ਰੇਲ ਸੇਵਾ ਬਹਾਲ ਹੋਣ ਉਪਰੰਤ ਰੇਲਵੇ ਟ੍ਰੈਕਾਂ ''ਤੇ ਮੁੜ ਪਰਤੀਆਂ ਰੋਣਕਾਂ

11/24/2020 8:29:54 PM

ਮਾਲੇਰਕੋਟਲਾ,(ਸ਼ਹਾਬੂਦੀਨ) : ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਕਾਲੇ ਖੇਤੀ ਕਾਨੂੰਨਾਂ ਖਿਲਾਫ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਸੂਬੇ ਅੰਦਰ ਰੇਲਵੇ ਟਰੈਕਾਂ ਅਤੇ ਸਟੇਸ਼ਨਾਂ 'ਤੇ ਕੀਤੇ ਜਾ ਰਹੇ ਕਿਸਾਨ ਅੰਦੋਲਨ ਨੂੰ 15 ਦਿਨ ਲਈ ਮੁਲਤਵੀ ਕੀਤੇ ਗਏ ਹਨ। ਇਸ ਉਪਰੰਤ ਰੇਲਵੇ ਵਿਭਾਗ ਵੱਲੋਂ ਪੰਜਾਬ 'ਚ ਬੰਦ ਪਈ ਰੇਲ ਸੇਵਾ ਨੂੰ ਕਰੀਬ ਦੋ ਮਹੀਨਿਆਂ ਬਾਅਦ ਲੰਘੀ ਕੱਲ੍ਹ 23 ਨਵੰਬਰ ਤੋਂ ਮੁੜ ਬਹਾਲ ਕੀਤੇ ਜਾਣ ਨਾਲ ਸੂਬੇ ਦੇ ਸੁੰਨਸਾਨ ਪਏ ਰੇਲਵੇ ਟ੍ਰੈਕਾਂ 'ਤੇ ਜਿਥੇ ਇੱਕ ਵਾਰ ਫਿਰ ਰੌਣਕ ਪਰਤ ਆਈ ਹੈ, ਉਥੇ ਮਾਲ ਗੱਡੀਆਂ 'ਚ ਅਨਾਜ਼ ਦੀ ਢੋਆ-ਢੁਆਈ ਕਰਨ ਵਾਲੇ ਮਜ਼ਦੂਰਾਂ ਦੇ ਚਿਹਰੇ ਵੀ ਉਸ ਸਮੇਂ ਖਿੜ ਉੱਠੇ ਜਦੋਂ ਕਰੀਬ 2 ਮਹੀਨਿਆਂ ਬਾਅਦ ਅੱਜ ਚੌਲਾਂ ਦੀ ਸਪੈਸ਼ਲ ਮਾਲ ਗੱਡੀ ਸਥਾਨਕ ਰੇਲਵੇ ਸਟੇਸ਼ਨ 'ਤੇ ਪੁੱਜੀ। ਮਾਲ ਗੱਡੀ 'ਚ ਚੌਲ ਲੋਡਿੰਗ ਦੇ ਕੰਮ ਦੀ ਸ਼ੁਰੂਆਤ ਕਰਵਾਉਂਦਿਆਂ ਫੂਡ ਐਂਡ ਅਲਾਇਡ ਵਰਕਰ ਯੂਨੀਅਨ ਪੰਜਾਬ ਦੇ ਪ੍ਰਧਾਨ ਜਨਾਬ ਖੁਸ਼ੀ ਮੁਹੰਮਦ ਸ਼ਹੌਲ ਨੇ ਰੇਲਵੇ ਟਰੈਕ 'ਤੇ ਪੁੱਜੀ ਪੱਤਰਕਾਰਾਂ ਦੀ ਟੀਮ ਨਾਲ ਗੱਲਬਾਤ ਦੌਰਾਨ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਨਾਲ ਹੋਈ ਉਚ ਪੱਧਰੀ ਮੀਟਿੰਗ ਉਪਰੰਤ ਸੂਬੇ ਦੇ ਵਢੇਰੇ ਹਿੱਤਾਂ ਨੂੰ ਧਿਆਨ 'ਚ ਰੱਖਦੇ ਹੋਏ ਰੇਲਵੇ ਟਰੈਕਾਂ ਅਤੇ ਸਟੇਸ਼ਨਾਂ 'ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਮੁਲਤਵੀ ਕਰਨ 'ਤੇ ਸੂਬੇ ਦੀਆਂ ਕਿਸਾਨ ਜਥੇਬੰਦੀਆਂ ਦਾ ਵਿਸ਼ੇਸ ਤੌਰ 'ਤੇ ਧੰਨਵਾਦ ਕੀਤਾ।
ਉਨ੍ਹਾਂ ਕਿਸਾਨਾਂ ਦੇ ਸੰਘਰਸ਼ ਦੀ ਪੂਰਨ ਹਮਾਇਤ ਕਰਦੇ ਹੋਏ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨ ਮਾਰੂ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਮਜ਼ਦੂਰ ਨੇਤਾ ਖੁਸ਼ੀ ਮੁਹੰਮਦ ਨੇ ਪੰਜਾਬ ਸਰਕਾਰ ਸਮੇਤ ਸੂਬੇ ਦੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨੂੰ ਪੂਰਜ਼ੋਰ ਅਪੀਲ ਕੀਤੀ ਕਿ ਗਰੀਬ ਮਜ਼ਦੂਰਾਂ ਦੇ ਹਿੱਤਾਂ ਨੂੰ ਧਿਆਨ 'ਚ ਰੱਖਦੇ ਹੋਏ ਪੰਜਾਬ 'ਚ ਮਾਲ ਗੱਡੀਆਂ ਰਾਹੀਂ ਅਨਾਜ਼ ਦੀ ਢੋਆ-ਢੁਆਈ ਦੇ ਕੰਮ ਨੂੰ ਅੱਗੋਂ ਵੀ ਇਸੇ ਤਰ੍ਹਾਂ ਲਗਾਤਾਰ ਜਾਰੀ ਰੱਖਿਆ ਜਾਵੇ, ਕਿਉਂਕਿ ਕਿਸਾਨ ਅੰਦੋਲਨ ਦੇ ਚੱਲਦਿਆਂ ਪੰਜਾਬ 'ਚ ਮਾਲ ਗੱਡੀਆਂ ਬੰਦ ਹੋਣ ਨਾਲ ਜਿਥੇ ਗਰੀਬ ਮਜ਼ਦੂਰਾਂ ਦੇ ਬਲਦੇ ਚੂੱਲੇ ਠੰਡੇ ਹੋਣ ਦੀ ਕਗਾਰ 'ਤੇ ਪੁੱਜ ਗਏ ਸਨ। ਉਥੇ ਹੁਣ 2 ਮਹੀਨਿਆਂ ਬਾਅਦ ਮੁੜ ਚਾਲੂ ਹੋਈਆਂ ਮਾਲ ਗੱਡੀਆਂ ਜੇਕਰ ਦੁਬਾਰਾ ਬੰਦ ਹੋਈਆਂ ਤਾਂ ਸੂਬੇ ਦਾ ਆਰਥਿਕ ਤੌਰ 'ਤੇ ਵੱਡਾ ਨੁਕਸਾਨ ਹੋਣ ਦੇ ਨਾਲ-ਨਾਲ  ਭਵਿੱਖ 'ਚ ਕਣਕ ਦੀ ਖਰੀਦ ਦਾ ਕੰਮ ਵੀ ਬੂਰੀ ਤਰ੍ਹਾਂ ਪ੍ਰਭਾਵਿਤ ਹੋ ਕੇ ਰਹਿ ਜਾਵੇਗਾ, ਕਿਉਂਕਿ ਜੇਕਰ ਮਾਲ ਗੱਡੀਆਂ ਚੱਲਣਗੀਆਂ ਤਾਂ ਹੀ ਪੰਜਾਬ ਦੇ ਗੋਦਾਮਾਂ 'ਚ ਭਰਿਆ ਪਿਆ ਅਨਾਜ਼ ਦੂਜੇ ਸੂਬਿਆਂ ਨੂੰ ਜਾਵੇਗਾ ਅਤੇ ਆਉਣ ਵਾਲੇ ਕਣਕ ਦੇ ਸੀਜ਼ਨ ਦੀ ਨਵੀਂ ਫਸਲ ਨੂੰ ਸਟੋਰ ਕਰਨ ਲਈ ਸੂਬੇ ਦੇ ਗੋਦਾਮ ਖਾਲੀ ਹੋਣਗੇ। ਇੱਕ ਸਵਾਲ ਦੇ ਜਵਾਬ 'ਚ ਖੁਸ਼ੀ ਮੁਹੰਮਦ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਸੰਘਰਸ਼ ਦਾ ਜਿਥੇ ਡਟ ਕੇ ਸਮਰਥਨ ਕਰਦੇ ਹਾਂ ਉਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸੂਬੇ ਦੇ ਫੂਡ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਜੀ ਦਾ ਵੀ ਧੰਨਵਾਦ ਕਰਦੇ ਹਾਂ। ਜਿਨ੍ਹਾਂ ਨੇ ਕਿਸਾਨ ਜਥੇਬੰਦੀਆਂ ਨਾਲ ਲਗਾਤਾਰ ਰਾਵਤਾ ਕਾਇਮ ਰੱਖਦੇ ਹੋਏ ਰੇਲਵੇ ਟ੍ਰੈਕਾਂ ਤੋਂ ਅੰਦੋਲਨ ਨੂੰ ਮੁਲਤਵੀ ਕਰਨ ਲਈ ਕਿਸਾਨ ਜਥੇਬੰਦੀਆਂ ਨੂੰ ਰਾਜ਼ੀ ਕੀਤਾ ਅਤੇ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਮਜ਼ਦੂਰਾਂ ਨੂੰ ਮੁੜ ਰੁਜ਼ਗਾਰ 'ਤੇ ਲਾਇਆ ਹੈ। ਇਸ ਮੌਕੇ ਮਜ਼ਦੂਰ ਨੇਤਾ ਅਬਦੁੱਲ ਸੱਤਾਰ, ਮੁਹੰਮਦ ਬਸ਼ੀਰ, ਮੁਹੰਮਦ ਰਫੀ, ਫਿਰੋਜ਼ ਅਲੀ ਅਤੇ ਅਹਿਮਦ ਬਰਕਤਪੁਰਾ ਆਦਿ ਵੀ ਹਾਜ਼ਰ ਸਨ।


Deepak Kumar

Content Editor

Related News