦਾਤ ਹੈ।  ਉਧਰ ਐੱਸ.ਡੀ.ਐੱਮ ਦਾ ਕਹਿਣਾ ਹੈ ਕਿ ਉਨ੍ਹਾਂ ਡੀ.ਐੱਸ.ਪੀ ਜਲਾਲਾਬਾਦ ਨੂੰ ਨਿਰਦੇਸ਼ ਦਿੱਤੇ ਕਿ ਕਚਹਿਰੀ ’ਚ ਸੁਰੱਖਿਆ ਵਜੋਂ ਗਾਰਡ ਤੈਨਾਤ ਕੀਤੇ ਜਾਣ ਤੇ ਜਲਦੀ ਹੀ ਤਹਿਸੀਲ ’ਚ ਦੋ ਗਾਰਡ ਤੈਨਾਤ ਹੋਣਗੇ।  


Aarti dhillon

Content Editor Aarti dhillon