ਕਮਰੇ ’ਚ ਅੰਗੀਠੀ ਤੇ ਹੀਟਰ ਚਲਾਉਣ ਸਮੇਂ ਸਾਵਧਾਨ

Friday, Dec 20, 2024 - 01:54 PM (IST)

ਕਮਰੇ ’ਚ ਅੰਗੀਠੀ ਤੇ ਹੀਟਰ ਚਲਾਉਣ ਸਮੇਂ ਸਾਵਧਾਨ

ਤਪਾ (ਸ਼ਾਮ ਗਰਗ, ਗੋਇਲ) : ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਵੱਧ ਰਹੀ ਠੰਡ ਅਤੇ ਸੀਤ ਲਹਿਰ ਦੇ ਮੱਦੇਨਜ਼ਰ ਲੋਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਸਿਵਲ ਸਰਜਨ ਡਾ. ਬਲਦੇਵ ਸਿੰਘ ਦੇ ਨਿਰਦੇਸ਼ਾਂ ਤਹਿਤ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਡਾ. ਇੰਦੂ ਬਾਂਸਲ ਨੇ ਕਿਹਾ ਕਿ ਸੀਤ ਲਹਿਰ ਤੇ ਠੰਡ ਤੋਂ ਬਚਾਅ ਸਬੰਧੀ ਆਮ ਲੋਕਾਂ ਨੂੰ ਜਾਣੂ ਕਰਵਾਉਣ ਦੇ ਮਕਸਦ ਨਾਲ ਇਹ ਐਡਵਾਈਜ਼ਰੀ ਜਾਰੀ ਕੀਤੀ ਹੈ।

ਉਨ੍ਹਾਂ ਕਿਹਾ ਕਿ ਸੀਤ ਲਹਿਰ ਸਮੇਂ ਬੱਚਿਆਂ ਤੇ ਖਾਸ ਤੌਰ ’ਤੇ ਬਜ਼ੁਰਗਾਂ ਦਾ ਵਧੇਰੇ ਖਿਆਲ ਰੱਖਣ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸੀਤ ਲਹਿਰ ਮੌਕੇ ਅਜਿਹੇ ਕੱਪੜੇ ਪਾਉਣੇ ਚਾਹੀਦੇ ਹਨ ਜਿਨ੍ਹਾਂ ਨਾਲ ਸਰੀਰ ਨੂੰ ਗਰਮਾਹਟ ਵੀ ਮਿਲੇ ਤੇ ਹਵਾ ਵੀ ਆਰ-ਪਾਰ ਨਾ ਹੋਵੇ ਤੇ ਕੋਸ਼ਿਸ਼ ਕੀਤੀ ਜਾਵੇ ਕਿ ਕੱਪੜੇ ਘੱਟੋ-ਘੱਟ ਤਿੰਨ ਤੋਂ ਚਾਰ ਪਰਤਾਂ ’ਚ ਜ਼ਰੂਰ ਹੋਣ। ਇਸ ਤੋਂ ਇਲਾਵਾ ਇਹ ਯਕੀਨੀ ਬਣਾਇਆ ਜਾਵੇ ਕਿ ਲੋੜ ਪੈਣ ’ਤੇ ਹੀ ਘਰ ਤੋਂ ਬਾਹਰ ਨਿਕਲਿਆ ਜਾਵੇ। ਉਨ੍ਹਾਂ ਕਿਹਾ ਕਿ ਗਰਮ ਜਾਂ ਕੋਸਾ ਪਾਣੀ ਹੀ ਪੀਤਾ ਜਾਵੇ ਤੇ ਠੰਡੀਆਂ ਖਾਣ-ਪੀਣ ਵਾਲੀਆਂ ਵਸਤੂਆਂ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵੱਖ-ਵੱਖ ਉਂਗਲਾਂ ਵਾਲੇ ਦਸਤਾਨੇ ਦੀ ਜਗ੍ਹਾ ਅਜਿਹੇ ਦਸਤਾਨੇ ਪਾਏ ਜਾਣ ਜਿਨ੍ਹਾਂ ਦੇ ਅੰਦਰ ਸਾਰੀਆਂ ਉਂਗਲਾਂ ਇਕੱਠੀਆਂ ਰਹਿਣ, ਕਿਉਂਕਿ ਉਂਗਲਾਂ ਸਰੀਰ ਦੀ ਗਰਮਾਹਟ ਨੂੰ ਸਾਂਝਾ ਕਰਦੀਆਂ ਹਨ।

ਉਨ੍ਹਾਂ ਕਿਹਾ ਕਿ ਸੀਤ ਲਹਿਰ ਜਾਂ ਠੰਡ ਸਮੇਂ ਸ਼ਰਾਬ ਦਾ ਸੇਵਨ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਸਾਡੇ ਸਰੀਰ ਦੇ ਤਾਪਮਾਨ ਨੂੰ ਘਟਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਠੰਢ ਲੱਗਣ (ਫ਼ਰੋਸਟਬਾਈਟ) ਦੇ ਚਿੰਨ੍ਹਾਂ ਜਿਵੇਂ, ਹੱਥਾਂ-ਪੈਰਾਂ ਦੀਆਂ ਉਂਗਲਾਂ, ਕੰਨ ਅਤੇ ਨੱਕ ਦਾ ਸੁੰਨ, ਚਿੱਟੇ ਜਾਂ ਪੀਲੇ ਪੈ ਜਾਣ ਦਾ ਖ਼ਾਸ ਖਿਆਲ ਰੱਖਿਆ ਜਾਵੇ ਤੇ ਅਜਿਹਾ ਹੋਣ ’ਤੇ ਨੇੜੇ ਦੇ ਸਿਹਤ ਕੇਂਦਰ ਵਿਖੇ ਜਾ ਕੇ ਡਾਕਟਰ ਦੀ ਸਲਾਹ ਜ਼ਰੂਰ ਲਈ ਜਾਵੇ। ਉਨ੍ਹਾਂ ਕਿਹਾ ਕਿ ਮੌਸਮ ਦੀ ਢੁੱਕਵੀਂ ਜਾਣਕਾਰੀ ਲਈ ਰੇਡੀਓ, ਟੀ. ਵੀ. ਤੇ ਅਖਬਾਰ ਨੂੰ ਪੜ੍ਹਦੇ ਰਹਿਣਾ ਚਾਹੀਦਾ ਹੈ। ਡਾ. ਬਾਂਸਲ ਨੇ ਕਿਹਾ ਕਿ ਕੜਾਕੇ ਦੀ ਠੰਢ ਤੋਂ ਰਾਹਤ ਪਾਉਣ ਲਈ ਕਮਰੇ ’ਚ ਹੀਟਰ ਜਾਂ ਅੰਗੀਠੀ ਚਲਾਉਣ ਸਮੇਂ ਵਧੇਰੇ ਸਾਵਧਾਨੀ ਦੀ ਲੋੜ ਪੈਂਦੀ ਹੈ। ਹੀਟਰ ਜਾਂ ਅੰਗੀਠੀ ਚਲਾਉਂਦੇ ਸਮੇਂ ਕਮਰੇ ਦੀ ਖਿੜਕੀ ਥੋੜੀ ਖੁੱਲ੍ਹੀ ਹੋਣੀ ਚਾਹੀਦੀ ਤਾਂ ਜੋ ਜ਼ਹਿਰੀਲੇ ਧੂੰਏਂ ਤੋਂ ਬਚਿਆ ਜਾ ਸਕੇ।


author

Gurminder Singh

Content Editor

Related News