ਭਾਰੀ ਮੀਂਹ ਕਾਰਨ ਬਠਿੰਡਾ ਹਾਲੋਂ-ਬੇਹਾਲ, ਕਈ ਇਲਾਕੇ ਸ਼ਹਿਰ ਤੋਂ ਹੋਏ ਵੱਖ

07/22/2020 2:05:43 PM

ਬਠਿੰਡਾ,(ਸੁਖਵਿੰਦਰ)-ਲਗਾਤਾਰ ਹੋ ਰਹੀ ਬਾਰਿਸ਼ ਨੇ ਬਠਿੰਡਾ ਮਹਾਨਗਰ ਨੂੰ ਬੇਹਾਲ ਕਰ ਦਿੱਤਾ ਹੈ। ਬੀਤੀ ਰਾਤ ਲਗਾਤਾਰ ਬਾਰਿਸ਼ ਹੁੰਦੀ ਰਹੀ, ਜਿਸ ਨਾਲ ਮਹਾਨਗਰ ਦੇ ਕਈ ਇਲਾਕੇ ਪਾਣੀ ਨਾਲ ਭਰ ਗਏ ਅਤੇ ਕਈ ਇਲਾਕੇ ਸ਼ਹਿਰ ਤੋਂ ਪੂਰੀ ਤਰ੍ਹਾਂ ਕੱਟੇ ਗਏ। ਅਹਿਤਿਹਾਤ ਦੇ ਤੌਰ 'ਤੇ ਕਈ ਸੜਕਾਂ ਨੂੰ ਬੰਦ ਕਰਨਾ ਪਿਆ, ਜਿਸ ਕਾਰਨ ਲੋਕਾਂ ਨੂੰ ਵਾਪਸ ਮੁੜਨਾ ਪਿਆ ਅਤੇ ਹੋਰ ਰਸਤਿਆਂ ਤੋਂ ਹੋ ਕਿ ਮੰਜ਼ਿਲ 'ਤੇ ਪਹੁੰਚੇ। ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਜ਼ਿਲੇ 'ਚ 104 ਐੱਮ. ਐੱਮ. ਬਾਰਿਸ਼ ਰਿਕਾਰਡ ਹੋਈ, ਜਦਕਿ ਪਿਛਲੇ ਤਿੰਨ ਦਿਨਾਂ 'ਚ 143 ਐੱਮ. ਐੱਮ. ਬਾਰਿਸ਼ ਰਿਕਾਰਡ ਕੀਤੀ ਗਈ ਹੈ। ਪਹਿਲੀ ਬਾਰਿਸ਼ ਦੇ ਪਾਣੀ ਦੀ ਨਿਕਾਸੀ ਅਜੇ ਤੱਕ ਨਹੀਂ ਹੋਈ ਸੀ। ਬੀਤੀ ਰਾਤ ਫਿਰ ਤੋਂ ਪੂਰੇ ਸ਼ਹਿਰ 'ਚ ਮੀਂਹ ਦਾ ਪਾਣੀ ਪੂਰੀ ਤਰ੍ਹਾਂ ਭਰ ਗਿਆ।

ਮੁੱਖ ਸੜਕਾਂ 'ਤੇ ਪਾਣੀ ਭਰਨ ਨਾਲ ਟ੍ਰੈਫਿਕ ਕਰਨਾ ਪਿਆ ਡਾਇਵਰਟ
ਮੁੱਖ ਸੜਕਾਂ 'ਤੇ ਕਈ-ਕਈ ਫੁੱਟ ਪਾਣੀ ਭਰਨ ਦੇ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ। ਮਹਾਨਗਰ ਦੇ ਪਰਸਰਾਮ ਨਗਰ ਅੰਡਰਬ੍ਰਿਜ਼, ਅਮਰਪੁਰਾ-ਮਹਿਣਾ ਬਸਤੀ ਅੰਡਰਬ੍ਰਿਜ਼ ਅਤੇ ਮਾਨਸਾ ਰੋਡ ਸਥਿਤ ਅੰਡਰਬ੍ਰਿਜ਼ ਪੂਰੀ ਤਰ੍ਹਾਂ ਪਾਣੀ ਨਾਲ ਭਰ ਗਏ, ਜਿਸ ਕਾਰਨ ਟ੍ਰੈਫਿਕ ਡਾਇਵਰਟ ਕਰਨਾ ਪਿਆ। ਪੇਂਡੂ ਇਲਾਕਿਆਂ 'ਚ ਵੀ ਬਾਰਿਸ਼ ਨੇ ਕਾਫ਼ੀ ਕਹਿਰ ਪਾਇਆ ਅਤੇ ਕਈ ਛੱਪੜ ਓਵਰਫਲੋਅ ਹੋਣ ਦੇ ਕਾਰਨ ਪਾਣੀ ਪਿੰਡਾਂ 'ਚ ਵੜ੍ਹ ਗਿਆ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 36 ਘੰਟਿਆਂ ਦੌਰਾਨ ਫਿਰ ਤੋਂ ਦਰਮਿਆਨੀ ਬਾਰਿਸ਼ ਹੋਣ ਦੇ ਆਸਾਰ ਹਨ, ਜਿਸ ਕਾਰਨ ਬਠਿੰਡਾ ਵਾਸੀ ਦਹਿਸ਼ਤ 'ਚ ਹੈ। ਕਈ ਜਗ੍ਹਾਂ 'ਤੇ ਬਾਰਿਸ਼ ਕਾਰਨ ਛੱਤਾਂ, ਦੀਵਾਰਾਂ ਅਤੇ ਦਰੱਖਤ ਆਦਿ ਡਿੱਗਣ ਦੀਆਂ ਸੂਚਨਾਵਾਂ ਮਿਲੀਆਂ ਹਨ।


ਕਿਸਤੀ ਚਲਾ ਕੇ ਜਤਾਇਆ ਰੋਸ
ਪਰਸਰਾਮ ਨਗਰ 'ਚ ਲਾਈਨਪਾਰ ਇਲਾਕੇ ਦੀ ਸੰਘਰਸ਼ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਵਿਜੇ ਕੁਮਾਰ ਨੇ ਪਾਣੀ 'ਚ ਕਿਸਤੀ ਚਲਾ ਕੇ ਸਰਕਾਰ ਦੇ ਖਿਲਾਫ਼ ਰੋਸ ਜਤਾਇਆ। ਵਿਜੇ ਕੁਮਾਰ ਨੇ ਦੱਸਿਆ ਕਿ ਕਾਂਗਰਸ ਵਲੋਂ ਪਾਣੀ ਦੀ ਨਿਕਾਸੀ ਲਈ ਕੋਈ ਪ੍ਰਬੰਧ ਨਹੀਂ ਕੀਤੇ ਗਏ ਜਿਸ ਦਾ ਖਾਮਿਆਜਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਕਤ ਕਿਸਤੀ ਦੇ ਰਾਹੀਂ ਉਨ੍ਹਾਂ ਨਾ ਕੇਵਲ ਆਪਣਾ ਰੋਸ ਪ੍ਰਗਟ ਕੀਤਾ ਬਲਕਿ ਕਿਸਤੀ ਦੀ ਮਦਦ ਨਾਲ ਕਈ ਲੋਕਾਂ ਨੂੰ ਵੀ ਆਪਣੇ ਮੰਜ਼ਿਲ ਤੱਕ ਪਹੁੰਚਾਇਆ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਲੋਕ ਪਾਣੀ ਭਰਨ ਦੀ ਸਮੱਸਿਆ ਨਾਲ ਜੂਝ ਰਹੇ ਹਨ ਨਾ ਤਾਂ ਨਗਰ ਨਿਗਮ ਦੀ ਸਮੱਸਿਆ ਦਾ ਕੋਈ ਹੱਲ ਕੀਤਾ ਅਤੇ ਨਾ ਹੀ ਸੀਵਰੇਜ ਦੇ ਪ੍ਰਾਜੈਕਟ 'ਤੇ ਕੰਮ ਕਰਨ ਵਾਲੀ ਤ੍ਰਿਵੈਣੀ ਇੰਜੀਨੀਅਰਿੰਗ ਕੰਪਨੀ ਹੀ ਲੋਕਾਂ ਨੂੰ ਕੋਈ ਰਾਹਤ ਨਹੀਂ ਦਿਵਾ ਸਕੀ।


 


Deepak Kumar

Content Editor

Related News