ਪੰਜਾਬ 'ਚ ਭਲਕੇ ਇਨ੍ਹਾਂ ਚਾਰ ਇਲਾਕਿਆਂ 'ਚ ਹੋਣਗੀਆਂ ਸਥਾਨਕ ਚੋਣਾਂ, ਸ਼ਾਮ ਨੂੰ ਆਉਣਗੇ ਨਤੀਜੇ

Saturday, Jul 04, 2026 - 01:04 PM (IST)

ਪੰਜਾਬ 'ਚ ਭਲਕੇ ਇਨ੍ਹਾਂ ਚਾਰ ਇਲਾਕਿਆਂ 'ਚ ਹੋਣਗੀਆਂ ਸਥਾਨਕ ਚੋਣਾਂ, ਸ਼ਾਮ ਨੂੰ ਆਉਣਗੇ ਨਤੀਜੇ

ਹੁਸ਼ਿਆਰਪੁਰ (ਵੈੱਬ ਡੈਸਕ, ਘੁੰਮਣ)- ਪੰਜਾਬ ਵਿਚ ਭਲਕੇ ਯਾਨੀ ਕਿ 5 ਜੁਲਾਈ ਨੂੰ 4 ਥਾਵਾਂ 'ਤੇ ਵੋਟਾਂ ਪੈਣਗੀਆਂ। ਦਰਅਸਲ ਪੰਜਾਬ ਰਾਜ ਚੋਣ ਕਮਿਸ਼ਨ ਨੇ ਸੂਬੇ ਦੀਆਂ 4 ਸਥਾਨਕ ਸਰਕਾਰਾਂ ਵਿਭਾਗ ਨਾਲ ਸਬੰਧਤ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਸੀ। ਕਮਿਸ਼ਨ ਵੱਲੋਂ ਜਾਰੀ ਹੁਕਮਾਂ ਮੁਤਾਬਕ ਨਗਰ ਨਿਗਮ ਹੁਸ਼ਿਆਰਪੁਰ, ਨਗਰ ਕੌਂਸਲ ਗੁਰੂਹਰਸਹਾਏ, ਜਲਾਲਾਬਾਦ ਅਤੇ ਨਗਰ ਪੰਚਾਇਤ ਮਮਦੋਟ ਦੀ ਚੋਣ ਲਈ ਭਲਕੇ 5 ਜੁਲਾਈ ਨੂੰ ਵੋਟਾਂ ਪੈਣਗੀਆਂ।

ਸਥਾਨਕ ਸਰਕਾਰਾਂ ਵਿਭਾਗ ਨਾਲ ਸਬੰਧਤ ਚੋਣਾਂ ਲਈ ਵੋਟਿੰਗ 5 ਜੁਲਾਈ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ, ਜਦਕਿ ਨਤੀਜੇ ਉਸੇ ਦਿਨ ਸ਼ਾਮ ਨੂੰ ਐਲਾਨੇ ਜਾਣਗੇ।  ਇਹ ਚੋਣਾਂ ਈ. ਵੀ. ਐੱਮ. ਮਸ਼ੀਨਾਂ ਰਾਹੀਂ ਕਰਵਾਈਆਂ ਜਾਣਗੀਆਂ। ਕਮਿਸ਼ਨ ਵੱਲੋਂ ਚੋਣਾਂ ਨੂੰ ਪੂਰੀ ਤਰ੍ਹਾਂ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।

ਇਹ ਵੀ ਪੜ੍ਹੋ: ਕਾਂਗਰਸ ਦੋਫਾੜ! ਜਲੰਧਰ ਦੀ ਸਿਆਸਤ 'ਚ ਬਦਲੇ ਸਮੀਕਰਨ, ਚੰਨੀ ਦੀ ਮੀਟਿੰਗ 'ਚ ਦਿਸੀਆਂ ਬਗਾਵਤੀ ਸੁਰਾਂ

PunjabKesari

ਨਿਗਮ ਚੋਣਾਂ ਦੀਆਂ ਤਿਆਰੀਆਂ ਦਾ ਆਬਜ਼ਰਵਰ ਨੇ ਲਿਆ ਜਾਇਜ਼ਾ
ਹੁਸ਼ਿਆਰਪੁਰ (ਘੁੰਮਣ)- 5 ਜੁਲਾਈ ਨੂੰ ਹੋਣ ਵਾਲੀਆਂ ਨਗਰ ਨਿਗਮ ਹੁਸ਼ਿਆਰਪੁਰ ਚੋਣਾਂ ਦੇ ਮੱਦੇਨਜ਼ਰ ਰਾਜ ਚੋਣ ਕਮਿਸ਼ਨ ਵੱਲੋਂ ਨਿਯੁਕਤ ਆਬਜ਼ਰਵਰ ਅਤੇ ਐੱਮ. ਡੀ. ਸ਼ੂਗਰਫੈੱਡ ਸੇਨੂ ਦੁੱਗਲ ਨੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨਿਕਾਸ ਕੁਮਾਰ ਨਾਲ ਮਿਲ ਕੇ ਚੋਣ ਪ੍ਰਬੰਧਾਂ ਦਾ ਵਿਸਥਾਰਪੂਰਵਕ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਨਗਰ ਨਿਗਮ ਦੇ 50 ਵਾਰਡਾਂ ਲਈ ਕੁੱਲ੍ਹ 1,33,569 ਵੋਟਰ 5 ਜੁਲਾਈ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਉਨ੍ਹਾਂ ਦੱਸਿਆ ਕਿ ਚੋਣਾਂ ਨੂੰ ਸੁਚਾਰੂ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ 139 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ। ਉਨ੍ਹਾਂ ਹੋਰ ਦੱਸਿਆ ਕਿ ਚੋਣਾਂ ਦੇ ਮੱਦੇਨਜ਼ਰ 12 ਸੰਵੇਦਨਸ਼ੀਲ ਸਥਾਨਾਂ ਦੀ ਪਛਾਣ ਕੀਤੀ ਗਈ ਹੈ, ਜਿੱਥੇ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਸਹਾਇਕ ਕਮਿਸ਼ਨਰ (ਅੰਡਰ ਟ੍ਰੇਨਿੰਗ) ਗੁਰਕੰਵਲ ਸਿੰਘ ਵੀ ਮੌਜੂਦ ਸਨ।

PunjabKesari

ਇਹ ਵੀ ਪੜ੍ਹੋ: ਅਗਲੇ 24 ਘੰਟੇ ਅਹਿਮ! ਪੰਜਾਬ 'ਚ ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ Alert,ਮੌਸਮ ਵਿਭਾਗ ਨੇ ਦਿੱਤੀ ਵੱਡੀ ਚਿਤਾਵਨੀ

ਰਾਜ ਚੋਣ ਕਮਿਸ਼ਨ ਵੱਲੋਂ ਨਿਯੁਕਤ ਆਈ. ਏ. ਐੱਸ. ਅਧਿਕਾਰੀ ਅਤੇ ਚੋਣ ਆਬਜ਼ਰਵਰ ਸੇਨੂ ਦੁੱਗਲ ਦਾ ਕੈਂਪ ਦਫ਼ਤਰ ਪੀ. ਡਬਲਿਊ. ਡੀ. ਰੈਸਟ ਹਾਊਸ, ਸਿਵਲ ਲਾਈਨਜ਼, ਹੁਸ਼ਿਆਰਪੁਰ ਵਿਖੇ ਸਥਾਪਤ ਕੀਤਾ ਗਿਆ ਹੈ। ਚੋਣਾਂ ਨਾਲ ਸਬੰਧਤ ਕਿਸੇ ਵੀ ਮਾਮਲੇ ਸਬੰਧੀ ਉਨ੍ਹਾਂ ਨਾਲ ਮੋਬਾਇਲ ਨੰਬਰ 94787-84338 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸੇ ਦੌਰਾਨ ਰਾਜ ਚੋਣ ਕਮਿਸ਼ਨ ਵੱਲੋਂ ਆਈ. ਪੀ. ਐੱਸ. ਅਧਿਕਾਰੀ ਗੁਰਪ੍ਰੀਤ ਸਿੰਘ ਨੂੰ ਨਗਰ ਨਿਗਮ ਹੁਸ਼ਿਆਰਪੁਰ ਚੋਣਾਂ ਲਈ ਪੁਲਸ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਪੁਲਸ ਆਬਜ਼ਰਵਰ ਵਜੋਂ ਉਹ ਚੋਣ ਪ੍ਰਕਿਰਿਆ ਦੌਰਾਨ ਕਾਨੂੰਨ-ਵਿਵਸਥਾ ਅਤੇ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕਰਨ ਦੇ ਨਾਲ-ਨਾਲ ਚੋਣਾਂ ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਕਰਵਾਉਣ ਲਈ ਪੁਲਸ ਪ੍ਰਬੰਧਾਂ ਦਾ ਜਾਇਜ਼ਾ ਲੈਣਗੇ। ਉਨ੍ਹਾਂ ਦਾ ਕੈਂਪ ਦਫ਼ਤਰ ਵੀ ਪੀ. ਡਬਲਿਊ. ਡੀ. ਰੈਸਟ ਹਾਊਸ, ਸਿਵਲ ਲਾਈਨਜ਼, ਹੁਸ਼ਿਆਰਪੁਰ ਵਿਖੇ ਸਥਾਪਤ ਕੀਤਾ ਗਿਆ ਹੈ। ਜ਼ਿਲ੍ਹਾ ਵਾਸੀ ਅਤੇ ਚੋਣ ਪ੍ਰਕਿਰਿਆ ਨਾਲ ਜੁੜਿਆ ਕੋਈ ਵੀ ਵਿਅਕਤੀ ਕਾਨੂੰਨ-ਵਿਵਸਥਾ ਜਾਂ ਸੁਰੱਖਿਆ ਨਾਲ ਸਬੰਧਤ ਮਾਮਲਿਆਂ ਸਬੰਧੀ ਪੁਲਿਸ ਆਬਜ਼ਰਵਰ ਨਾਲ ਮੋਬਾਇਲ ਨੰਬਰ 'ਤੇ ਸੰਪਰਕ ਕਰ ਸਕਦਾ ਹੈ।

ਇਹ ਵੀ ਪੜ੍ਹੋ: ਚਰਨਜੀਤ ਚੰਨੀ ਦੀ ਰਿਹਾਇਸ਼ 'ਤੇ ਨਾਰਾਜ਼ ਕਾਂਗਰਸੀ ਆਗੂਆਂ ਦੀ ਹੋਈ ਮੀਟਿੰਗ! ਲਿਆ ਗਿਆ ਵੱਡਾ ਫ਼ੈਸਲਾ

ਵੋਟਿੰਗ ਪ੍ਰਕਿਰਿਆ ਸਮਾਪਤ ਹੋਣ ਤੱਕ ਪੰਜ ਤੋਂ ਵੱਧ ਵਿਅਕਤੀਆਂ ਦੇ ਜਨਤਕ ਇਕੱਠਾਂ ’ਤੇ ਪਾਬੰਦੀ
ਨਗਰ ਨਿਗਮ ਚੋਣਾਂ-2026 ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟ੍ਰੇਟ ਆਸ਼ਿਕਾ ਜੈਨ ਵੱਲੋਂ ਜ਼ਿਲ੍ਹੇ ’ਚ ਕਾਨੂੰਨ-ਵਿਵਸਥਾ ਬਣਾਈ ਰੱਖਣ ਅਤੇ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਵੋਟਿੰਗ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਮਹੱਤਵਪੂਰਨ ਹੁਕਮ ਜਾਰੀ ਕੀਤੇ ਗਏ ਹਨ। ਜਾਰੀ ਹੁਕਮਾਂ ਅਨੁਸਾਰ ਨਗਰ ਨਿਗਮ ਚੋਣਾਂ ਵਾਲੇ ਖੇਤਰ 'ਚ 3 ਜੁਲਾਈ ਸ਼ਾਮ 4 ਵਜੇ ਤੋਂ ਲੈ ਕੇ 5 ਜੁਲਾਈ ਨੂੰ ਵੋਟਿੰਗ ਪ੍ਰਕਿਰਿਆ ਸਮਾਪਤ ਹੋਣ ਤੱਕ ਪੰਜ ਤੋਂ ਵੱਧ ਵਿਅਕਤੀਆਂ ਦੇ ਜਨਤਕ ਤੌਰ 'ਤੇ ਇਕੱਠੇ ਹੋਣ ਅਤੇ ਜਨਤਕ ਮੀਟਿੰਗਾਂ ਜਾਂ ਸਭਾਵਾਂ ਕਰਨ 'ਤੇ ਪਾਬੰਦੀ ਰਹੇਗੀ। ਜ਼ਿਲ੍ਹਾ ਮੈਜਿਸਟ੍ਰੇਟ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਇਹ ਹੁਕਮ ਜਾਰੀ ਕੀਤੇ ਹਨ। ਹੁਕਮਾਂ ਮੁਤਾਬਕ ਨਗਰ ਨਿਗਮ ਚੋਣਾਂ ਵਾਲੇ ਖੇਤਰਾਂ 'ਚ 48 ਘੰਟਿਆਂ ਦੀ ਮਿਆਦ ਦੌਰਾਨ ਕਿਸੇ ਵੀ ਤਰ੍ਹਾਂ ਦੀ ਗੈਰ-ਕਾਨੂੰਨੀ ਸਭਾ ਜਾਂ ਜਨਤਕ ਮੀਟਿੰਗ ਆਯੋਜਿਤ ਨਹੀਂ ਕੀਤੀ ਜਾ ਸਕੇਗੀ। ਹਾਲਾਂਕਿ ਹੁਕਮਾਂ 'ਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰਨ 'ਤੇ ਕੋਈ ਪਾਬੰਦੀ ਨਹੀਂ ਹੋਵੇਗੀ ਪਰ ਡੋਰ-ਟੂ-ਡੋਰ ਚੋਣ ਪ੍ਰਚਾਰ ਵੱਧ ਤੋਂ ਵੱਧ ਚਾਰ ਵਿਅਕਤੀਆਂ ਦੇ ਸਮੂਹ ਤੱਕ ਹੀ ਸੀਮਿਤ ਰਹੇਗਾ।

ਇਹ ਵੀ ਪੜ੍ਹੋ: ਜਲੰਧਰ: ਨਸ਼ੇ 'ਚ ਟੱਲੀ ASI ਦਾ ਕਾਰਾ! ਭਾਜਪਾ ਆਗੂ ਦੀ ਠੋਕ 'ਤੀ ਗੱਡੀ, ਵੀਡੀਓ ਵਾਇਰਲ ਹੋਣ ਮਗਰੋਂ ਡਿੱਗੀ ਗਾਜ

ਇਸ ਤੋਂ ਇਲਾਵਾ ਜ਼ਿਲ੍ਹਾ ਮੈਜਿਸਟ੍ਰੇਟ ਨੇ ਨਿਰਦੇਸ਼ ਦਿੱਤੇ ਹਨ ਕਿ ਸਬੰਧਤ ਚੋਣ ਹਲਕੇ ਦੇ ਰਜਿਸਟਰਡ ਵੋਟਰ ਨਾ ਹੋਣ ਵਾਲੇ ਸਾਰੇ ਰਾਜਨੀਤਿਕ ਆਗੂਆਂ, ਅਹੁਦੇਦਾਰਾਂ ਅਤੇ ਪਾਰਟੀ ਵਰਕਰਾਂ ਨੂੰ 3 ਜੁਲਾਈ ਸ਼ਾਮ 4 ਵਜੇ ਤੋਂ ਲੈ ਕੇ ਵੋਟਿੰਗ ਸਮਾਪਤ ਹੋਣ ਤੱਕ ਸਬੰਧਤ ਚੋਣ ਖੇਤਰ ਛੱਡਣਾ ਹੋਵੇਗਾ। ਜ਼ਿਲ੍ਹਾ ਪ੍ਰਸ਼ਾਸਨ ਨੇ ਦੱਸਿਆ ਕਿ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੇ ਗਏ ਹਨ। ਜ਼ਿਲ੍ਹਾ ਮੈਜਿਸਟ੍ਰੇਟ ਆਸ਼ਿਕਾ ਜੈਨ ਵੱਲੋਂ ਜਾਰੀ ਇਹ ਹੁਕਮ 3 ਜੁਲਾਈ 2026 ਨੂੰ ਸ਼ਾਮ 4 ਵਜੇ ਤੋਂ ਲਾਗੂ ਹੋ ਗਏ ਹਨ ਅਤੇ 5 ਜੁਲਾਈ 2026 ਨੂੰ ਵੋਟਿੰਗ ਪ੍ਰਕਿਰਿਆ ਸਮਾਪਤ ਹੋਣ ਤੱਕ ਪ੍ਰਭਾਵੀ ਰਹਿਣਗੇ।

PunjabKesari

ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ-2026 ਲਈ ਹਰਪ੍ਰੀਤ ਸਿੰਘ ਆਈ. ਪੀ. ਐੱਸ. ਪੁਲਸ ਅਬਜ਼ਰਵਰ ਨਿਯੁਕਤ

ਫਿਰੋਜ਼ਪੁਰ (ਪਰਮਜੀਤ ਸੋਢੀ)- ਪੰਜਾਬ ਰਾਜ ਵਿਚ ਨਗਰ ਕੌਂਸਲ ਗੁਰੂਹਰਸਹਾਏ ਅਤੇ ਨਗਰ ਪੰਚਾਇਤ ਮਮਦੋਟ ਦੀਆਂ ਚੋਣਾਂ ਮਿਤੀ 5 ਜੁਲਾਈ 2026 ਨੂੰ ਕਰਵਾਈਆਂ ਜਾ ਰਹੀਆਂ ਹਨ। ਚੋਣ ਪ੍ਰਕਿਰਿਆ ਨੂੰ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਸੰਪੰਨ ਕਰਵਾਉਣ ਲਈ ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਹਰਪ੍ਰੀਤ ਸਿੰਘ ਆਈ. ਪੀ. ਐੱਸ. ਡੀ. ਆਈ. ਜੀ. ਈ. ਓ. ਡਬਲਿਊ, ਵਿਜੀਲੈਂਸ ਬਿਊਰੋ ਨੂੰ ਪੁਲਿਸ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਦੀਪਸ਼ਿਖਾ ਸ਼ਰਮਾ ਨੇ ਸਾਂਝੀ ਕੀਤੀ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਸ੍ਰੀ ਹਰਪ੍ਰੀਤ ਸਿੰਘ ਜ਼ਿਲ੍ਹੇ ਅੰਦਰ ਚੋਣਾਂ ਦੌਰਾਨ ਅਮਨ ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕਰਨਗੇ। ਜ਼ਿਲ੍ਹੇ ਦੇ ਵੋਟਰ, ਉਮੀਦਵਾਰ ਜਾਂ ਰਾਜਨੀਤਿਕ ਪਾਰਟੀਆਂ ਚੋਣ ਪ੍ਰਕਿਰਿਆ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਸਬੰਧੀ ਸ਼ਿਕਾਇਤ ਜਾਂ ਸੁਝਾਅ ਬਾਰੇ ਉਨ੍ਹਾਂ ਨਾਲ ਮੋਬਾਇਲ ਨੰਬਰ 98144-32144 ਜਾਂ ਈ.ਮੇਲ ’ਤੇ ਸੰਪਰਕ ਕਰ ਸਕਦੇ ਹਨ।

ਇਹ ਵੀ ਪੜ੍ਹੋ: ਪੰਜਾਬ ਦਾ ਇਹ ਅਧਿਕਾਰੀ ਗ੍ਰਿਫ਼ਤਾਰ! ਕਾਰਨਾਮਾ ਜਾਣ ਹੋਵੋਗੇ ਹੈਰਾਨ

ਨਗਰ ਕੌਂਸਲ ਚੋਣਾਂ-2026: ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਹਰਪ੍ਰੀਤ ਸਿੰਘ ਜੱਗੀ ਪੁਲਸ ਅਬਜ਼ਰਬਰ ਫਾਜ਼ਿਲਕਾ ਨਿਯੁਕਤ
ਫਾਜਿ਼ਲਕਾ, 3ਜੁਲਾਈ ( ਨਾਗਪਾਲ) ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਜਲਾਲਾਬਾਦ (ਫਾਜ਼ਿਲਕਾ) ਨਗਰ ਕੌਂਸਲ ਚੋਣਾਂ-2026 ਨੂੰ ਮੁੱਖ ਰੱਖਦੇ ਹੋਏ ਹਰਪ੍ਰੀਤ ਸਿੰਘ ਜੱਗੀ ਆਈ. ਪੀ. ਐੱਸ, ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਸ, ਆਰਥਕ ਅਪਰਾਧ ਸ਼ਾਖਾ, ਵਿਜੀਲੈਂਸ ਬਿਊਰੋ ਪੰਜਾਬ ਨੂੰ ਪੁਲਿਸ ਅਬਜਰਵਰ ਫਿਰੋਜ਼ਪੁਰ/ਫਾਜ਼ਿਲਕਾ ਰੇਂਜ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦਾ ਹੈੱਡਕੁਆਟਰ ਜ਼ਿਲ੍ਹਾ ਫਿਰੋਜਪੁਰ ਰਹੇਗਾ। ਉਨ੍ਹਾਂ ਦਾ ਕੰਟੈਕਟ ਨੰਬਰ 98144-32144 ਹੈ ਅਤੇ ਈ-ਮੇਲ ਆਈ ਡੀ: Harpreet.singh144@punjabpolice.gov.in ਹੈ। ਉਨ੍ਹਾਂ ਜ਼ਿਲ੍ਹੇ ਦੇ ਸਾਰੇ ਵੋਟਰਾਂ ਨੂੰ ਬਿਨਾਂ ਕਿਸੇ ਡਰ, ਭੈਅ ਅਤੇ ਲਾਲਚ ਦੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ: ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵੇਂ ਅਹੁਦੇਦਾਰਾਂ ਦਾ ਐਲਾਨ! ਇਨ੍ਹਾਂ ਆਗੂਆਂ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

shivani attri

Content Editor

Related News