ਪਿਛਲੇ ਦਸ ਸਾਲ ਤੋਂ ਪਰਾਲੀ ਨੂੰ ਬਿਨਾਂ ਅੱਗ ਲਾਏ ਕਣਕ ਦੀ ਕਰ ਰਿਹਾ ਬਿਜਾਈ: ਕਿਸਾਨ ਹਰਪ੍ਰੀਤ
Friday, Nov 13, 2020 - 12:27 PM (IST)
ਬਠਿੰਡਾ (ਵਰਮਾ): ਡਿਪਟੀ ਕਮਿਸ਼ਨਰ ਬੀ. ਸ਼੍ਰੀਨਿਵਾਸਨ ਨੇ ਪਰਾਲੀ ਨੂੰ ਜ਼ਮੀਨ 'ਚ ਮਿਲਾਉਣ ਦੇ ਅਨੇਕਾਂ ਫਾਇਦੇ ਦੱਸਦਿਆਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਜ਼ਮੀਨ 'ਚ ਵਾਹੁਣ ਨਾਲ ਜ਼ਮੀਨ ਦੇ ਲਘੂ ਤੱਤ ਬਰਕਰਾਰ ਰੱਖ ਸਕਦੇ ਹਨ। ਇਸ ਨਾਲ ਜਿੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ ਉੱਥੇ ਜ਼ਮੀਨ 'ਚ ਆਰਗੈਨਿਕ ਮਾਦੇ ਦੀ ਮਾਤਰਾ 'ਚ ਵਾਧਾ ਹੁੰਦਾ ਹੈ। ਇਸ ਤੋਂ ਇਲਾਵਾ ਇਸ ਨਾਲ ਜ਼ਮੀਨ ਦੀ ਪਾਣੀ ਜਜ਼ਬ ਕਰਨ ਦੀ ਸਮਰੱਥਾ 'ਚ ਵਾਧਾ ਹੁੰਦਾ ਹੈ। ਪਰਾਲੀ ਨੂੰ ਜ਼ਮੀਨ 'ਚ ਮਿਲਾਉਣ ਨਾਲ ਕਿਸਾਨ ਮਿੱਤਰ ਜੀਵਾਂ ਦੀ ਸੰਖਿਆ 'ਚ ਵਾਧਾ ਹੁੰਦਾ ਹੈ ਅਤੇ ਵਾਤਾਵਰਣ ਦੀ ਸ਼ੁੱਧਤਾ ਤੇ ਚੰਗੀ ਸਿਹਤ ਵੀ ਬਰਕਰਾਰ ਰਹਿੰਦੀ ਹੈ।
ਇਹ ਵੀ ਪੜ੍ਹੋ: ਘਰ 'ਚ ਇਕੱਲੀ ਕੁੜੀ ਵੇਖ ਸਿਰਫ਼ਿਰੇ ਨੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਵੱਢੇ ਹੱਥ
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਬਹਾਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਫੂਸ ਮੰਡੀ ਦਾ ਅਗਾਂਹ ਵਧੂ ਕਿਸਾਨ ਹਰਪ੍ਰੀਤ ਸਿੰਘ ਪਿਛਲੇ ਤਕਰੀਬਨ ਦਸ ਸਾਲਾਂ ਤੋਂ ਖੇਤੀਬਾੜੀ ਵਿਭਾਗ ਨਾਲ ਜੁੜਿਆ ਹੋਇਆ ਹੈ ਅਤੇ ਉਹ ਪਿਛਲੇ ਦਸ ਸਾਲਾ ਤੋਂ ਹੀ ਪਰਾਲੀ ਨੂੰ ਬਿਨਾਂ ਅੱਗ ਲਾਏ ਕਣਕ ਦੀ ਬਿਜਾਈ ਕਰ ਰਿਹਾ ਹੈ, ਇਸ ਕਿਸਾਨ ਕੋਲ ਕੁੱਲ 13 ਏਕੜ ਜ਼ਮੀਨ ਹੈ ਅਤੇ 4 ਏਕੜ ਠੇਕੇ 'ਤੇ ਲੈ ਕੇ ਕੁੱਲ 17 ਏਕੜ ਰਕਬੇ 'ਚ ਖੇਤੀ ਕਰਦਾ ਹੈ। ਇਸ ਅਗਾਂਹਵਧੂ ਸੋਚ ਦੇ ਮਾਲਕ ਕਿਸਾਨ ਦਾ ਕਹਿਣਾ ਹੈ ਕਿ ਇਸ ਸਾਲ ਉਸਨੇ 6 ਏਕੜ 'ਚ ਨਰਮਾ ਅਤੇ 11 ਏਕੜ ਰਕਬੇ 'ਚ ਝੋਨੇ ਦੀ ਖੇਤੀ ਕੀਤੀ ਹੈ।ਖੇਤੀਬਾੜੀ ਵਿਕਾਸ ਅਫ਼ਸਰ ਡਾ. ਜਸਕਰਨ ਸਿੰਘ ਕੁਲਾਰ ਨੇ ਦੱਸਿਆ ਕਿ ਕਿਸਾਨ ਹਰਪ੍ਰੀਤ ਸਿੰਘ ਮਹਿੰਗੇ ਖੇਤੀ ਸੰਦਾਂ ਤੋਂ ਬਿਨਾਂ ਪਰਾਲੀ ਦੀ ਸੁਚੱਜੀ ਸੰਭਾਲ ਕਰਕੇ ਉਨ੍ਹਾਂ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਹੋਇਆ ਹੈ ਜੋ ਮਹਿੰਗੇ ਖੇਤੀ ਸੰਦ ਨਹੀਂ ਲੈ ਸਕਦੇ।
ਇਹ ਵੀ ਪੜ੍ਹੋ: ਕੇਂਦਰ ਨਾਲ ਹੋਣ ਵਾਲੀ ਬੈਠਕ 'ਤੇ ਬੋਲੇ ਮਨਪ੍ਰੀਤ ਬਾਦਲ, ਕਿਹਾ-ਉਮੀਦ ਹੈ ਕਿਸਾਨਾਂ ਦੇ ਹੱਕ 'ਚ ਹੋਣਗੇ ਫ਼ੈਸਲੇ
ਬਲਾਕ ਖੇਤੀਬਾੜੀ ਅਫ਼ਸਰ ਡਾ. ਕੰਵਲ ਕੁਮਾਰ ਜਿੰਦਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸਾਨ ਹਰਪ੍ਰੀਤ ਸਿੰਘ ਦੀ ਤਰ੍ਹਾਂ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਉਨ੍ਹਾਂ ਕੋਲ ਮੌਜੂਦ ਖੇਤੀ ਸੰਦਾਂ ਨਾਲ ਹੀ ਕਰ ਸਕਦੇ ਹਨ ਅਤੇ ਵਾਤਾਵਰਣ ਦੀ ਸੰਭਾਲ 'ਚ ਹਿੱਸਾ ਪਾਉਣ ਦੇ ਨਾਲ-ਨਾਲ ਆਪਣੇ ਖੇਤੀ ਖਰਚੇ ਵੀ ਘਟਾ ਸਕਦੇ ਹਨ।