ਸ੍ਰੀ ਮੁਕਤਸਰ ਸਾਹਿਬ ’ਚ ਕੁਸ਼ਟ ਆਸ਼ਰਮ ’ਚੋਂ ਲੱਖਾਂ ਦੀ ਚੋਰੀ

Friday, Aug 07, 2026 - 05:12 PM (IST)

ਸ੍ਰੀ ਮੁਕਤਸਰ ਸਾਹਿਬ ’ਚ ਕੁਸ਼ਟ ਆਸ਼ਰਮ ’ਚੋਂ ਲੱਖਾਂ ਦੀ ਚੋਰੀ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਸ਼ਹਿਰ ਅੰਦਰ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਚੋਰਾਂ ਨੇ ਹੁਣ ਦੁਕਾਨਾਂ ਅਤੇ ਘਰਾਂ ਦੇ ਨਾਲ-ਨਾਲ ਮੰਦਰਾਂ ਤੇ ਕੁਸ਼ਟ ਆਸ਼ਰਮ ਨੂੰ ਵੀ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੀ ਤਾਜ਼ਾ ਮਿਸਾਲ ਸ੍ਰੀ ਮੁਕਤਸਰ ਸਾਹਿਬ ਦੇ ਸੁਭਾਸ਼ ਨਗਰ ਬਸਤੀ ਮੌੜ ਰੋਡ ਸਥਿਤ ‘ਸ਼ਿਵ ਸ਼ਕਤੀ ਕੁਸ਼ਟ ਆਸ਼ਰਮ’ ਤੋਂ ਸਾਹਮਣੇ ਆਈ ਹੈ, ਜਿੱਥੇ ਅਣਪਛਾਤੇ ਚੋਰਾਂ ਵੱਲੋਂ ਲੱਖਾਂ ਰੁਪਏ ਦੀ ਨਕਦੀ ਅਤੇ ਸੋਨੇ-ਚਾਂਦੀ ਦੇ ਗਹਿਣੇ ਚੋਰੀ ਕਰ ਲਏ ਗਏ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਅਰੁਣ ਕੁਮਾਰ ਪੁੱਤਰ ਅੱਛੇ ਲਾਲ ਵਾਸੀ ਸ਼ਿਵ ਸ਼ਕਤੀ ਕੁਸ਼ਟ ਆਸ਼ਰਮ, ਗਲੀ ਨੰਬਰ 2 ਨੇ ਦੱਸਿਆ ਕਿ ਉਹ ਜੀਓ ਕੰਪਨੀ ਵਿਚ ਨੌਕਰੀ ਕਰਦਾ ਹੈ। ਮਿਤੀ 5 ਅਗਸਤ ਦੀ ਰਾਤ ਨੂੰ ਉਹ ਅਤੇ ਉਸ ਦਾ ਪਰਿਵਾਰ (ਪਿਤਾ ਅਤੇ ਤਿੰਨ ਭੈਣਾਂ) ਖਾਣਾ ਖਾਣ ਤੋਂ ਬਾਅਦ ਘਰ ਦੇ ਬਾਹਰ ਆਸ਼ਰਮ ਦੇ ਵਿਹੜੇ ਵਿਚ ਸੁੱਤੇ ਹੋਏ ਸਨ। ਅਗਲੀ ਸਵੇਰ 6 ਅਗਸਤ ਨੂੰ ਕਰੀਬ 5 ਵਜੇ ਜਦੋਂ ਅਰੁਣ ਨੇ ਉੱਠ ਕੇ ਕਮਰੇ ਵਿਚ ਦੇਖਿਆ ਤਾਂ ਲੋਹੇ ਦੀ ਅਲਮਾਰੀ ਖੁੱਲ੍ਹੀ ਪਈ ਸੀ ਅਤੇ ਸਾਮਾਨ ਇੱਧਰ-ਉੱਧਰ ਖਿੱਲਰਿਆ ਹੋਇਆ ਸੀ।

ਜਾਂਚ ਕਰਨ ’ਤੇ ਅਲਮਾਰੀ ’ਚੋਂ 10,000 ਰੁਪਏ ਗਾਇਬ ਸਨ। ਇਸ ਤੋਂ ਬਾਅਦ ਜਦੋਂ ਪਰਿਵਾਰ ਨੇ ਪੂਰੇ ਘਰ ਦੀ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਚੋਰ 5 ਅਤੇ 6 ਅਗਸਤ ਦੀ ਦਰਮਿਆਨੀ ਰਾਤ ਨੂੰ ਕਮਰੇ ਵਿਚ ਪਈ ਇਕ ਸਿਲਵਰ ਰੰਗ ਦੀ ਗੋਲਕ (ਜਿਸ ਵਿਚ ਕਰੀਬ 1,25,000 ਰੁਪਏ ਦੀ ਨਗਦੀ ਸੀ), ਇਕ ਮੋਬਾਈਲ , 1 ਤੋਲੇ ਦੇ ਸੋਨੇ ਦੇ ਗਹਿਣੇ (ਜੋੜੇ ਲੇਡੀਜ਼ ਟੌਪਸ ਅਤੇ ਇਕ ਕੋਕਾ) ਅਤੇ ਕਰੀਬ 10 ਤੋਲੇ ਦਾ ਚਾਂਦੀ ਦਾ ਹਾਰ ਚੋਰੀ ਕਰ ਕੇ ਲੈ ਗਏ ਹਨ। ਘਟਨਾ ਦੀ ਸ਼ਿਕਾਇਤ ਮਿਲਣ ’ਤੇ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੇ ਸਹਾਇਕ ਸਬ-ਇੰਸਪੈਕਟਰ ਚਰਨਜੀਤ ਸਿੰਘ ਨੇ ਅਣਪਛਾਤੇ ਚੋਰਾਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਚੋਰਾਂ ਦੀ ਭਾਲ ਲਈ ਆਸ-ਪਾਸ ਦੇ ਇਲਾਕੇ ਦੀ ਛਾਣਬੀਣ ਕੀਤੀ ਜਾ ਰਹੀ ਹੈ।


author

Gurminder Singh

Content Editor

Related News