ਸੀਵਰੇਜ ਦੇ ਖੁੱਲ੍ਹੇ ਮੈਨਹੋਲ ਬਣ ਰਹੇ ਨੇ ਲੋਕਾਂ ਦੀ ਜਾਨ ਦਾ ਖਤਰਾ, ਵਿਭਾਗ ਬੇਖਬਰ

12/10/2018 3:08:29 AM

ਸ੍ਰੀ ਮੁਕਤਸਰ ਸਾਹਿਬ, (ਦਰਦੀ)- ਜ਼ਿਲੇ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਕਾਰਗੁਜ਼ਾਰੀ ਤੋਂ ਸ਼ਾਇਦ ਹੀ ਕੋਈ ਸ਼ਹਿਰ ਵਾਸੀ ਸੰਤੁਸ਼ਟ ਹੋਵੇ। ਵਾਟਰ ਵਰਕਸ ਤੋਂ ਸ਼ੁੱਧ ਪਾਣੀ ਦੀ ਸਪਲਾਈ ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ਵਿਚ ਨਹੀਂ ਮਿਲਦੀ। ਪਾਣੀ ਦੀ ਸਪਲਾਈ ਲਈ ਕੋਈ ਸਮਾਂ ਨਿਰਧਾਰਿਤ ਨਹੀਂ ਹੈ। ਸ਼ਹਿਰ ਵਾਸੀ ਪਿਛਲੇ ਲੰਮੇ ਸਮੇਂ ਤੋਂ ਸੀਵਰੇਜ ਦੇ ਮਾੜੇ ਪ੍ਰਬੰਧ ਨੂੰ ਝੱਲਦੇ ਆ ਰਹੇ ਹਨ। ਵੱਖ-ਵੱਖ ਗਲੀਆਂ, ਬਾਜ਼ਾਰਾਂ ਅਤੇ ਸ਼ਡ਼ਕਾਂ ’ਤੇ ਸੀਵਰੇਜ ਦਾ ਗੰਦਾ ਪਾਣੀ ਭਰਿਆ ਰਹਿੰਦਾ ਹੈ। ਵਿਭਾਗ ਕਦੇ-ਕਦਾਈਂ ਸੀਵਰੇਜ ਦੀ ਸਫਾਈ ਤਾਂ ਕਰਦਾ ਹੈ ਪਰ ਸ਼ਾਇਦ ਹੀ ਉੱਥੇ ਪਈ ਗੰਦਗੀ ਨੂੰ ਚੁੱਕਿਆ ਹੋਵੇ। ਇਸ ਸਬੰਧੀ ਜਦੋਂ ਗੱਲ ਕੀਤੀ ਜਾਂਦੀ ਹੈ ਤਾਂ ਵਿਭਾਗ ਇਹ ਗੰਦਗੀ ਚੁੱਕਣ ਦੀ ਜ਼ਿੰਮੇਵਾਰੀ ਨਗਰ ਕੌਂਸਲ ’ਤੇ ਪਾਉਂਦਾ ਹੈ ਅਤੇ ਨਗਰ ਕੌਂਸਲ ਵਾਲੇ ਇਸ ਸਬੰਧੀ ਕਦੇ ਸੰਤੋਸ਼ਜਨਕ ਉੱਤਰ ਨਹੀਂ ਦਿੰਦੇ। ਇੰਝ ਜਾਪਦਾ ਹੈ ਕਿ ਜਿਵੇਂ ਸਥਾਨਕ ਜਨ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਮੁਲਜ਼ਮ ਕੁੰਭਕਰਨੀ ਨੀਂਦ ਸੁੱਤੇ ਪਏ ਹਨ ਅਤੇ ਉਨ੍ਹਾਂ ਨੂੰ ਪਹਿਲ ਦੇ ਅਾਧਾਰ ’ਤੇ ਹੱਲ ਕੀਤੀ ਜਾਣ ਵਾਲੀ ਉਕਤ ਸਮੱਸਿਆ ਨੂੰ ਵੇਖਣ, ਸਮਝਣ ਅਤੇ ਸੁਧਾਰਨ ਦਾ ਚੇਤਾ ਵੀ ਨਹੀਂ ਹੈ। ਇੰਨਾ ਹੀ ਨਹੀਂ, ਸ਼ਹਿਰ ਦੇ ਕਈ ਹਿੱਸਿਆਂ ਵਿਚ ਸੀਵਰੇਜ ਦੇ ਮੈਨਹੋਲ ਬਿਨਾਂ ਢੱਕਣਾਂ ਤੋਂ ਖੁੱਲ੍ਹੇ ਪਏ ਹਨ ਅਤੇ ਕਈ ਥਾਵਾਂ ’ਤੇ ਅਕਸਰ ਟੁੱਟੇ ਹੋਏ ਦੇਖੇ ਜਾ ਸਕਦੇ ਹਨ। ਇਨ੍ਹਾਂ ਟੁੱਟੇ ਢੱਕਣਾਂ ਵਾਲੇ ਅਤੇ ਖੁੱਲ੍ਹੇ ਮੈਨਹੋਲਾਂ ਵਿਚ ਕਈ ਵਿਅਕਤੀ ਡਿੱਗ ਕੇ ਆਪਣੀਆਂ ਲੱਤਾਂ-ਬਾਹਵਾਂ ਤੁਡ਼ਵਾ ਚੁੱਕੇ ਹਨ। ਇੱਥੋਂ ਤੱਕ ਕਈ ਵਿਅਕਤੀ ਤਾਂ ਸਥਾਈ ਤੌਰ ’ਤੇ ਨਕਾਰਾ ਵੀ ਹੋ ਚੁੱਕੇ ਹਨ ਪਰ ਇਸ ਦੇ ਬਾਵਜੂਦ ਸਬੰਧਤ ਵਿਭਾਗ ਬੇਖਬਰ ਹੈ। ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਲਾਇਨਜ਼ ਕਲੱਬ, ਮੁਕਤੀਸਰ ਵੈੱਲਫੇਅਰ ਕਲੱਬ, ਆਸ਼ੀਰਵਾਦ ਕਲੱਬ ਆਦਿ ਨੇ ਸਬੰਧਤ ਵਿਭਾਗ ਨੂੰ ਇਸ ਸਬੰਧੀ ਧਿਆਨ ਦੇਣ ਦੀ ਕਈ ਵਾਰ ਬੇਨਤੀ ਕੀਤੀ ਹੈ ਕਿ ਇਸ ’ਤੇ ਕੋਈ ਕਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੀਵਰੇਜ ਵਿਭਾਗ ਟੁੱਟੇ ਅਤੇ ਖੁੱਲ੍ਹੇ ਮੈਨਹੋਲਾਂ ਦੇ ਢੱਕਣਾਂ ਜਲਦ ਠੀਕ ਕਰਵਾਏ ਅਤੇ ਇਸ ਸਬੰਧੀ ਲੰਮੇ ਸਮੇਂ ਤੋਂ ਲਾਪ੍ਰਵਾਹੀ ਵਰਤਣ ਵਾਲੇ ਸਬੰਧਤ ਅਧਿਕਾਰੀਆਂ ਤੇ ਮੁਲਾਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। 


KamalJeet Singh

Content Editor

Related News