ਇਤਿਹਾਸਕ ਗੁਰਦੁਆਰਾ ਸਾਹਿਬ ਦੇ ਗੇਟ ਖੜ੍ਹਾ ਹੋਇਆ ਸੀਵਰੇਜ ਦਾ ਗੰਦਾ ਪਾਣੀ

Thursday, Aug 06, 2026 - 08:32 PM (IST)

ਇਤਿਹਾਸਕ ਗੁਰਦੁਆਰਾ ਸਾਹਿਬ ਦੇ ਗੇਟ ਖੜ੍ਹਾ ਹੋਇਆ ਸੀਵਰੇਜ ਦਾ ਗੰਦਾ ਪਾਣੀ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਚਾਲੀ ਮੁਕਤਿਆਂ ਦੀ ਪਵਿੱਤਰ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼ਰਧਾਲੂਆਂ ਦੀ ਆਸਥਾ ਨਾਲ ਕਥਿਤ ਪ੍ਰਸ਼ਾਸਨਿਕ ਲਾਪਰਵਾਹੀ ਵੱਡਾ ਖਿਲਵਾੜ ਕਰ ਰਹੀ ਹੈ। ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਦੇ ਆਲੇ-ਦੁਆਲੇ ਦੇ ਗੇਟਾਂ ਦੀ ਨੁਹਾਰ ਬਦਲਣ ਲਈ ਪੰਜਾਬ ਸਰਕਾਰ ਵਲੋਂ ਗਲਿਆਰਾ ਯੋਜਨਾ ਅਧੀਨ 8 ਕਰੋੜ ਰੁਪਏ ਜਾਰੀ ਕੀਤੇ ਗਏ ਸਨ। ਪ੍ਰਾਜੈਕਟ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਟੂਰਿਜ਼ਮ ਵਿਭਾਗ ਕੋਲ ਹੈ, ਜਿਸ ਲਈ 3 ਮਹੀਨੇ ਦਾ ਸਮਾਂ ਤੈਅ ਕੀਤਾ ਗਿਆ ਸੀ। ਪਰ ਅਫਸੋਸ, ਅਧਿਕਾਰੀਆਂ ਦੀ ਕਥਿਤ ਅਣਗਹਿਲੀ ਅਤੇ ਸੀਵਰੇਜ ਦੇ ਮਾੜੇ ਪ੍ਰਬੰਧਾਂ ਕਾਰਨ ਕਰੋੜਾਂ ਦਾ ਇਹ ਪ੍ਰੋਜੈਕਟ ਵਿੱਚਕਾਰ ਹੀ ਲਟਕ ਗਿਆ ਹੈ। 

ਸਥਿਤੀ ਇਹ ਹੈ ਕਿ ਗੇਟ ਨੰਬਰ 2 ਪਿਛਲੇ ਛੇ ਮਹੀਨਿਆਂ ਤੋਂ ਮੁਕੰਮਲ ਬੰਦ ਪਿਆ ਹੈ। ਜਦਕਿ ਸਭ ਤੋਂ ਬੁਰਾ ਹਾਲ ਗੇਟ ਨੰਬਰ 6 ਦਾ ਹੈ, ਜੋ ਕਿ ਗੁਰਦੁਆਰਾ ਸ੍ਰੀ ਤੰਬੂ ਸਾਹਿਬ, ਗੁਰਦੁਆਰਾ ਮਾਤਾ ਭਾਗ ਕੌਰ, ਨਿਹੰਗਾਂ ਦੀ ਛਾਉਣੀ ਅਤੇ ਰਾਮਗੜ੍ਹੀਆ ਗੁਰਦੁਆਰੇ ਨੂੰ ਜੋੜਨ ਵਾਲਾ ਮੁੱਖ ਰਸਤਾ ਹੈ। ਛੇ ਮਹੀਨਿਆਂ ਤੋਂ ਇਸ ਗੇਟ 'ਤੇ ਪਿਛਲੇ ਛੇ ਮਹੀਨਿਆਂ ਤੋਂ ਸੀਵਰੇਜ ਦਾ ਬਦਬੂਦਾਰ ਪਾਣੀ ਜਮ੍ਹਾਂ ਹੈ। ਖੂਬਸੂਰਤੀ ਦੇ ਨਾਂ 'ਤੇ ਪੁੱਟੇ ਖੱਡੇ ਗੇਟ ਨੂੰ ਸੁਸ਼ੋਭਿਤ ਕਰਨ ਲਈ ਪੁੱਟਿਆ ਤਾਂ ਗਿਆ, ਪਰ ਹੁਣ ਖੜ੍ਹੇ ਪਾਣੀ ਨਾਲ ਇਹ ਥਾਂ ਦਲਦਲ ਬਣ ਚੁੱਕੀ ਹੈ।

ਸੁਰੱਖਿਆ 'ਤੇ ਵੱਡਾ ਸਵਾਲ

ਸੀਵਰੇਜ ਦੇ ਕਈ ਢੱਕਣ ਟੁੱਟੇ ਹੋਏ ਹਨ, ਜਿਸ ਨਾਲ ਕਿਸੇ ਵੱਡੇ ਹਾਦਸੇ ਦਾ ਡਰ ਬਣਿਆ ਹੋਇਆ ਹੈ। ਸਥਾਨਕ ਨਿਵਾਸੀ ਗੁਰਪਾਲ ਸਿੰਘ ਅਨੁਸਾਰ ਖੜ੍ਹੇ ਪਾਣੀ ਕਾਰਨ ਮੱਛਰਾਂ ਦੀ ਭਰਮਾਰ ਹੋ ਚੁੱਕੀ ਹੈ ਅਤੇ ਛੱਪੜ ਵਰਗੀ ਬਦਬੂ ਨਾਲ ਬੀਮਾਰੀਆਂ ਫੈਲਣ ਦਾ ਖ਼ਤਰਾ ਵੱਧ ਗਿਆ ਹੈ।

ਸਰਕਾਰੀ ਵਿਭਾਗਾਂ ਦੀ 'ਜ਼ਿੰਮੇਵਾਰੀ ਤੋਂ ਭੱਜਣ' ਦੀ ਖੇਡ

ਇਸ ਗੰਭੀਰ ਮੁੱਦੇ 'ਤੇ ਦੋਵੇਂ ਸਬੰਧਤ ਵਿਭਾਗ ਆਪਣਾ ਪੱਲਾ ਝਾੜਦੇ ਨਜ਼ਰ ਆ ਰਹੇ ਹਨ:

"ਅਸੀਂ ਦੋ ਹਫ਼ਤੇ ਪਹਿਲਾਂ ਹੀ ਸੀਵਰੇਜ ਦਾ ਕੰਮ ਮੁਕੰਮਲ ਕਰਕੇ ਟੂਰਿਜ਼ਮ ਵਿਭਾਗ ਨੂੰ ਹੁਕਮਾਂ ਅਨੁਸਾਰ 'ਹੈਂਡ ਓਵਰ' ਕਰ ਦਿੱਤਾ ਹੈ।"
— ਕੇਵਲ ਗਰਗ, ਕਾਰਜਕਾਰੀ ਇੰਜੀਨੀਅਰ (ਜਨ ਸਿਹਤ/ਸੀਵਰੇਜ ਵਿਭਾਗ)

"ਸੀਵਰੇਜ ਲਗਾਤਾਰ ਚੋਕ ਹੋਣ ਕਰਕੇ ਗੰਦਾ ਪਾਣੀ ਸੜਕਾਂ 'ਤੇ ਫੈਲ ਰਿਹਾ ਹੈ। ਜਦੋਂ ਤੱਕ ਪਾਣੀ ਦੀ ਸਮੱਸਿਆ ਹੱਲ ਨਹੀਂ ਹੁੰਦੀ, ਖੂਬਸੂਰਤੀ ਦਾ ਕੰਮ ਸ਼ੁਰੂ ਕਰਨਾ ਸੰਭਵ ਨਹੀਂ ਹੈ।"

— ਸੁਮਨ ਛਾਬੜਾ, ਜੇ.ਈ. (ਟੂਰਿਜ਼ਮ ਵਿਭਾਗ)

ਸੰਗਤਾਂ ਦੀ ਮੰਗ: ਪ੍ਰਸ਼ਾਸਨ ਤੁਰੰਤ ਲਵੇ ਸੰਜੀਦਾ ਨੋਟਿਸ

ਦੇਸ਼-ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਗੰਦੇ ਪਾਣੀ ਵਿੱਚੋਂ ਲੰਘ ਕੇ ਗੁਰੂ ਘਰ ਨਤਮਸਤਕ ਹੋਣਾ ਪੈ ਰਿਹਾ ਹੈ। ਇਲਾਕਾ ਨਿਵਾਸੀਆਂ ਅਤੇ ਸੰਗਤਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਵਿਭਾਗਾਂ ਦੀ ਆਪਸੀ ਖਿੱਚੋਤਾਣ ਨੂੰ ਖ਼ਤਮ ਕਰਵਾ ਕੇ ਸੀਵਰੇਜ ਦੀ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ, ਤਾਂ ਜੋ ਪ੍ਰੋਜੈਕਟ ਸਮੇਂ ਸਿਰ ਪੂਰਾ ਹੋ ਸਕੇ।


author

Anmol Tagra

Content Editor

Related News