ਕੱਪੜਾ ਉਧਾਰ ਨਾ ਦੇਣ ''ਤੇ ਗੁੱਸੇ ’ਚ ਆਏ ਨੌਜਵਾਨਾਂ ਵੱਲੋਂ ਦੁਕਾਨਦਾਰ ’ਤੇ ਹਮਲਾ
Saturday, Mar 28, 2026 - 08:52 PM (IST)
ਜਲਾਲਾਬਾਦ (ਆਦਰਸ਼,ਜਤਿੰਦਰ) : ਸਥਾਨਕ ਸ਼ਹੀਦ ਉਧਮ ਸਿੰਘ ਚੌਕ ਦੇ ਨਜ਼ਦੀਕ ਬੀਤੇ ਦਿਨੀਂ ਇਕ ਕੱਪੜਾ ਵਪਾਰੀ ਦੀ ਦੁਕਾਨ 'ਤੇ ਆਏ ਨੌਜਵਾਨਾਂ ਵੱਲੋਂ ਉਧਾਰ ਨਾ ਦੇਣ ਦੇ ਗੁੱਸੇ ਵਿਚ ਆ ਕੇ ਦੁਕਾਨਦਾਰ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਦੁਕਾਨਦਾਰ ਸਤਪਾਲ ਜੁਨੇਜਾ ਨੇ ਦੱਸਿਆ ਕਿ ਉਸ ਦੀ ਦੁਕਾਨ ’ਤੇ ਦੋ ਨੌਜਵਾਨ ਪੈਂਟ-ਸ਼ਰਟ ਖਰੀਦਣ ਲਈ ਆਏ ਸਨ। ਲਗਭਗ 1 ਹਜ਼ਾਰ ਰੁਪਏ ਦੀ ਖਰੀਦਦਾਰੀ ਕਰਨ ਤੋਂ ਬਾਅਦ ਜਦੋਂ ਉਨ੍ਹਾਂ ਨੇ ਪੈਸੇ ਉਧਾਰ ਕਰਨ ਦੀ ਗੱਲ ਕਹੀ ਤਾਂ ਸਤਪਾਲ ਜੁਨੇਜਾ ਨੇ ਬਿਨਾਂ ਜਾਣ-ਪਛਾਣ ਦੇ ਉਧਾਰ ਦੇਣ ਤੋਂ ਸਾਫ਼ ਮਨ੍ਹਾ ਕਰ ਦਿੱਤਾ। ਇਸ ਗੱਲ ਤੋਂ ਖਫਾ ਹੋ ਕੇ ਇਕ ਸ਼ਖਸ ਨੇ ਕੁਝ ਹੀ ਦੇਰ ਬਾਅਦ ਆਪਣੇ ਦੋ ਹੋਰ ਸਾਥੀਆਂ ਨੂੰ ਨਾਲ ਲਿਆ ਕੇ ਦੁਕਾਨਦਾਰ ’ਤੇ ਹਮਲਾ ਕਰ ਦਿੱਤਾ। ਪੀੜਤ ਦੁਕਾਨਦਾਰ ਦਾ ਕਹਿਣਾ ਹੈ ਕਿ ਅੱਜ-ਕੱਲ੍ਹ ਵਪਾਰ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਹੈ ਕਿਉਂਕਿ ਮਾਮੂਲੀ ਗੱਲ 'ਤੇ ਹੀ ਅਜਿਹੀਆਂ ਹਿੰਸਕ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਜਲਾਲਾਬਾਦ ਗੁਰਸੇਵਕ ਸਿੰਘ ਬਰਾੜ ਨੇ ਦੱਸਿਆ ਕਿ ਕੱਪੜਾ ਵਪਾਰੀ ਵੱਲੋਂ ਥਾਣਾ ਸਿਟੀ ਜਲਾਲਾਬਾਦ ਵਿਖੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਸ ਵੱਲੋਂ ਸੀ.ਸੀ.ਟੀ.ਵੀ. ਫੁਟੇਜ਼ ਦੇ ਅਧਾਰ ’ਤੇ ਹਮਲਾਵਰਾਂ ਦੀ ਪਛਾਣ ਕੀਤੀ ਜਾ ਰਹੀ ਹੈ। ਡੀ.ਐੱਸ.ਪੀ. ਨੇ ਸਖਤ ਲਹਿਜੇ ਵਿਚ ਕਿਹਾ ਕਿ ਕਾਨੂੰਨ ਨੂੰ ਆਪਣੇ ਹੱਥ ਵਿਚ ਲੈਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
