ਦੇਸੀ ਸਬਜ਼ੀਆਂ ਦੇ ਨਾਂ ''ਤੇ ਪਰੋਸਿਆ ਜਾ ਰਿਹੈ ਮਿੱਠਾ ਜ਼ਹਿਰ
Thursday, Jun 11, 2020 - 06:21 PM (IST)
ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ(ਸੁਖਪਾਲ ਢਿੱਲੋਂ/ਪਵਨ ਤਨੇਜਾ) - ਸੂਬੇ ਅੰਦਰ ਪਹਿਲਾਂ ਹੀ ਦੇਸ਼ ਦੇ ਬਾਕੀ ਸੂਬਿਅਾਂ ਨਾਲੋਂ ਵਧੇਰੇ ਰਸਾਇਣਕ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੀ ਫਸਲਾਂ 'ਤੇ ਅੰਨੇਵਾਹ ਵਰਤੋਂ ਕੀਤੀ ਜਾ ਰਹੀ ਹੈ। ਫਸਲਾਂ ਦਾ ਝਾੜ ਤਾਂ ਭਾਵੇਂ ਵੱਧ ਜਾਂਦਾ ਹੈ, ਪਰ ਇਹ ਰੁਝਾਨ ਮਨੁੱਖੀ ਸਿਹਤ ਲਈ ਬਹੁਤ ਖਤਰਨਾਕ ਅਤੇ ਮਾੜਾ ਹੈ। ਕਿਉਕਿ ਇਹਨਾਂ ਜ਼ਹਿਰਾਂ ਨਾਲ ਮਨੁੱਖਾਂ ਨੂੰ ਬੇਹੱਦ ਖਤਰਨਾਕ ਬਿਮਾਰੀਆਂ ਚਿੰਬੜਦੀਆਂ ਹਨ। ਜਦ ਤੋਂ ਕੀਟਨਾਸ਼ਕ ਦਵਾਈਆਂ ਅਤੇ ਰਸਾਇਣਕ ਖਾਦਾਂ ਦੀ ਵਰਤੋਂ ਵਿਚ ਵਾਧਾ ਹੋਇਆ ਹੈ, ਉਦੋਂ ਤੋਂ ਹੀ ਕੈਂਸਰ ਅਤੇ ਕਾਲੇ ਪੀਲੀਏ ਵਰਗੀਆਂ ਬਿਮਾਰੀਆਂ ਵਿਚ ਵਾਧਾ ਹੋਇਆ ਹੈ। ਹਾਰਟ ਅਟੈਕ ਹੋ ਰਹੇ ਹਨ ਤੇ ਨਿੱਤ-ਰੋਜ਼ ਹੋਰ ਨਵੀਆਂ ਤੋਂ ਨਵੀਆਂ ਬਿਮਾਰੀਆਂ ਲੋਕਾਂ ਨੂੰ ਚਿੰਬੜਦੀਆਂ ਜਾ ਰਹੀਅਾਂ ਹਨ। ਸ਼ਹਿਰਾਂ ਅਤੇ ਮੰਡੀਆਂ ਵਿਚ ਜੋ ਸਬਜੀਆਂ ਅਤੇ ਫਲ ਲੋਕਾਂ ਨੂੰ ਪਰੋਸੇ ਜਾ ਰਹੇ ਹਨ, ਉਹਨਾਂ ਨੂੰ ਵੀ ਜ਼ਹਿਰਾਂ ਦੀ ਵਰਤੋਂ ਕਰਕੇ ਤਿਆਰ ਕੀਤਾ ਜਾ ਰਿਹਾ ਹੈ ਤੇ ਇਹੋ ਸਬਜ਼ੀਆਂ ਹੀ ਪਿੰਡਾਂ ਵਿਚ ਘੜੁਕਿਆਂ ਵਾਲੇ, ਟੈਂਪੂਆਂ ਵਾਲੇ ਅਤੇ ਸਾਇਕਲਾਂ ਆਦਿ ਵਾਲੇ ਲਈ ਫਿਰਦੇ ਹਨ। ਅਜਿਹਾ ਕੁਝ ਖਾਹ ਕੇ ਮਨੁੱਖ ਤੰਦਰੁਸਤ ਕਿੱਥੋਂ ਰਹੇਗਾ।
ਲੋਕਾਂ ਨੂੰ ਕੁਝ ਆਸ ਉਮੀਦ ਸੀ ਕਿ ਪਿੰਡਾਂ ਵਿਚ ਠੇਕੇ 'ਤੇ ਜਮੀਨਾਂ ਲੈ ਕੇ ਜਿਹੜੇ ਲੋਕ ਸਬਜ਼ੀਆਂ ਲਾਈ ਬੈਠੇ ਹਨ ਅਤੇ ਸੜਕਾਂ ਕਿਨਾਰੇ ਬੈਠ ਕੇ ਵੇਚ ਰਹੇ ਹਨ। ਉਹ ਸਬਜੀਆਂ ਬਹੁਤ ਵਧੀਆ ਹਨ, ਦੇਸੀ ਹਨ ਤੇ ਬਿਨਾਂ ਖਾਦ ਅਤੇ ਬਿਨਾਂ ਕੀਟਨਾਸ਼ਕ ਦਵਾਈਆਂ ਤੋਂ ਤਿਆਰ ਕੀਤੀਆਂ ਜਾ ਰਹੀਆਂ ਹਨ। ਪਰ ਜੋ ਹੁਣ ਵੇਖਣ-ਸੁਨਣ ਨੂੰ ਮਿਲ ਰਿਹਾ ਹੈ, ਲੋਕਾਂ ਦੀ ਇਸ ਉਮੀਦ 'ਤੇ ਵੀ ਪਾਣੀ ਫਿਰ ਗਿਆ ਹੈ। ਕਿਉਕਿ ਇਹਨਾਂ ਵਿਚੋਂ ਵੀ ਬਹੁਤੇ ਲੋਕ ਦੇਸੀ ਸਬਜ਼ੀਆਂ ਦੇ ਨਾਮ ਹੇਠ ਭੋਲੇ-ਭਾਲੇ ਲੋਕਾਂ ਨੂੰ ਮਿੱਠਾ ਜ਼ਹਿਰ ਪਰੋਸ ਰਹੇ ਹਨ।
ਵੱਡੇ ਪੱਧਰ 'ਤੇ ਖਾਦਾਂ ਤੇ ਕੀਟਨਾਸ਼ਕ ਦਵਾਈਆਂ ਦੀ ਕੀਤੀ ਜਾ ਰਹੀ ਹੈ ਵਰਤੋਂ
ਜਿਕਰਯੋਗ ਹੈ ਕਿ ਸਬਜ਼ੀਆਂ ਤਿਆਰ ਕਰਨ ਵਾਸਤੇ ਵੱਡੇ ਪੱਧਰ 'ਤੇ ਖਾਦਾਂ ਦੀ ਵਰਤੋਂ ਸਬਜ਼ੀਆਂ ਲਗਾਉਣ ਵਾਲੇ ਕਰਦੇ ਹਨ ਅਤੇ ਹਰ ਰੋਜ਼ ਕੀਟਨਾਸ਼ਕ ਦਵਾਈਆਂ ਦਾ ਸਬਜੀਆਂ 'ਤੇ ਸਪਰੇਅ ਕਰਦੇ ਹਨ। ਅਜਿਹਾ ਹਰੀਆਂ ਸਬਜ਼ੀਆਂ ਨੂੰ ਛੇਤੀ ਪਕਾਉਣ ਅਤੇ ਜਲਦੀ ਵੱਡਾ ਕਰਨ ਲਈ ਕੀਤਾ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਮੋਨੋ ਸਪਰੇਅ ਜੋ ਬੇਹੱਦ ਜ਼ਹਿਰੀਲੀ ਅਤੇ ਖਤਰਨਾਕ ਹੈ, ਦੀ ਵਰਤੋਂ ਜ਼ਿਆਦਾ ਕੀਤੀ ਜਾ ਰਹੀ ਹੈ। ਇਹਨਾਂ ਜ਼ਹਿਰਾਂ ਨਾਲ ਕੱਦੂ, ਅੱਲਾਂ, ਤੋਰੀਆਂ, ਪੇਠਾ, ਭਿੰਡੀ, ਗੁਆਰਾ, ਬੈਂਗਣ, ਖੀਰੇ, ਵੰਗੇ ਅਤੇ ਟਮਾਟਰ ਆਦਿ ਕੁਝ ਦਿਨਾਂ 'ਚ ਹੀ ਤਿਆਰ ਹੋ ਜਾਂਦੇ ਹਨ, ਪਰ ਅਜਿਹੀਆਂ ਸਬਜ਼ੀਆਂ ਨੂੰ ਖਾਣ ਵਾਲੇ ਲੋਕ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਆਮ ਲੋਕਾਂ ਦਾ ਕਹਿਣਾ ਹੈ ਕਿ ਇਹ ਰੁਝਾਨ ਬਹੁਤ ਮਾੜਾ ਹੈ। ਵੱਧ ਪੈਸੇ ਦੇ ਲਾਲਚ ਵਿਚ ਲੋਕਾਂ ਨੂੰ ਜ਼ਹਿਰ ਨਹੀ ਪਰੋਸਿਆ ਜਾਣਾ ਚਾਹੀਦਾ।
ਸਬਜ਼ੀਆਂ ਲਗਾਉਣ ਵਾਲਿਆਂ ਦਾ ਪੱਖ
ਜਦੋਂ ਸਬਜ਼ੀਆਂ ਲਗਾਉਣ ਵਾਲੇ ਇਕ ਵਿਅਕਤੀ ਨਾਲ ਇਸ ਸਬੰਧੀ ਗੱਲਬਾਤ ਕੀਤੀ ਗਈ ਕਿ ਸਬਜ਼ੀਆਂ ਤਿਆਰ ਕਰਨ ਵਾਸਤੇ ਜ਼ਿਆਦਾ ਜ਼ਹਿਰਾਂ ਦੀ ਵਰਤੋਂ ਕਿਉ ਕੀਤੀ ਜਾ ਰਹੀ ਹੈ ਤਾਂ ਉਹਨਾਂ ਆਪਣਾ ਪੱਖ ਦੱਸਿਆ ਕਿ ਜੇਕਰ ਕੀਟਨਾਸ਼ਕ ਦਵਾਈ ਨਾ ਛਿੜਕਾਂਗੇ ਤਾਂ ਫੇਰ ਸਬਜ਼ੀਆਂ ਨੂੰ ਸੁੰਡੀ ਖਾਹ ਜਾਂਦੀ ਆ।
ਗੰਦੇ ਨਾਲੇ ਦੇ ਜ਼ਹਿਰੀਲੇ ਤੇ ਕਾਲੇ ਪਾਣੀ ਨਾਲ ਵੀ ਸਬਜ਼ੀਆਂ ਹੁੰਦੀਆ ਹਨ ਤਿਆਰ
ਸ੍ਰੀ ਮੁਕਤਸਰ ਸਾਹਿਬ ਖੇਤਰ ਦੇ ਲੋਕਾਂ ਦੀ ਇਕ ਹੋਰ ਤ੍ਰਾਸਦੀ ਵੀ ਹੈ ਕਿ ਮੁਕਤਸਰ ਤੋਂ ਕੱਚਾ ਭਾਗਸਰ ਰੋਡ, ਬੱਲਮਗੜ ਰੋਡ ਅਤੇ ਕੁਝ ਹੋਰ ਖੇਤਰਾਂ ਵਿਚ ਸੀਵਰੇਜ਼ ਦੇ ਗੰਦੇ, ਕਾਲੇ ਅਤੇ ਜ਼ਹਿਰੀਲੇ ਪਾਣੀ ਨਾਲ ਬਹੁਤ ਤਰ੍ਹਾਂ ਦੀਆਂ ਸਬਜ਼ੀਆਂ ਪਕਾਈਆਂ ਜਾ ਰਹੀਆਂ ਹਨ। ਜਿਸ ਗੰਦੇ ਨਾਲੇ ਦੇ ਪਾਣੀ ਨਾਲ ਇਹ ਸਬਜ਼ੀਆਂ ਤਿਆਰ ਹੁੰਦੀਆਂ ਹਨ, ਉਸ ਵਿਚ ਸਾਰੇ ਸ਼ਹਿਰ ਦਾ ਗੰਦ ਡਿੱਗਦਾ ਹੈ ਤੇ ਕਈ ਫੈਕਟਰੀਆਂ ਦਾ ਜ਼ਹਿਰੀਲਾ ਪਾਣੀ। ਪਰ ਸਬਜ਼ੀਆਂ ਤਿਆਰ ਕਰਨ ਵਾਲਿਆਂ
ਨੂੰ ਰੋਕਣ ਵਾਲਾ ਕੋਈ ਨਹੀ ਅਤੇ ਇਸ ਤਰੀਕੇ ਨਾਲ ਦਰਜਨਾਂ ਏਕੜ ਜ਼ਮੀਨ ਵਿਚ ਸਬਜ਼ੀਆਂ ਦੀ ਕਾਸ਼ਤ ਹੁੰਦੀ ਹੈ।
ਜਿੰਮੇਵਾਰੀ ਤੋਂ ਭੱਜ ਰਿਹਾ ਹੈ ਸਿਹਤ ਵਿਭਾਗ ਤੇ ਪ੍ਰਸ਼ਾਸ਼ਨ
ਪਿਛਲੇ ਕਈ ਸਾਲਾਂ ਤੋਂ ਗੰਦੇ ਪਾਣੀ ਨਾਲ ਸਬਜ਼ੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ ਅਤੇ ਅਜਿਹਾ ਹੀ ਚੱਲ ਰਿਹਾ ਹੈ। ਪਰ ਨਾ ਤਾਂ ਪ੍ਰਸ਼ਾਸ਼ਨ ਤੇ ਸਿਹਤ ਵਿਭਾਗ ਨੇ ਕੋਈ ਧਿਆਨ ਦਿੱਤਾ ਹੈ ਤੇ ਨਾ ਹੀ ਕਿਸੇ ਸਮਾਜ ਸੇਵੀ ਸੰਸਥਾ ਨੇ। ਜੇਕਰ ਵੇਖਿਆ ਜਾਵੇ ਤਾਂ ਸਿਹਤ ਵਿਭਾਗ ਅਤੇ ਪ੍ਰਸ਼ਾਸ਼ਨ ਆਪਣੀ ਜਿੰਮੇਵਾਰੀ ਤੋਂ ਪੂਰੀ ਤਰ੍ਹਾਂ ਭੱਜ ਰਿਹਾ ਹੈ ਤੇ ਕਦੇ ਵੀ ਇਸ ਪਾਸੇ ਧਿਆਨ ਨਹੀ ਦਿੱਤਾ। ਜਦੋਂ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ।
ਲੋਕ ਖੁਦ ਤਿਆਰ ਕਰਨ ਸਬਜੀਆਂ
ਇਸ ਮਸਲੇ ਦਾ ਕੋਈ ਹੱਲ ਨਹੀ ਜਾਪਦਾ। ਬਸ ਇਕੋ ਗੱਲ ਹੈ ਕਿ ਲੋੜ ਅਨੁਸਾਰ ਲੋਕ ਆਪਣੇ ਘਰਾਂ ਵਿਚ ਹੀ ਬਿਨਾਂ ਖਾਦਾਂ ਅਤੇ ਬਿਨਾਂ ਸਪਰੇਆਂ ਤੋਂ ਹਰੀਆਂ ਸਬਜ਼ੀਆਂ ਤਿਆਰ ਕਰਨ ਅਤੇ ਜ਼ਹਿਰਾਂ ਵਾਲੀਆਂ ਸਬਜੀਆਂ ਖਾਣ ਤੋਂ ਬਚਣ। ਕੁਝ ਲੋਕ ਜਾਗਰੂਕ ਹੋ ਗਏ ਹਨ ਤੇ ਹੁਣ ਬਹੁਤ ਸਾਰੇ ਲੋਕ ਆਪਣੇ ਘਰਾਂ ਵਿਚ ਕਈ ਤਰ੍ਹਾਂ ਦੀਆਂ ਸਬਜ਼ੀਆਂ ਲਗਵਾ ਰਹੇ ਹਨ, ਜੋ ਚੰਗੀ ਗੱਲ ਹੈ। ਜੇਕਰ ਸਾਰੇ ਲੋਕ ਥੋੜੀ-ਥੋੜੀ ਸਬਜੀ ਆਪ ਹੀ ਤਿਆਰ ਕਰਨ ਲੱਗ ਪੈਣ ਤਾਂ ਇਹਨਾ ਜ਼ਹਿਰੀਲੀਆਂ ਸਬਜੀਆਂ ਤੋਂ ਬਚਿਆ ਜਾ ਸਕਦਾ ਹੈ ਤੇ ਮਨੁੱਖਾਂ ਨੂੰ ਲੱਗਣ ਵਾਲੀਆਂ ਭਿਆਨਕ ਬਿਮਾਰੀਆਂ ਤੋਂ ਵੀ ਕੁਝ ਹੱਦ ਤੱਕ ਬਚਾਅ ਹੋ ਸਕਦਾ ਹੈ।