ਪੁਲਸ ਚੈਕਿੰਗ ਦੌਰਾਨ ਨਸ਼ਾ ਤਸਕਰ ਗ੍ਰਿਫ਼ਤਾਰ

Tuesday, Jun 16, 2026 - 06:55 PM (IST)

ਪੁਲਸ ਚੈਕਿੰਗ ਦੌਰਾਨ ਨਸ਼ਾ ਤਸਕਰ ਗ੍ਰਿਫ਼ਤਾਰ

​ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ)- ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਸ ਨੂੰ ਉਸ ਸਮੇਂ ਇਕ ਵੱਡੀ ਸਫ਼ਲਤਾ ਮਿਲੀ, ਜਦੋਂ ਗਸ਼ਤ ਦੌਰਾਨ ਇਕ ਨੌਜਵਾਨ ਨੂੰ 150 ਗ੍ਰਾਮ ਹੈਰੋਇਨ ਅਤੇ ਨਕਦੀ ਸਮੇਤ ਕਾਬੂ ਕੀਤਾ ਗਿਆ। ਮੁਲਜ਼ਮ ਕੋਲੋਂ ਇਕ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ, ਜਿਸ ਦੀ ਨੰਬਰ ਪਲੇਟ ਮੁੜੀ ਹੋਈ ਸੀ।

​ਮਿਲੀ ਜਾਣਕਾਰੀ ਅਨੁਸਾਰ ਸਹਾਇਕ ਸਬ-ਇੰਸਪੈਕਟਰ ਬਿੰਦਰਪਾਲ ਸਿੰਘ ਸਮੇਤ ਪੁਲਸ ਪਾਰਟੀ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਅਤੇ ਗਸ਼ਤ ਦੇ ਸਬੰਧ ਵਿਚ ਸ੍ਰੀ ਮੁਕਤਸਰ ਸਾਹਿਬ ਤੋਂ ਫ਼ਿਰੋਜ਼ਪੁਰ ਰੋਡ ਵੱਲ ਜਾ ਰਹੇ ਸਨ। ਜਦੋਂ ਪੁਲਸ ਪਾਰਟੀ ਸੇਂਟ ਸਹਾਰਾ ਕਾਲਜ ਤੋਂ ਕਰੀਬ 2 ਕਿਲੋਮੀਟਰ ਅੱਗੇ ਪੁੱਜੀ ਤਾਂ ਸੜਕ ਦੇ ਸੱਜੇ ਪਾਸੇ ਮੋਟਰਸਾਈਕਲ 'ਤੇ ਬੈਠਾ ਇਕ ਨੌਜਵਾਨ ਆਪਣੇ ਹੱਥ ਵਿਚ ਫੜੇ ਇਕ ਪਾਰਦਰਸ਼ੀ ਲਿਫ਼ਾਫ਼ੇ ਨੂੰ ਫਰੋਲਦਾ ਦਿਖਾਈ ਦਿੱਤਾ। ​ਪੁਲਸ ਦੀ ਗੱਡੀ ਨੂੰ ਵੇਖ ਕੇ ਉਕਤ ਨੌਜਵਾਨ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਪਾਰਟੀ ਨੇ ਮੁਸਤੈਦੀ ਦਿਖਾਉਂਦੇ ਹੋਏ ਤੁਰੰਤ ਮੁਲਾਜ਼ਮਾਂ ਦੀ ਮਦਦ ਨਾਲ ਉਸ ਨੂੰ ਕਾਬੂ ਕਰ ਲਿਆ।
 
ਜਦੋਂ ਪੁਲਸ ਵੱਲੋਂ ਮੁਲਜ਼ਮ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਹੱਥ ਵਿੱਚ ਫੜੇ ਪਾਰਦਰਸ਼ੀ ਮੋਮੀ ਲਿਫ਼ਾਫ਼ੇ ਵਿੱਚੋਂ 150 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਤੋਂ ਇਲਾਵਾ, ਉਸ ਵੱਲੋਂ ਪਹਿਨੀ ਹੋਈ ਲੋਅਰ ਦੀ ਸੱਜੀ ਜੇਬ ਵਿਚੋਂ 100-100 ਰੁਪਏ ਦੇ 2 ਨੋਟ ਵੀ ਮਿਲੇ। ਪੁੱਛਗਿੱਛ ਦੌਰਾਨ ਨੌਜਵਾਨ ਨੇ ਆਪਣੀ ਪਛਾਣ ਵਿਸ਼ਾਲ ਉਰਫ਼ ਗੋਲਡੀ ਵਜੋਂ ਦੱਸੀ। ​ਪੁਲਸ ਨੇ ਨਸ਼ੀਲੇ ਪਦਾਰਥ ਅਤੇ ਮੋਟਰਸਾਈਕਲ ਨੂੰ ਕਬਜ਼ੇ ਵਿਚ ਲੈ ਕੇ ਮੁਲਜ਼ਮ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਮੁਲਜ਼ਮ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਇਹ ਨਸ਼ਾ ਕਿੱਥੋਂ ਲੈ ਕੇ ਆਇਆ ਸੀ ਅਤੇ ਅੱਗੇ ਕਿਸ ਨੂੰ ਸਪਲਾਈ ਕਰਨਾ ਸੀ।


author

Anmol Tagra

Content Editor

Related News