ਸੂਏ ''ਚ ਡੁੱਬਣ ਕਾਰਨ ਨੌਜਵਾਨ ਦੀ ਮੌਤ

06/17/2019 10:16:02 AM

ਤਪਾ ਮੰਡੀ(ਸ਼ਾਮ,ਗਰਗ) : ਧਿੰਗੜ-ਆਲੀਕੇ ਵਿਚਕਾਰ 15 ਫੁੱਟ ਡੂੰਘੇ ਸੂਏ 'ਚ ਡਿੱਗੇ ਨੌਜਵਾਨ ਦੀ ਲਾਸ਼ 5 ਘੰਟਿਆਂ ਦੀ ਭਾਲ ਤੋਂ ਬਾਅਦ ਮਿਲ ਗਈ ਹੈ। ਇਸ ਗੱਲ ਦੀ ਪੁਸ਼ਟੀ ਕਰਦਿਆਂ ਥਾਣਾ ਮੁੱਖੀ ਮਲਕੀਤ ਸਿੰਘ ਚੀਮਾ ਨੇ ਦੱਸਿਆ ਕਿ ਨੌਜਵਾਨ ਦੀ ਲਾਸ਼ ਪਾਣੀ ਦਾ ਵਹਾਅ ਘੱਟਣ ਕਾਰਨ ਮਿੱਟੀ ਵਿਚ ਦਬ ਗਈ ਸੀ, ਜਿਸ ਨੂੰ ਬਠਿੰਡਾ ਤੋਂ ਆਈ ਐੈੱਨ.ਡੀ.ਆਰ.ਐੈੱਫ ਦੀ ਟੀਮ ਨੇ ਬਾਹਰ ਕੱਢਿਆ। ਉਨ੍ਹਾਂ ਦੱਸਿਆ ਕਿ ਲਾਸ਼ ਮਿੱਟੀ 'ਚ ਦੱਬਣ ਕਾਰਨ ਉਸ ਨੂੰ ਜੀਵ-ਜੰਤੂ ਵੀ ਪੈ ਗਏ ਸਨ। ਮ੍ਰਿਤਕ ਦੇ ਪਿਤਾ ਲੀਲਾ ਸਿੰਘ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਲੀ ਭੇਜ ਦਿੱਤੀ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸੁਖਪ੍ਰੀਤ ਸਿੰਘ (22) ਪੁੱਤਰ ਲੀਲਾ ਸਿੰਘ ਸਰਕਾਰੀ ਹਸਪਤਾਲ 'ਚ ਪਰਚੀਆਂ ਕੱਟਣ ਦਾ ਕੰਮ ਕਰਦਾ ਸੀ। ਉਹ ਅਪਣੇ ਦੋ ਹੋਰ ਸਾਥੀਆਂ ਨਾਲ ਐਤਵਾਰ ਦੁਪਹਿਰ 1 ਵਜੇ ਦੇ ਕਰੀਬ ਧਿੰਗੜ-ਆਲੀਕੇ ਨੂੰ ਜਾਂਦੇ ਸੂਏ 'ਚ ਨਹਾਉਣ ਗਿਆ ਸੀ। ਇਨ੍ਹਾਂ ਵਿਚੋਂ ਇਕ ਨੌਜਵਾਨ ਨੇ ਸੂਬੇ ਵਿਚ ਨਹਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਬਾਕੀ ਦੋਵੇਂ ਨਹਾਉਣ ਲੱਗ ਪਏ। ਇਸ ਦੌਰਾਨ ਸੁਖਪ੍ਰੀਤ ਸਿੰਘ ਅਤੇ ਉਸ ਦਾ ਸਾਥੀ ਪਾਣੀ ਵਿਚ ਡੁੱਬਣ ਲੱਗ ਪਏ, ਜਿਸ ਨੂੰ ਦੇਖ ਕੇ ਬਾਹਰ ਖੜ੍ਹੇ ਨੌਜਵਾਨ ਨੇ ਰੌਲਾ ਪਾ ਦਿੱਤਾ। ਰੌਲਾ ਸੁਣਦੇ ਹੀ ਆਸ-ਪਾਸ ਦੇ ਖੇਤਾਂ ਵਿਚ ਵਿਚ ਝੋਨਾ ਲਾਉਂਦੇ ਕਿਸਾਨਾਂ ਅਤੇ ਮਜ਼ਦੂਰਾਂ ਨੇ ਤੁਰੰਤ ਸੂਏ ਵਿਚ ਛਾਲ ਮਾਰ ਕੇ ਇਕ ਨੌਜਵਾਨ ਨੂੰ ਤਾਂ ਬਾਹਰ ਕੱਢ ਲਿਆ ਪਰ ਸੁਖਪ੍ਰੀਤ ਸਿੰਘ (22) ਸੂਏ 'ਚ ਡੁੱਬ ਗਿਆ, ਜਿਸ ਦੀ ਬਠਿੰਡਾ ਤੋਂ ਆਈ ਐੈੱਨ.ਡੀ.ਆਰ.ਐੈੱਫ. ਦੀ ਟੀਮ ਦੀ ਮਦਦ ਨਾਲ 5 ਘੰਟਿਆਂ ਦੀ ਭਾਲ ਤੋਂ ਬਾਅਦ ਲਾਸ਼ ਬਰਾਮਦ ਕੀਤੀ ਗਈ।


cherry

Content Editor

Related News