50 ਫੀਸਦੀ ਹਾਜ਼ਰੀ ਤੇ ਕੋਰੋਨਾ ਸਾਵਧਾਨੀਆਂ ਨਾਲ ਖੋਲ੍ਹੇ ਜਾਣ ਸਕੂਲ :  ਡੀ. ਟੀ. ਐੱਫ.

Thursday, Jan 20, 2022 - 03:33 PM (IST)

50 ਫੀਸਦੀ ਹਾਜ਼ਰੀ ਤੇ ਕੋਰੋਨਾ ਸਾਵਧਾਨੀਆਂ ਨਾਲ ਖੋਲ੍ਹੇ ਜਾਣ ਸਕੂਲ :  ਡੀ. ਟੀ. ਐੱਫ.

ਸੰਗਰੂਰ (ਵਿਜੈ ਕੁਮਾਰ ਸਿੰਗਲਾ)-ਕੋਰੋਨਾ ਪਾਬੰਦੀਆਂ ਦੇ ਚਲਦਿਆਂ ਸਕੂਲ ਬੰਦ ਹੋਣ ਕਾਰਣ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਫ਼ਿਕਰਮੰਦੀ ਦਾ ਵਿਸ਼ਾ ਹੈ, ਜਿਸ ਦੇ ਹੱਲ ਲਈ ਕੋਰੋਨਾ ਸਾਵਧਾਨੀਆਂ ਵਰਤਦਿਆਂ ਵਿਦਿਆਰਥੀਆਂ ਤੇ ਅਧਿਆਪਕਾਂ ਦੀ 50 ਫੀਸਦੀ ਹਾਜ਼ਰੀ ਨਾਲ ਸਕੂਲ ਖੋਲ੍ਹਣੇ ਵਕਤ ਦੀ ਮੰਗ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪ੍ਰਤੀਨਿਧ ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਦਿੱਗਵਿਜੇ ਪਾਲ ਸ਼ਰਮਾ ਨੇ ਆਖਿਆ ਕਿ ਆਨਲਾਈਨ ਸਿੱਖਿਆ ਕਿਸੇ ਤਰ੍ਹਾਂ ਵੀ ਸਕੂਲੀ ਪੜ੍ਹਾਈ ਦਾ ਬਦਲ ਨਹੀਂ ਹੈ। ਉਨ੍ਹਾਂ ਆਖਿਆ ਕਿ ਜੇਕਰ ਬੱਸਾਂ, ਸਿਨੇਮਾ ਹਾਲ, ਟ੍ਰੇਨਿੰਗ ਸੈਂਟਰ ਤੇ ਚੋਣ ਰੈਲੀਆਂ ਹੋ ਸਕਦੀਆਂ ਹਨ ਤਾਂ ਫ਼ਿਰ ਕੋਰੋਨਾ ਸਾਵਧਾਨੀਆਂ ਨਾਲ ਸਕੂਲ ਕਿਉਂ ਨਹੀਂ ਖੋਲ੍ਹੇ ਜਾ ਸਕਦੇ ? ਡੀ.ਟੀ.ਐੱਫ. ਸੂਬਾ ਕਮੇਟੀ ਦੇ ਫ਼ੈਸਲੇ ’ਤੇ ਅਮਲ ਕਰਦਿਆਂ ਜ਼ਿਲ੍ਹਾ ਸੰਗਰੂਰ ਦੀ ਇਕਾਈ ਦੇ ਪ੍ਰਧਾਨ ਬਲਬੀਰ ਲੌਂਗੋਵਾਲ ਤੇ ਹਰਭਗਵਾਨ ਗੁਰਨੇ ਤੇ ਸਮੁੱਚੀ ਜ਼ਿਲ੍ਹਾ ਕਮੇਟੀ ਗੁਰਮੇਲ ਬਖਸ਼ੀਵਾਲਾ, ਨੈਬ ਸਿੰਘ ਤੇ ਰਾਜਬੀਰ ਦਿੜ੍ਹਬਾ ਨੇ ਸਪੱਸ਼ਟ ਕੀਤਾ ਕਿ ਸੋਚੀ-ਸਮਝੀ ਸਾਜ਼ਿਸ਼ ਤਹਿਤ ਕੋਰੋਨਾ ਬਹਾਨੇ ਵਿਦਿਆਰਥੀਆਂ ਨੂੰ ਸਕੂਲਾਂ ਤੋਂ ਬਾਹਰ ਕਰ ਕੇ ਮਾਨਸਿਕ ਤੌਰ ’ਤੇ ਅਪਾਹਜ ਬਣਾਇਆ ਜਾ ਰਿਹਾ ਹੈ। ਭਵਿੱਖ ’ਚ ਇਸ ਦੇ ਮਾਰੂ ਸਿੱਟਿਆਂ ਦਾ ਸਾਹਮਣਾ ਮਾਪਿਆਂ ਤੇ ਸਮਾਜ ਨੂੰ ਕਰਨਾ ਪਵੇਗਾ।

ਅਧਿਆਪਕ ਆਗੂਆਂ ਨੇ ਆਖਿਆ ਕਿ ਇੰਟਰਨੈੱਟ ਦੇ ਵਧੇ ਹੋਏ ਖਰਚਿਆਂ ਸਦਕਾ ਜ਼ਿਆਦਾਤਰ ਵਿਦਿਆਰਥੀ ਆਨਲਾਈਨ ਸਿੱਖਿਆ ਤੋਂ ਦੂਰ ਹਨ ਪਰ ਅਧਿਕਾਰੀ ਘਰ ਬੈਠੇ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਰਾਹੀਂ ਪੜ੍ਹਾਉਣ ਦੇ ਫ਼ਰਮਾਨ ਜਾਰੀ ਕਰਕੇ ਕਾਗਜ਼ਾਂ ਦਾ ਢਿੱਡ ਭਰ ਰਹੇ ਹਨ। ਆਗੂਆਂ ਨੇ ਦੱਸਿਆ ਕਿ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਅੱਜ 21 ਜਨਵਰੀ ਨੂੰ ਸਾਰੇ ਡਿਪਟੀ ਕਮਿਸ਼ਨਰਾਂ ਰਾਹੀਂ ਕੋਰੋਨਾ ਸਾਵਧਾਨੀਆਂ ਦੀ ਪਾਲਣਾ ਕਰਦਿਆਂ 50 ਫੀਸਦੀ ਸਟਾਫ ਤੇ ਵਿਦਿਆਰਥੀਆਂ ਨਾਲ਼ ਸੂਬੇ ਦੇ ਸਾਰੇ ਸਕੂਲ ਖੋਲ੍ਹਣ ਸੰਬੰਧੀ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜੇ ਜਾਣਗੇ।


author

Manoj

Content Editor

Related News