ਅੰਧਵਿਸ਼ਵਾਸ ਜਾਂ ਸੱਚਾਈ : ਇਹ ’ਮਾਸੂਮ ਬਾਬਾ’ ਸਿਰ ’ਤੇ ਹੱਥ ਫੇਰ ਕੇ ਕਰਦਾ ਹੈ ਦੁੱਖ ਦੂਰ

09/02/2019 6:23:08 PM

ਫਾਜ਼ਿਲਕਾ : ਫਾਜ਼ਿਲਕਾ ਜ਼ਿਲੇ ਦੇ ਪਿੰਡ ਅੱਚਾਡਿੱਕੀ ’ਚ ਲਗਭਗ ਸਾਢੇ ਤਿੰਨ ਸਾਲ ਦੇ ਬੱਚੇ ਤੋਂ ਆਸ਼ੀਰਵਾਦ ਲੈਣ ਦੀ ਹੋੜ ਲੱਗੀ ਹੋਈ ਹੈ। ਆਸ਼ੀਰਵਾਦ ਲੈਣ ਦਾ ਇਹ ਮੇਲਾ ਪਿਛਲੇ ਦੋ ਮਹੀਨਿਆਂ ਤੋਂ ਚੱਲ ਰਿਹਾ ਹੈ ਤੇ ਉਤਰ ਭਾਰਤ ਤੋਂ ਆਸ਼ੀਰਵਾਦ ਲੈਣ ਲਈ ਲੋਕ ਇਥੇ ਪਹੁੰਚ ਰਹੇ ਹਨ। ਲੋਕਾਂ ਦਾ ਦਾਅਵਾ ਹੈ ਕਿ ਕੈਂਸਰ ਵਰਗੀਆਂ ਬਿਮਾਰੀਆਂ ਸਾਢੇ ਤਿੰਨ ਸਾਲ ਦੇ ਬਾਬੇ ਦਾ ਆਸ਼ੀਰਵਾਦ ਲੈਣ ਨਾਲ ਠੀਕ ਹੋ ਰਹੀਆਂ ਹਨ।

ਜਾਣਕਾਰੀ ਮੁਤਾਬਕ ਅੱਚਾਡਿੱਕੀ ਦਾ ਸਾਢੇ ਤਿੰਨ ਸਾਲ ਦਾ ਬਾਬਾ ਜਿਸ ਵਿਅਕਤੀ ਦੇ ਸਿਰ ’ਤੇ ਹੱਥ ਫੇਰਦਾ ਹੈ ਤਾਂ ਉਸ ਵਿਅਕਤੀ ਦੀਆਂ ਸਾਰੀਆਂ ਬੀਮਾਰੀਆਂ ਠੀਕ ਹੋ ਜਾਂਦੀਆਂ ਹਨ ਤੇ ਬੀਮਾਰ ਵਿਅਕਤੀ ਨੂੰ ਪੰਜ ਵਾਰ ਸਿਰ ’ਤੇ ਬਾਬੇ ਦਾ ਹੱਥ ਫਿਰਾਉਣਾ ਪੈਂਦਾ ਹੈ। ਇੰਨਾ ਹੀ ਨਹੀਂ ਇਸ ਦੇ ਲਈ ਬੀਮਾਰ ਵਿਅਕਤੀ ਨੂੰ 5 ਦਿਨ ਲਗਾਤਾਰ ਨਹੀਂ ਸਗੋਂ ਇਕ-ਦੋ ਦਿਨ ਛੱਡ ਕੇ ਆਉਣਾ ਪੈਂਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੋਕਾਂ ਨੇ ਦੱਸਿਆ ਕਿ ਸਭ ਤੋਂ ਪਹਿਲਾਂ 10 ਰੁਪਏ ਦੀ ਬੂੰਦੀ ਦਾ ਪ੍ਰਸ਼ਾਦ ਕਮਰੇ ’ਚ ਰੱਖੀਆਂ ਦੋ ਮੂਰਤੀਆਂ ਨੂੰ ਚੜਾਉਣਾ ਹੁੰਦਾ ਹੈ ਤੇ ਲੰਬੀਆਂ-ਲੰਬੀਆਂ ਲਾਈਨਾਂ ਦੇ ਕਾਰਨ ਇਸ ਪ੍ਰਕਿਰਿਆ ਦੇ ਪੂਰੇ ਹੋਣ ’ਚ 2-3 ਘੰਟੇ ਦਾ ਸਮਾਂ ਲੱਗ ਜਾਂਦਾ ਹੈ। ਜੋ ਲੋਕ ਪ੍ਰਸ਼ਾਦ ਚੜਾ ਚੁਕੇ ਹੁੰਦੇ ਹਨ, ਉਹ ਲੋਕ ਬਾਬੇ ਦੇ ਘਰ ਦੇ ਵਿਹੜੇ ’ਚ ਜਾ ਕੇ ਬੈਠ ਜਾਂਦੇ ਹਨ ਤੇ ਸਾਢੇ 3 ਸਾਲ ਦੇ ਬਾਬੇ ਦਾ ਇੰਤਜ਼ਾਰ ਕਰਦੇ ਹਨ। ਬਾਬੇ ਨੂੰ ਗੋਦ ’ਚ ਲਿਆਇਆ ਜਾਂਦਾ ਹੈ ਤੇ ਉਹ ਬਾਰੀ-ਬਾਰੀ ਸਭ ਦੇ ਸਿਰ ’ਤੇ ਹੱਥ ਫੇਰਦਾ ਰਹਿੰਦਾ ਹੈ। ਇਸ ਕਾਰਨ ਪਿੰਡ ’ਚ ਵੀ ਸਵੇਰ ਤੋਂ ਹੀ ਰੌਣਕਾਂ ਲੱਗ ਜਾਂਦੀਆਂ ਹਨ ਤੇ ਦੂਰ-ਦੂਰ ਤੋਂ ਲੋਕ ਇਥੇ ਪਹੁੰਚਦੇ ਹਨ। ਇਹ ਸਭ ਕੁੱਝ ਪਿਛਲੇ 2 ਮਹੀਨਿਆਂ ਤੋਂ ਲਗਾਤਾਰ ਚੱਲ ਰਿਹਾ ਹੈ।

ਇਸ ਦੀ ਅਸਲ ਕਹਾਣੀ ਕੀ ਹੈ ਇਹ ਤਾਂ ਨਹੀਂ ਪਤਾ ਪਰ ਸੁਣਿਆ ਹੈ ਕਿ ਇਸ ਪਿੰਡ ’ਚ ਇਕ ਵਿਅਕਤੀ ਕਾਫੀ ਬਿਮਾਰ ਸੀ। ਉਸ ਦਾ ਇਸ ਬਾਬੇ ਦੇ ਘਰ ’ਚ ਆਉਣਾ ਜਾਣਾ ਸੀ ਤੇ ਉਹ ਹੌਲੀ-ਹੌਲੀ ਠੀਕ ਹੋਣ ਲੱਗ ਗਿਆ। ਜਿਸ ਤੋਂ ਬਾਅਦ ਉਸ ਦੇ ਠੀਕ ਹੋਣ ਦੀ ਵਜ੍ਹਾ ਤਲਾਸ਼ੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਸਾਢੇ 3 ਸਾਲ ਦੇ ਬਾਬੇ ਵਲੋਂ ਉਕਤ ਵਿਅਕਤੀ ਦੇ ਸਿਰ ’ਤੇ ਹੱਥ ਫੇਰਨ ਤੋਂ ਬਾਅਦ ਉਸ ਦੀ ਬੀਮਾਰੀ ਠੀਕ ਹੁੰਦੀ ਗਈ ਸੀ। ਸਾਢੇ 3 ਸਾਲਾ ਬਾਬੇ ਦੀ ਫੋਟੋ ਨਹੀਂ ਲਈ ਜਾ ਸਕਦੀ ਤੇ ਨਾ ਹੀ ਕੋਈ ਵੀਡੀਓ ਬਣਾ ਸਕਦਾ ਹੈ। ਬਾਬੇ ਦੇ ਪਰਿਵਾਰ ਵਾਲੇ ਤੇ ਸੇਵਾਦਾਰ ਵਾਰ-ਵਾਰ ਚਿਤਾਵਨੀ ਦਿੰਦੇ ਹਨ ਕਿ ਜੇਕਰ ਕਿਸੇ ਨੇ ਅਜਿਹਾ ਕੀਤਾ ਤਾਂ ਉਸ ਦਾ ਮੋਬਾਇਲ/ਕੈਮਰਾ ਜ਼ਬਤ ਕਰ ਲਿਆ ਜਾਵੇਗਾ।

ਦੂਜੇ ਪਾਸੇ ਇਲਾਕੇ ’ਚ ਹੋ ਰਹੇ ਇਸ ਮੇਲੇ ਦਾ ਪ੍ਰਸ਼ਾਸਨ ਵੀ ਨੋਟਿਸ ਲੈ ਰਿਹਾ ਹੈ। ਅਬੋਹਰ ਦੇ ਐੱਸ.ਡੀ.ਐੱਮ. ਪੂਰਨ ਸਿੰਘ ਨੇ ਲੋਕਾਂ ਨੂੰ ਅਜਿਹੇ ਅੰਧ-ਵਿਸ਼ਵਾਸ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਐੱਸ.ਡੀ.ਐੱਮ. ਮੁਤਾਬਕ ਮੀਡੀਆ ਦੇ ਜਰੀਏ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਆਇਆ ਹੈ ਤੇ ਹੁਣ ਵਿਸ਼ੇਸ਼ ਪੈਨਲ ਗਠਨ ਕੀਤਾ ਗਿਆ ਹੈ, ਜੋ ਇਸ ਦੀ ਜਾਂਚ ਪੜਤਾਲ ਕਰੇਗਾ। 


Baljeet Kaur

Content Editor

Related News