ਸੋਸ਼ਲ ਮੀਡੀਆ ਦੇ ਬਾਲ ਕਲਾਕਾਰ ਨੂਰ ਦੀ ਅਦਾਕਾਰੀ ਦਾ ਹਰ ਕੋਈ ਹੋਇਆ ਫੈਨ

05/01/2020 12:22:31 PM

ਕਿਸ਼ਨਪੁਰਾ ਕਲਾਂ (ਗੋਪੀ ਰਾਊਕੇ,ਭਿੰਡਰ):: ਅੱਜ ਦੇ ਯੁੱਗ 'ਚ ਸੋਸ਼ਲ ਮੀਡੀਆ ਹੀ ਇਕ ਅਜਿਹਾ ਪਲੇਟਫਾਰਮ ਹੈ ਜਿਥੇ ਹਰ ਇਕ ਵਿਅਕਤੀ ਆਪਣੀ ਪ੍ਰਤਿਭਾ ਨੂੰ ਲੋਕਾਂ ਸਾਹਮਣੇ ਪੇਸ਼ ਕਰ ਸਕਦਾ ਹੈ। ਪਿਛਲੇ ਕੁਝ ਕੁ ਦਿਨਾਂ 'ਚ ਹੀ ਟਿਕ-ਟਾਕ ਦੇ ਮਾਧਿਅਮ ਰਾਹੀ ਆਪਣੀ ਵੱਖਰੀ ਪਛਾਣ ਬਣਾਉਣ ਵਾਲਾ ਨੰਨ੍ਹਾ ਸਰਦਾਰ ਬੱਚਾ 'ਨੂਰ' ਅੱਜ-ਕੱਲ ਲਗਭਗ ਹਰ ਵਿਅਕਤੀ ਦੇ ਦਿਲ 'ਤੇ ਛਾਇਆ ਹੋਇਆ ਹੈ। ਇਸ ਬਾਲ ਕਲਾਕਾਰ ਨਾਲ ਕੰਮ ਕਰਦੇ ਅਦਾਕਾਰ ਸੰਦੀਪ ਸਿੰਘ ਤੂਰ, ਵਰੁਣ ਭਿੰਡਰ ਨੇ ਦੱਸਿਆ ਕਿ ਅਸੀ ਕਾਫੀ ਚਿਰ ਤੋਂ ਸੋਸ਼ਲ ਮੀਡੀਆ 'ਤੇ ਆਪਣੀਆਂ ਵੀਡੀਓਜ਼ ਅੱਪਲੋਡ ਕਰ ਰਹੇ ਸੀ ਪਰ ਜਦੋਂ ਦਾ ਅਸੀ ਇਨ੍ਹਾਂ ਦੋ ਬੱਚਿਆਂ ਨੂਰ ਤੇ ਜਸ਼ਨ ਨੂੰ ਨਾਲ ਲੈ ਕੇ ਕੰਮ ਕਰਨਾ ਸ਼ੁਰੂ ਕੀਤਾ ਹੈ ਤਾਂ ਸਾਨੂੰ ਦਰਸ਼ਕਾਂ ਵੱਲੋਂ ਪਹਿਲਾ ਨਾਲੋਂ ਵੱਧ ਪਸੰਦ ਕੀਤਾ ਜਾ ਰਿਹਾ ਹੈ।

ਇਸ ਸਮੇਂ ਸਮੁੱਚੀ ਟੀਮ ਨੇ ਦੱਸਿਆ ਕਿ ਉਹ ਆਉਣ ਵਾਲੇ ਸਮੇਂ ਦੌਰਾਨ ਹਾਸਰਸ ਵੀਡੀਓਜ਼ ਬਣਾਉਣ ਦੇ ਨਾਲ-ਨਾਲ ਸਮਾਜ ਨੂੰ ਸੇਧ ਦੇਣ ਵਾਲੀਆਂ ਵੀਡੀਓਜ਼ ਵੀ ਅਪਲੋਡ ਕਰਨਗੇ। ਫਿਲਮਾਂ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਫਿਲਹਾਲ ਤਾਂ ਸਾਡਾ ਮਨੋਰਥ ਹਾਸਰਸ ਵੀਡੀਓਜ਼ ਬਣਾ ਕੇ ਲੋਕਾਂ ਦਾ ਮੰਨੋਰੰਜ਼ਨ ਕਰਨਾ ਹੈ ਜੇਕਰ ਕੋਈ ਚੰਗੇ ਵਿਸ਼ੇ 'ਤੇ ਬਣਨ ਵਾਲੀ ਫਿਲਮ ਦੀ ਆਫਰ ਆਈ ਤਾਂ ਜਰੂਰ ਕਰਾਂਗੇ। ਭੱਠੇ 'ਤੇ ਮਜ਼ਦੂਰੀ ਕਰਕੇ ਦਿਨ ਗੁਜ਼ਾਰ ਰਹੇ ਇਨ੍ਹਾਂ ਬਾਲ ਕਲਾਕਾਰਾਂ ਦੇ ਪਿਤਾ ਸਤਨਾਮ ਸਿੰਘ ਤੇ ਮਾਤਾ ਜਗਵੀਰ ਕੌਰ ਨੇ ਦੱਸਿਆ ਕਿ ਨੂਰ ਤੇ ਜਸ਼ਨ ਦੋ ਸਕੀਆਂ ਭੈਣਾਂ ਹਨ ਜਦਕਿ ਨੂਰ ਦਾ ਅਸੀ ਸ਼ੁਰੂ ਤੋਂ ਲੜਕਿਆਂ ਵਾਂਗ ਪਾਲਣ ਪੋਸ਼ਣ ਕੀਤਾ ਹੈ।ਧਰਮਕੋਟ ਨਗਰ ਕੌਂਸਲ ਦੇ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਨੇ ਉਸਦੀ ਸਾਰੀ ਪੜ੍ਹਾਈ ਦਾ ਖਰਚਾ ਆਪਣੇ ਵੱਲੋਂ ਕਰਨ ਦਾ ਐਲਾਨ ਕੀਤਾ ਹੈ।


Shyna

Content Editor

Related News