ਬਹਿਬਲ ਇਨਸਾਫ਼ ਮੋਰਚੇ 'ਚ ਅੜਿੱਕਾ ਪਾਉਣ ਦੀ ਕੋਸ਼ਿਸ਼, ਸਪੀਕਰ ਸੰਧਵਾਂ ਨੇ ਲਿਆ ਸਖ਼ਤ ਨੋਟਿਸ

Wednesday, Oct 26, 2022 - 11:09 AM (IST)

ਬਹਿਬਲ ਇਨਸਾਫ਼ ਮੋਰਚੇ 'ਚ ਅੜਿੱਕਾ ਪਾਉਣ ਦੀ ਕੋਸ਼ਿਸ਼, ਸਪੀਕਰ ਸੰਧਵਾਂ ਨੇ ਲਿਆ ਸਖ਼ਤ ਨੋਟਿਸ

ਜੈਤੋ (ਪਰਾਸ਼ਰ) : ਪਿਛਲੇ ਦਿਨੀਂ ਪੁਲਸ ਪ੍ਰਸ਼ਾਸਨ ਦੇ ਸੁਰੱਖਿਆ ਪ੍ਰਬੰਧਾਂ ’ਤੇ ਕਿੰਤੂ ਕਰਦਿਆਂ ਬਹਿਬਲ ਮੋਰਚੇ ਦੇ ਆਗੂ ਸੁਖਰਾਜ ਸਿੰਘ ਨਿਆਮੀਵਾਲਾ ਨੇ ਦੋਸ਼ ਲਾਇਆ ਸੀ ਕਿ ਮੋਰਚੇ ਨੂੰ ਤਾਰਪੀਡੋ ਕਰਨ ਲਈ ਕੁਝ ਸ਼ਰਾਰਤੀ ਅਨਸਰ ਗ਼ਲਤ ਹਰਕਤਾਂ ’ਤੇ ਉੱਤਰ ਆਏ ਹਨ, ਜੇਕਰ ਮੋਰਚੇ ’ਚ 24 ਘੰਟੇ ਪ੍ਰਕਾਸ਼ ਰਹਿਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਵਾਪਰ ਗਈ ਤਾਂ ਉਸ ਲਈ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਇਸ ਸੰਬੰਧੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਖ਼ੁਦ ਬਹਿਬਲ ਕਲਾਂ ਇਨਸਾਫ਼ ਮੋਰਚੇ ’ਚ ਪੁੱਜ ਕੇ ਜਿੱਥੇ ਸੁਖਰਾਜ ਸਿੰਘ ਨਿਆਮੀਵਾਲਾ ਨਾਲ ਗੱਲਬਾਤ ਕਰ ਕੇ ਸ਼ਰਾਰਤੀ ਅਨਸਰਾਂ ਦੀ ਸੀ. ਸੀ. ਟੀ. ਵੀ. ਫੁਟੇਜ ਦੇਖੀ, ਉੱਥੇ ਰਾਜਪਾਲ ਸਿੰਘ ਸੰਧੂ ਐੱਸ. ਐੱਸ. ਪੀ. ਫਰੀਦਕੋਟ ਨੂੰ ਫੋਨ ਰਾਹੀਂ ਅਤੇ ਉੱਥੇ ਹਾਜ਼ਰ ਡੀ. ਐੱਸ. ਪੀ. ਜੈਤੋ ਨੂੰ ਹਦਾਇਤ ਕੀਤੀ ਕਿ ਬਹਿਬਲ ਮੋਰਚੇ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।

ਇਹ ਵੀ ਪੜ੍ਹੋ- ਪੰਜਾਬ ਦੇ ਕੈਬਨਿਟ ਮੰਤਰੀ ਫ਼ੌਜਾ ਸਿੰਘ ਸਰਾਰੀ ਖ਼ਿਲਾਫ਼ ਜਲਦ ਹੋਵੇਗੀ ਸਖ਼ਤ ਕਾਰਵਾਈ (ਵੀਡੀਓ)

ਸਪੀਕਰ ਸੰਧਵਾਂ ਨੇ ਵਿਸ਼ਵਾਸ ਦਿਵਾਇਆ ਕਿ ਸ਼ਰਾਰਤੀ ਅਨਸਰਾਂ ਨੂੰ ਅਜਿਹੀਆਂ ਹਰਕਤਾਂ ਕਰਨ ਦੀ ਇਜਾਜ਼ਤ ਬਿਲਕੁਲ ਨਹੀਂ ਦਿੱਤੀ ਜਾਵੇਗੀ। ਸੁਖਰਾਜ ਸਿੰਘ ਨਿਆਮੀਵਾਲਾ ਵੱਲੋਂ ਸਪੀਕਰ ਸੰਧਵਾਂ ਨੂੰ 14 ਅਕਤੂਬਰ ਵਾਲੇ ਸ਼ਰਧਾਂਜਲੀ ਸਮਾਗਮ ’ਚ ਹਜ਼ਾਰਾਂ ਸੰਗਤਾਂ ਦੇ ਇਕੱਠ ਸਾਹਮਣੇ ਕੀਤਾ ਵਾਅਦਾ ਯਾਦ ਕਰਵਾਇਆ ਤਾਂ ਸਪੀਕਰ ਸੰਧਵਾਂ ਨੇ ਦਾਅਵਾ ਕੀਤਾ ਕਿ ਸਰਕਾਰ ਬੜੀ ਗੰਭੀਰਤਾ ਨਾਲ ਇਸ ਮੁੱਦੇ ’ਤੇ ਕੰਮ ਕਰ ਰਹੀ ਹੈ। ਬਹਿਬਲ ਅਤੇ ਕੋਟਕਪੂਰਾ ਗੋਲੀਕਾਂਡਾਂ ਦੀਆਂ ਜਾਂਚ ਕਰ ਰਹੀਆਂ ਦੋਵੇਂ ਵੱਖੋ-ਵੱਖਰੀਆਂ ਵਿਸ਼ੇਸ਼ ਜਾਂਚ ਟੀਮਾਂ ਨੇ ਵੀ ਸਰਗਰਮੀ ਵਧਾ ਦਿੱਤੀ ਹੈ ਅਤੇ ਜੇਕਰ ਵਾਹਿਗੁਰੂ ਜੀ ਨੇ ਮਿਹਰ ਕੀਤੀ ਤਾਂ ਪੀੜਤਾਂ ਨੂੰ ਇਨਸਾਫ਼ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਾ ਸ਼ੁਕਰਾਨਾ ਸਮਾਗਮ ਵੀ ਇਸੇ ਥਾਂ ’ਤੇ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਦੀਵਾਲੀ ਤੋਂ ਬਾਅਦ ਬੇਹੱਦ ਮਾੜੇ ਹਾਲਾਤ ’ਚ ਪਹੁੰਚੀ ਪੰਜਾਬ ਦੀ ਆਬੋ-ਹਵਾ, ਲੁਧਿਆਣਾ ਸਭ ਤੋਂ ਵੱਧ ਪ੍ਰਦੂਸ਼ਿਤ

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਬਹਿਬਲ ਕਲਾਂ ਇਨਸਾਫ਼ ਮੋਰਚੇ ਵਾਲੀ ਥਾਂ 'ਤੇ ਖੜ੍ਹੀ ਕਾਰ 'ਚ ਟੱਕਰ ਮਾਰ ਕੇ ਮੋਰਚੇ 'ਚ ਅੜਿੱਕਾ ਪਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਮੌਕੇ 'ਤੇ ਮੌਜੂਦ ਮੈਂਬਰਾਂ ਨੇ ਖ਼ੁਦ ਕੁਝ ਨਾ ਕਰਨ ਦੀ ਬਜਾਏ ਪੁਲਸ ਨੂੰ ਇਸ ਸੰਬੰਧੀ ਸੂਚਨਾ ਦਿੱਤੀ। ਉਨ੍ਹਾਂ ਵੱਲੋਂ ਪੁਲਸ ਨੂੰ ਸੀ. ਸੀ. ਟੀ. ਵੀ. ਵੀਡੀਓ ਵੀ ਦੇ ਦਿੱਤੀ ਗਈ ਹੈ, ਜਿਸ ਆਧਾਰ 'ਤੇ ਪੁਲਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਇਨਸਾਫ਼ ਮੋਰਚੇ ਵਾਲੀ ਥਾਂ ਮੌਜੂਦ ਮੈਂਬਰਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਜੇਕਰ ਕੋਈ ਵੀ ਘਟਨਾ ਵਾਪਰਦੀ ਹੈ ਤਾਂ ਸਰਕਾਰ ਉਸ ਦੀ ਜ਼ਿੰਮੇਵਾਰ ਹੋਵੇਗੀ। 

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News