ਨਿੱਜਰ ਨੇ ਵਪਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ, ਜਲਦੀ ਹੱਲ ਕਰਵਾਉਣ ਦਿੱਤਾ ਭਰੋਸਾ
Friday, Jan 02, 2026 - 07:40 PM (IST)
ਅੰਮ੍ਰਿਤਸਰ, (ਸਰਬਜੀਤ)-ਢਾਬ ਵਸਤੀ ਰਾਮ ਵਿੱਚ ਹਲਕਾ ਦੱਖਣੀ ਟ੍ਰੇਡ ਵਿੰਗ ਦੇ ਕੋਆਰਡੀਨੇਟਰ ਵਨੀਤ ਅਨੇਜਾ ਵੱਲੋਂ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕਰਵਾਇਆ ਗਿਆ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਹਲਕਾ ਦੱਖਣੀ ਤੋਂ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਨੇ ਸ਼ਿਰਕਤ ਕੀਤੀ। ਡਾ. ਨਿੱਜਰ ਨੇ ਜਿਥੇ ਇਲਾਕੇ ਦੇ ਵਪਾਰੀਆਂ ਦੀਆਂ ਸਮੱਸਿਆਵਾਂ ਧਿਆਨ ਨਾਲ ਸੁਣੀਆਂ ਉੱਥੇ ਹੀ ਉਹਨਾਂ ਹਰ ਮੁੱਦੇ ਨੂੰ ਗੰਭੀਰਤਾ ਨਾਲ ਨੋਟ ਲੈਂਦਿਆਂ ਉਸ ਦਾ ਹੱਲ ਕਰਵਾਉਣ ਦਾ ਪੂਰਾ ਵਿਸ਼ਵਾਸ ਦਿੱਤਾ।
ਪ੍ਰੋਗਰਾਮ ਦੌਰਾਨ ਢਾਬ ਵਸਤੀ ਰਾਮ ਦੀ ਸਮੂਹ ਐਸੋਸੀਏਸ਼ਨ ਵੱਲੋਂ ਇਲਾਕੇ ਨਾਲ ਸੰਬੰਧਿਤ ਵੱਖ-ਵੱਖ ਮੁੱਦੇ, ਜਿਵੇਂ ਕਿ ਬੁਨਿਆਦੀ ਸੁਵਿਧਾਵਾਂ ਦੀ ਘਾਟ, ਵਪਾਰ ਨਾਲ ਜੁੜੀਆਂ ਦਿਕ਼ਤਾਂ ਅਤੇ ਹੋਰ ਲੋਕਹਿਤੀ ਸਮੱਸਿਆਵਾਂ ਵਿਧਾਇਕ ਡਾ. ਨਿੱਜਰ ਦੇ ਸਾਹਮਣੇ ਰੱਖੀਆਂ ਗਈਆਂ। ਡਾ. ਨਿੱਜਰ ਨੇ ਭਰੋਸਾ ਦਿਵਾਇਆ ਕਿ ਲੋਕਾਂ ਅਤੇ ਵਪਾਰੀਆਂ ਦੀਆਂ ਸਮੱਸਿਆਵਾਂ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇਗਾ ਅਤੇ ਸੰਬੰਧਿਤ ਵਿਭਾਗਾਂ ਨਾਲ ਤਾਲਮੇਲ ਕਰਕੇ ਠੋਸ ਕਦਮ ਚੁੱਕੇ ਜਾਣਗੇ।
ਇਸ ਮੌਕੇ ਮਨਪ੍ਰੀਤ ਸਿੰਘ , ਨਵਨੀਤ ਸ਼ਰਮਾ , ਵਨੀਤ ਅਨੇਜਾ (ਪ੍ਰਧਾਨ), ਰਵੀ ਕੁਮਾਰ (ਵਾਈਸ ਪ੍ਰਧਾਨ), ਸੁਰਜੀਤ ਸਿੰਘ (ਚੇਅਰਮੈਨ), ਸੁਰਿੰਦਰ ਸਿੰਘ (ਵਾਈਸ ਚੇਅਰਮੈਨ), ਰੋਮਿਲਦੀਪ ਸਿੰਘ (ਸਕੱਤਰ), ਗੁਰਪ੍ਰੀਤ ਸਿੰਘ ਚਾਹਤ ਸਮੇਤ ਹੋਰ ਕਈ ਆਗੂ ਅਤੇ ਇਲਾਕੇ ਦੇ ਵਪਾਰੀ ਵੀ ਹਾਜ਼ਰ ਸਨ।
