ਵਿਆਹੁਤਾ ਨੂੰ ਆਤਮ-ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ ’ਚ ਪਤੀ ਨੂੰ 4 ਸਾਲ ਦੀ ਕੈਦ ਅਤੇ ਜੁਰਮਾਨਾ
Friday, Nov 23, 2018 - 12:03 AM (IST)
ਮੋਗਾ, (ਸੰਦੀਪ)- ਜ਼ਿਲਾ ਅਤੇ ਵਧੀਕ ਸੈਸ਼ਨ ਜੱਜ ਮੈਡਮ ਲਖਵਿੰਦਰ ਕੌਰ ਦੁੱਗਲ ਦੀ ਅਦਾਲਤ ਨੇ 2 ਸਾਲ ਪਹਿਲਾਂ ਥਾਣਾ ਅਜੀਤਵਾਲ ਪੁਲਸ ਵੱਲੋਂ ਵਿਆਹੁਤਾ ਨੂੰ ਆਤਮ-ਹੱਤਿਆਂ ਲਈ ਮਜਬੂਰ ਕਰਨ ਦੇ ਦੋਸ਼ਾਂ ’ਚ ਉਸ ਦੇ ਪਤੀ ਅਤੇ ਸੱਸ ਸਹੁਰੇ ਨੂੰ ਨਾਮਜ਼ਦ ਕੀਤਾ ਗਿਆ ਸੀ, ਇਹ ਮਾਮਲਾ ਸਬੰਧਤ ਅਦਾਲਤ ’ਚ ਵਿਚਾਰ ਅਧੀਨ ਸੀ। ਵੀਰਵਾਰ ਨੂੰ ਅਦਾਲਤ ਵੱਲੋਂ ਇਸ ਮਾਮਲੇ ’ਚ ਸਬੂਤਾਂ ਅਤੇ ਗਵਾਹਾਂ ਦੇ ਅਾਧਾਰ ’ਤੇ ਪੀਡ਼ਤਾ ਦੇ ਪਤੀ ’ਤੇ ਦੋਸ਼ ਸਾਬਤ ਹੋਣ ’ਤੇ ਉਸ ਨੂੰ 4 ਸਾਲ ਕੈਦ ਅਤੇ 10 ਹਜ਼ਾਰ ਰੁਪਏ ਜ਼ੁਰਮਾਨਾ ਭਰਨ ਦਾ ਹੁਕਮ ਦਿੱਤਾ ਹੈ। ਇਸ ਮਾਮਲੇ ’ਚ ਮਾਨਯੋਗ ਅਦਾਲਤ ਵੱਲੋਂ ਸਬੂਤਾਂ ਦੀ ਭਾਰੀ ਘਾਟ ਕਰ ਕੇ ਸੱਸ ਅਤੇ ਸਹੁਰੇ ਨੂੰ ਬਰੀ ਕਰਨ ਦਾ ਹੁਕਮ ਦਿੱਤਾ ਹੈ। ਜਾਣਕਾਰੀ ਮੁਤਾਬਕ ਪੀਡ਼ਤਾ ਦੀ ਮਾਤਾ ਪ੍ਰਵੀਨ ਕੌਰ ਪਤਨੀ ਜਗਰਾਜ ਸਿੰਘ ਵਾਸੀ ਲੱਖਾ ਥਾਣਾ ਹਠੂਰ ਜ਼ਿਲਾ ਲੁਧਿਆਣਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੋਸ਼ ਲਾਏ ਸਨ ਕਿ ਉਸ ਦੀ ਬੇਟੀ ਰਾਜਨਦੀਪ ਕੌਰ ਦੇ ਪਤੀ ਜਸਵਿੰਦਰ ਸਿੰਘ ਅਤੇ ਉਸ ਦੀ ਸੱਸ ਹਰਪਾਲ ਕੌਰ ਤੇ ਸਹੁਰੇ ਮੰਗਲ ਸਿੰਘ ਵੱਲੋਂ ਉਨ੍ਹਾਂ ਦੀ ਬੇਟੀ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਅਤੇ ਦਾਜ ਦੀ ਮੰਗ ਵੀ ਕੀਤੀ ਜਾਂਦੀ ਸੀ, ਜਿਸ ਬਾਰੇ ਉਨ੍ਹਾਂ ਦੀ ਬੇਟੀ ਨੇ ਉਨ੍ਹਾਂ ਨੂੰ ਵੀ ਦੱਸਿਆ ਸੀ। ਉਨ੍ਹਾਂ ਵੱਲੋਂ ਆਪਣੇ ਨਜ਼ਦੀਕੀ ਰਿਸ਼ਤੇਦਾਰ ’ਤੇ ਪੰਚਾਇਤ ਦੀ ਮੌਜੂਦਗੀ ’ਚ ਆਪਣੀ ਬੇਟੀ ਦੇ ਸਹੁਰਾ ਪਰਿਵਾਰ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਸੀ ਪਰ ਇਸ ਦਾ ਕੋਈ ਅਸਰ ਨਾ ਹੋਇਆ, ਜਿਸ ਕਰ ਕੇ ਉਨ੍ਹਾਂ ਦੀ ਬੇਟੀ ਨੇ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਮਾਮਲੇ ’ਚ ਅਦਾਲਤ ਵੱਲੋਂ ਪੀਡ਼ਤਾ ਦੇ ਪਤੀ ਜਸਵਿੰਦਰ ਸਿੰਘ ਵਾਸੀ ਰਾਮੂਵਾਲਾ ਕਲਾਂ ਨੂੰ ਕੈਦ ਅਤੇ ਜ਼ੁਰਮਾਨੇ ਦਾ ਹੁਕਮ ਸੁਣਾਇਆ ਹੈ ਜਦਕਿ ਉਸ ਦੇ ਮਾਤਾ-ਪਿਤਾ ਨੂੰ ਬਰੀ ਕਰ ਦਿੱਤਾ।
