ਦੁਖਦ ਘਟਨਾ ! ਖੇਡਦਾ-ਖੇਡਦਾ ਛੱਪੜ ''ਚ ਜਾ ਡਿੱਗਾ ਜਵਾਕ, ਹੋਈ ਦਰਦਨਾਕ ਮੌਤ

Wednesday, Jul 29, 2026 - 04:35 PM (IST)

ਦੁਖਦ ਘਟਨਾ ! ਖੇਡਦਾ-ਖੇਡਦਾ ਛੱਪੜ ''ਚ ਜਾ ਡਿੱਗਾ ਜਵਾਕ, ਹੋਈ ਦਰਦਨਾਕ ਮੌਤ

ਦੋਦਾ (ਲਖਵੀਰ ਸ਼ਰਮਾ) : ਪਿੰਡ ਕੋਟਭਾਈ ਵਿਖੇ ਬੀਤੀ ਦੇਰ ਸ਼ਾਮ ਉਸ ਸਮੇਂ ਸੋਗ ਅਤੇ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਛੱਪੜ ਵਿਚ ਡੁੱਬਣ ਕਾਰਨ ਤਿੰਨ ਸਾਲਾ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਫਤਿਹਵੀਰ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਫਤਿਹਵੀਰ ਸਿੰਘ ਘਰ ਦੇ ਨੇੜੇ ਸਥਿਤ ਛੱਪੜ ਕੋਲੋਂ ਲੰਘ ਰਿਹਾ ਸੀ ਕਿ ਅਚਾਨਕ ਪੈਰ ਤਿਲਕਣ ਕਾਰਨ ਉਹ ਛੱਪੜ ਵਿਚ ਡਿੱਗ ਗਿਆ। ਬੱਚੇ ਦੇ ਛੱਪੜ 'ਚ ਡਿੱਗਣ ਦਾ ਪਤਾ ਲੱਗਦਿਆਂ ਹੀ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਕਈ ਘੰਟਿਆਂ ਦੀ ਭਾਲ ਤੋਂ ਬਾਅਦ ਦੇਰ ਰਾਤ ਗੋਤਾਖੋਰਾਂ ਦੀ ਮਦਦ ਨਾਲ ਬੱਚੇ ਦੀ ਲਾਸ਼ ਛੱਪੜ ਵਿਚੋਂ ਬਰਾਮਦ ਕੀਤੀ ਗਈ।

ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਘਰਾਂ ਦੇ ਨੇੜੇ ਸਥਿਤ ਇਹ ਛੱਪੜ ਸਰਕੰਡਿਆਂ ਅਤੇ ਹੋਰ ਬੂਟੀ ਨਾਲ ਢੱਕਿਆ ਹੋਇਆ ਹੈ ਅਤੇ ਇਸ ਦੇ ਆਲੇ-ਦੁਆਲੇ ਕੋਈ ਚਾਰ ਦੀਵਾਰੀ ਵੀ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਛੱਪੜ ਦੀ ਸਫ਼ਾਈ ਅਤੇ ਸੁਰੱਖਿਆ ਪ੍ਰਬੰਧਾਂ ਦੀ ਘਾਟ ਕਾਰਨ ਇਹ ਦਰਦਨਾਕ ਹਾਦਸਾ ਵਾਪਰਿਆ ਹੈ।

ਪਿੰਡ ਵਾਸੀਆਂ ਨੇ ਕਿਹਾ ਕਿ ਛੱਪੜ ਦੇ ਆਲੇ-ਦੁਆਲੇ ਸੰਘਣੀ ਆਬਾਦੀ ਹੋਣ ਕਾਰਨ ਇੱਥੇ ਛੋਟੇ ਬੱਚਿਆਂ ਲਈ ਹਮੇਸ਼ਾ ਹਾਦਸੇ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਛੱਪੜ ਦੀ ਤੁਰੰਤ ਸਫ਼ਾਈ ਕਰਵਾਉਣ ਦੇ ਨਾਲ-ਨਾਲ ਇਸ ਦੇ ਆਲੇ-ਦੁਆਲੇ ਚਾਰ ਦੀਵਾਰੀ ਬਣਾਈ ਜਾਵੇ ਤਾਂ ਜੋ ਭਵਿੱਖ ਵਿਚ ਅਜਿਹੇ ਮੰਦਭਾਗੇ ਹਾਦਸਿਆਂ ਨੂੰ ਰੋਕਿਆ ਜਾ ਸਕੇ। ਇਸ ਸਬੰਧੀ ਜਦੋਂ ਬੀਡੀਪੀਓ ਗਿੱਦੜਬਾਹਾ ਮਨਜੋਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਛੱਪੜ ਦੀ ਚਾਰ ਦੀਵਾਰੀ ਲਈ ਜਲਦ ਹੀ ਗ੍ਰਾਂਟ ਜਾਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚਾਰਦੀਵਾਰੀ ਬਣਨ ਨਾਲ ਇਸ ਸਮੱਸਿਆ ਦਾ ਸਥਾਈ ਹੱਲ ਹੋਵੇਗਾ ਅਤੇ ਭਵਿੱਖ ਵਿਚ ਅਜਿਹੇ ਹਾਦਸਿਆਂ ਨੂੰ ਰੋਕਣ ਵਿਚ ਮਦਦ ਮਿਲੇਗੀ।


author

Gurminder Singh

Content Editor

Related News