ਦੋ ਨੌਜਵਾਨਾਂ ''ਤੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ; ਡੋਪ ਟੈਸਟ ਵਿਚ ਹੋਈ ਨਸ਼ੇ ਦੀ ਪੁਸ਼ਟੀ

Monday, Jul 27, 2026 - 06:19 PM (IST)

ਦੋ ਨੌਜਵਾਨਾਂ ''ਤੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ; ਡੋਪ ਟੈਸਟ ਵਿਚ ਹੋਈ ਨਸ਼ੇ ਦੀ ਪੁਸ਼ਟੀ

​ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ): ਥਾਣਾ ਲੱਖੇਵਾਲੀ ਦੀ ਪੁਲਸ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੌਰਾਨ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ​ਮਿਲੀ ਜਾਣਕਾਰੀ ਅਨੁਸਾਰ 25 ਜੁਲਾਈ 2026 ਨੂੰ ਸਬ-ਇੰਸਪੈਕਟਰ ਅਮਰਜੀਤ ਸਿੰਘ ਪੁਲਸ ਪਾਰਟੀ ਸਮੇਤ ਗਸ਼ਤ ਅਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿੱਚ ਮੰਡੀ ਲੱਖੇਵਾਲੀ, ਭਾਗਸਰ, ਮਹਾਬੱਧਰ, ਭੰਗਚੜੀ ਅਤੇ ਪਿੰਡ ਦਬੜਾ ਤੋਂ ਹੁੰਦੇ ਹੋਏ ਪਿੰਡ ਫੂਲੇਵਾਲਾ ਵੱਲ ਜਾ ਰਹੇ ਸਨ।

​ਜਦੋਂ ਪੁਲਸ ਪਾਰਟੀ ਪਿੰਡ ਦਬੜਾ ਤੋਂ ਕਰੀਬ 2 ਕਿਲੋਮੀਟਰ ਅੱਗੇ ਅੱਧ ਵਾਲੀ ਕੱਸੀ ਕੋਲ ਪੁੱਜੀ ਤਾਂ ਕੱਸੀ ਦੇ ਕਿਨਾਰੇ ਧਰੇਕ ਦੇ ਦਰੱਖਤ ਹੇਠਾਂ ਬੈਠੇ ਦੋ ਨੌਜਵਾਨ ਦਿਖਾਈ ਦਿੱਤੇ। ਉਨ੍ਹਾਂ ਦੇ ਚਿਹਰੇ ਦੇ ਹਾਵ-ਭਾਵ ਤੋਂ ਪੁਲਸ ਨੂੰ ਕੋਈ ਨਸ਼ੀਲਾ ਪਦਾਰਥ ਖਾਧਾ ਜਾਂ ਪੀਤਾ ਹੋਣ ਦਾ ਸ਼ੱਕ ਹੋਇਆ। ਪੁਲਸ ਪਾਰਟੀ ਨੇ ਮੁਸਤੈਦੀ ਦਿਖਾਉਂਦੇ ਹੋਏ ਦੋਵਾਂ ਨੌਜਵਾਨਾਂ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ।

​ਪੁੱਛਗਿੱਛ ਦੌਰਾਨ ਨੌਜਵਾਨਾਂ ਨੇ ਆਪਣੇ ਨਾਮ ਜਗਮੀਤ ਸਿੰਘ ਉਰਫ਼ ਜੁਗਨੂੰ ਪੁੱਤਰ ਛਿੰਦਰ ਸਿੰਘ ਅਤੇ ਰਣਜੀਤ ਸਿੰਘ ਪੁੱਤਰ ਹੰਸਾ ਸਿੰਘ (ਦੋਵੇਂ ਵਾਸੀ ਪਿੰਡ ਫੂਲੇਵਾਲਾ) ਦੱਸੇ। ਉਨ੍ਹਾਂ ਨੇ ਮੰਨਿਆ ਕਿ ਉਹ ਮਾੜੀ ਸੰਗਤ ਵਿੱਚ ਪੈ ਕੇ ਨਸ਼ਾ ਕਰਨ ਦੇ ਆਦੀ ਹੋ ਚੁੱਕੇ ਹਨ ਅਤੇ ਉਸ ਸਮੇਂ ਵੀ ਉਨ੍ਹਾਂ ਨੇ ਨਸ਼ਾ ਕੀਤਾ ਹੋਇਆ ਸੀ। ​ਇਸ ਤੋਂ ਬਾਅਦ ਏ.ਐੱਸ.ਆਈ. ਅਮਰਜੀਤ ਸਿੰਘ ਵੱਲੋਂ ਦੋਵਾਂ ਨੌਜਵਾਨਾਂ ਨੂੰ ਡੋਪ ਟੈਸਟ ਲਈ ਸਿਵਲ ਹਸਪਤਾਲ ਮਲੋਟ ਲਿਜਾਇਆ ਗਿਆ। ਹਸਪਤਾਲ ਵਿੱਚ ਡਿਊਟੀ 'ਤੇ ਤਾਇਨਾਤ ਡਾਕਟਰ ਵੱਲੋਂ ਕੀਤੇ ਗਏ ਡੋਪ ਟੈਸਟ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ। ​ਰਿਪੋਰਟ ਦੇ ਆਧਾਰ 'ਤੇ ਥਾਣਾ ਲੱਖੇਵਾਲੀ ਵਿਖੇ ਦੋਵਾਂ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
 


author

Anmol Tagra

Content Editor

Related News