ਐਸ.ਡੀ.ਐਮ. ਵੱਲੋਂ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਘਰਾਂ ਵਿਚ ਹੀ ਈਦ ਮਨਾਉਣ ਦੀ ਅਪੀਲ

05/23/2020 1:37:17 PM

ਮਲੇਰਕੋਟਲਾ(ਜ਼ਹੂਰ/ਸ਼ਹਾਬੂਦੀਨ) - ਈਦ ਦੇ ਸਬੰਧ ਵਿਚ ਇਕ ਜ਼ਰੂਰੀ ਮੀਟਿੰਗ ਅੱਜ ਐਸ.ਡੀ.ਐਮ. ਦਫਤਰ ਮਲੇਰਕੋਟਲਾ ਵਿਖੇ ਹੋਈ। ਜਿਸ ਵਿਚ ਮੁਫਤੀ ਇਰਤਕਾ ਉਲ ਹਸਨ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਵੇਖਦੇ ਹੋਏ ਇਸ ਸਾਲ ਈਦ ਦੀ ਨਮਾਜ਼ ਆਪਣੇ-ਆਪਣੇ ਘਰਾਂ ਵਿਚ ਹੀ ਪੜ੍ਹੀ ਜਾਵੇ। ਈਦ-ਉਲ-ਫਿਤਰ ਨੂੰ ਲੈ ਕੇ ਕੀਤੇ ਜਾਣ ਵਾਲੇ ਪ੍ਰਬੰਧਾਂ ਦੇ ਸਬੰਧ ਵਿਚ ਐਸ.ਡੀ.ਐਮ. ਮਾਲੇਰਕੋਟਲਾ ਸ੍ਰੀ ਵਿਕਰਮਜੀਤ ਸਿੰਘ ਪਾਂਥੇ ਨਾਲ ਮੀਟਿੰਗ ਵਿਚ ਸ੍ਰੀ ਇਰਤਕਾ ਉਲ ਹਸਨ ਨੇ ਦੱਸਿਆ ਕਿ ਇਸ ਸਾਲ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਵੇਖਦੇ ਹੋਏ ਉਹ ਪਹਿਲਾਂ ਹੀ ਸੋਸ਼ਲ ਮੀਡੀਆ ਅਤੇ ਹੋਰ ਵੱਖ-ਵੱਖ ਸਾਧਨਾਂ ਰਾਹੀਂ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਇਸ ਸਾਲ ਈਦ ਦੀ ਨਮਾਜ਼ ਆਪਣੇ-ਆਪਣੇ ਘਰਾਂ ਵਿਚ ਹੀ ਪੜ੍ਹੀ ਜਾਵੇ। ਉਨ੍ਹਾਂ ਦੱਸਿਆ ਕਿ ਉਹ ਇਸ ਸਬੰਧ ਵਿਚ ਸਮੂਹ ਮੋਲਵੀ ਸਾਹਿਬਾਨ ਨੂੰ ਵੀ ਅਪੀਲ ਕਰਦੇ ਹਨ ਕਿ ਉਹ ਵੀ ਆਮ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਮਹਾਂਮਾਰੀ ਸਬੰਧੀ ਜਾਗਰੂਕ ਕਰਨ ਅਤੇ ਅਪੀਲ ਕਰਨ ਕਿ ਸਭ ਲੋਕ ਆਪਣੇ ਆਪਣੇ ਘਰਾਂ ਵਿਚ ਹੀ ਈਦ ਦੀ ਨਮਾਜ਼ ਅਦਾ ਕਰਨ।

ਮੀਟਿੰਗ ਵਿਚ ਹਾਜ਼ਰ ਸ੍ਰੀ ਮੁਹੰਮਦ ਸਲੀਮ, ਪ੍ਰਧਾਨ, ਈਦਗਾਹ ਕਮੇਟੀ ਨੇ ਦੱਸਿਆ ਕਿ ਇਸ ਵਾਰ ਈਦ ਆਪਣੇ-ਆਪਣੇ ਘਰਾਂ ਵਿਚ ਮਨਾਉਣ ਸਬੰਧੀ ਉਨ੍ਹਾਂ ਨੇ ਵੱਡੀ ਈਦਗਾਹ ਦੇ ਬਾਹਰ ਵੱਡੇ-ਵੱਡੇ ਪੋਸਟਰ ਚਿਪਕਾ ਦਿੱਤੇ ਹਨ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਪਤਾ ਲੱਗ ਸਕੇ।

ਇਸ ਮੋਕੇ ਸ੍ਰੀ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ. ਮਾਲੇਰਕੋਟਲਾ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਈਦ ਦੀ ਮੁਬਾਰਕਬਾਦ ਦਿੰਦਿਆਂ ਅਪੀਲ ਕੀਤੀ ਕਿ ਜਿਸ ਤਰ੍ਹਾਂ ਸ਼ਹਿਰ ਵਾਸੀਆਂ ਨੇ ਪਿਛਲੇ ਸਮੇਂ ਦੋਰਾਨ ਕੋਰੋਨਾ ਵਾਇਰਸ ਨੂੰ ਸ਼ਹਿਰ ਵਿਚ ਦਾਖਲ ਹੋਣ ਤੋਂ ਰੋਕਣ ਲਈ ਪ੍ਰਸ਼ਾਸਨ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਹੈ। ਉਸੇ ਤਰ੍ਹਾਂ ਈਦ ਦੇ ਮੁਬਾਰਕ ਦਿਨ ਵੀ ਸ਼ਹਿਰ ਵਾਸੀ ਇਸੇ ਤਰ੍ਹਾਂ ਸਹਿਯੋਗ ਦੇਣ ਤਾਂ ਜੋ ਮਾਲੇਰਕੋਟਲਾ ਸਬ ਡਵੀਜ਼ਨ ਕੋਰੋਨਾ ਮੁਕਤ ਰਹਿ ਸਕੇ। ਸ੍ਰੀ ਪਾਂਥੇ ਨੇ ਕਿਹਾ ਕਿ ਈਦ ਮੁਸਲਿਮ ਭਾਈਚਾਰੇ ਦਾ ਬਹੁਤ ਵੱਡਾ ਤਿਓਹਾਰ ਹੈ। ਪਰੰਤੂ ਮਾਨਯੋਗ ਡਿਪਟੀ ਕਮਿਸ਼ਨਰ, ਸੰਗਰੂਰ ਵੱਲੋਂ ਫਿਲਹਾਲ ਹਰ ਤਰ੍ਹਾਂ ਦੇ ਧਾਰਮਿਕ ਸਮਾਗਮਾਂ ਉਪਰ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ.

ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸ੍ਰੀ ਮਨਜੀਤ ਸਿੰਘ ਬਰਾੜ, ਐਸ.ਪੀ. ਮਲੇਰਕੋਟਲਾ, ਸ੍ਰੀ ਸੁਮਿਤ ਸੂਦ, ਡੀ.ਐਸ.ਪੀ. ਮਲੇਰਕੋਟਲਾ, ਸ੍ਰੀ ਜਸਬੀਰ ਸਿੰਘ, ਸੁਪਰਡੰਟ, ਐਸ.ਡੀ.ਐਮ. ਦਫਤਰ, ਮਾਲੇਰਕੋਟਲਾ, ਸ੍ਰੀ ਮਨਪ੍ਰੀਤ ਸਿੰਘ, ਕਲਰਕ ਐਸ.ਡੀ.ਐਮ. ਦਫਤਰ ਮਲੇਰਕੋਟਲਾ ਆਦਿ ਵੀ ਮੌਜੂਦ ਸਨ।


Harinder Kaur

Content Editor

Related News