ਗੈਂਗਸਟਰਵਾਦ ਤੇ ਚਿੱਟੇ ਕਾਰਣ ਪੰਜਾਬ ਦੇ ਨੌਜਵਾਨ ਜਾ ਰਹੇ ਹਨ ਵਿਦੇਸ਼ਾਂ 'ਚ : ਸੁਖਜਿੰਦਰ ਰੰਧਾਵਾ

01/20/2020 10:34:32 PM

ਬਾਘਾਪੁਰਾਣਾ,(ਚਟਾਨੀ, ਮੁਨੀਸ਼, ਰਾਕੇਸ਼)-ਗੈਂਗਸਟਰਵਾਦ ਅਤੇ ਚਿੱਟੇ ਕਾਰਣ ਪੰਜਾਬ ਦੇ ਨੌਜਵਾਨ ਵਿਦੇਸ਼ਾ 'ਚ ਜਾ ਰਹੇ ਹਨ। ਇਸ ਲਈ ਜ਼ਿੰਮੇਵਾਰ ਸਮੇਂ-ਸਮੇਂ ਦੀਆਂ ਸਰਕਾਰਾਂ ਹਨ, ਇਹ ਇਕ ਬਹੁਤ ਵੱਡਾ ਮੁੱਦਾ ਹੈ। ਇਸ ਲਈ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੇ ਮਨਾਂ 'ਚ ਇਸ ਦਾ ਮਾੜਾ ਅਸਰ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਅੱਜ ਇਥੇ ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਇਸ ਮੁੱਦੇ ਪ੍ਰਤੀ ਕਾਫੀ ਗੰਭੀਰ ਹੈ। ਰੰਧਾਵਾ ਇਥੇ ਵਿਧਾਇਕ ਦਰਸ਼ਨ ਸਿੰਘ ਬਰਾੜ, ਪ੍ਰਦੇਸ਼ ਕਾਂਗਰਸ ਦੇ ਮੁੱਖ ਬੁਲਾਰੇ ਕਮਲਜੀਤ ਸਿੰੰਘ ਬਰਾੜ , ਬੀਬੀ ਅਮਰਜੀਤ ਕੌਰ ਬਰਾੜ ਖੋਟੇ ਦੀ ਅਗਵਾਈ 'ਚ ਸੁਭਾਸ਼ ਅਨਾਜ ਮੰਡੀ 'ਚ ਹੋਏ ਇਕੱਠ ਨੂੰ ਸੰਬੋਧਨ ਕਰਨ ਆਏ ਸਨ।

ਇੱਥੇ ਸਥਾਨਕ ਮੰਡੀ ਵਿਖੇ ਵੱਡੇ ਜਨਤਕ ਇਕੱਠ ਦੌਰਾਨ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਅਤੇ ਸੂਬਾ ਕਾਂਗਰਸ ਦੇ ਮੁੱਖ ਬੁਲਾਰੇ ਕਮਲਜੀਤ ਸਿੰਘ ਬਰਾੜ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿਵਾਉਣ ਦੀ ਮੰਗ ਨੂੰ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਮੂਹਰੇ ਪੇਸ਼ ਕੀਤੇ ਜਾਣ 'ਤੇ ਸਹਿਕਾਰਤਾ ਮੰਤਰੀ ਨੇ ਵਿਧਾਇਕ ਅਤੇ ਸਿੱਖ ਕੌਮ ਨੂੰ ਵਿਸ਼ਵਾਸ ਦੁਆਇਆ ਕਿ ਕੈਪਟਨ ਸਰਕਾਰ ਹਰ ਹਾਲਤ 'ਚ ਦੋਸ਼ੀਆਂ ਨੂੰ ਸਜ਼ਾਵਾਂ ਦੁਆ ਕੇ ਰਹੇਗੀ, ਜਿਸ 'ਚ ਦੇਰ ਤਾਂ ਭਾਵੇਂ ਹੋਵੇ ਪਰ ਹਨੇਰ ਦਾ ਸਵਾਲ ਪੈਦਾ ਹੀ ਨਹੀਂ ਹੁੰਦਾ। ਵਿਧਾਇਕ ਬਰਾੜ ਨੇ ਕੈਬਨਿਟ ਮੰਤਰੀ ਨੂੰ ਕਿਹਾ ਕਿ ਅਜਿਹੀ ਆਸ ਅਤੇ ਮੰਗ ਉਹ ਇਸੇ ਕਰ ਕੇ ਹੀ ਉਨ੍ਹਾਂ ਤੋਂ ਕਰ ਰਹੇ ਹਨ ਕਿਉਂਕਿ ਉਹ ਅਜਿਹੇ ਖਿੱਤੇ ਨਾਲ ਸਬੰਧਤ ਹਨ, ਜਿੱਥੋਂ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਨਗਾਰੇ ਵੱਜਦੇ ਰਹੇ ਹਨ। ਰੰਧਾਵਾ ਅੱਜ ਇੱਥੇ ਮਾਰਕੀਟ ਕਮੇਟੀ ਦੇ ਚੇਅਰਮੈਨ ਜਗਸੀਰ ਸਿੰਘ ਕਾਲੇਕੇ ਅਤੇ ਉੱਪ ਚੇਅਰਮੈਨ ਸੁਭਾਸ਼ ਗੋਇਲ ਦੇ ਤਾਜਪੋਸ਼ੀ ਸਮਾਰੋਹ 'ਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨ ਆਏ ਸਨ।

ਰੰਧਾਵਾ ਨੇ ਹਲਕਾ ਬਾਘਾਪੁਰਾਣਾ ਦੇ ਵਿਧਾਇਕ ਵੱਲੋਂ ਮਾਰਕੀਟ ਕਮੇਟੀ ਚੇਅਰਮੈਨ ਅਤੇ ਉੱਪ ਚੇਅਰਮੈਨ ਦੀ ਕੀਤੀ ਗਈ ਚੋਣ ਨੂੰ ਇੰਨ-ਬਿੰਨ ਢੁੱਕਵੀਂ ਦੱਸਦਿਆਂ ਕਿਹਾ ਕਿ ਜੇਕਰ ਸਮਰਪਿਤ ਅਤੇ ਜੁਝਾਰੂ ਵਰਕਰਾਂ ਲਈ ਹਰੇਕ ਵਿਧਾਇਕ ਅਜਿਹੀ ਸਿਫਾਰਸ਼ ਕਰੇ ਤਾਂ ਹਰੇਕ ਸੰਜੀਦਾ ਅਤੇ ਗੰਭੀਰ ਵਰਕਰ ਦਾ ਮਨੋਬਲ ਹਮੇਸ਼ਾ ਬਰਕਰਾਰ ਰਹੇਗਾ। ਮਾਰਕੀਟ ਕਮੇਟੀ ਦੇ ਚੇਅਰਮੈਨ ਨੂੰ ਉਨ੍ਹਾਂ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਂਦਿਆਂ ਉਕਤ ਨੇਤਾਵਾਂ ਨੇ ਕਿਹਾ ਕਿ ਮੰਡੀਆਂ ਦੇ ਸਮੁੱਚੇ ਪ੍ਰਬੰਧਾਂ ਦੀ ਜ਼ਿੰਮੇਵਾਰੀ ਦਾ ਬੋਝ ਉਨ੍ਹਾਂ 'ਤੇ ਹੈ, ਜਿਸ ਨੂੰ ਤਨਦੇਹੀ ਨਾਲ ਨਿਭਾਉਣਾ ਚੇਅਰਮੈਨ ਦਾ ਮੁੱਖ ਕਾਰਜ ਹੋਵੇਗਾ। ਵਿਧਾਇਕ ਨੇ ਵਿਸ਼ਵਾਸ ਦਿਵਾਇਆ ਕਿ ਗ੍ਰਾਂਟਾਂ ਲਾਉਣ ਦੀ ਜ਼ਿੰਮੇਵਾਰੀ ਉਹ ਤਨਦੇਹੀ ਨਾਲ ਨਿਭਾਉਣਗੇ, ਜਿਸ ਲਈ ਉਹ ਮੁੱਖ ਮੰਤਰੀ, ਰੰਧਾਵਾ ਅਤੇ ਚੇਅਰਮੈਨ ਲਾਲ ਸਿੰਘ ਦਾ ਦਰਵਾਜ਼ਾ ਖੜਕਾਉਂਦੇ ਰਹਿਣਗੇ। ਬਰਾੜ ਨੇ ਦੱਸਿਆ ਕਿ ਹਲਕੇ ਦੀਆਂ 125 ਕਿਲੋਮੀਟਰ ਲੰਮੀਆਂ ਸੜਕਾਂ ਲਈ ਉਹ ਕਰੋੜਾਂ ਰੁਪਏ ਦੀ ਗ੍ਰਾਂਟ ਮਨਜ਼ੂਰ ਕਰਵਾ ਚੁੱਕੇ ਹਨ, ਜਿਨ੍ਹਾਂ ਦਾ ਵਿਕਾਸ ਫਰਵਰੀ ਮਹੀਨੇ 'ਚ ਆਰੰਭ ਹੋਣ ਜਾ ਰਿਹਾ ਹੈ। ਅੱਜ ਦੇ ਭਰਵੇਂ ਇਕੱਠ ਨੂੰ ਵਿਧਾਇਕ ਨੇ ਆਪਣਾ ਅਸਲ ਸਰਮਾਇਆ ਦੱਸਦਿਆਂ ਕਿਹਾ ਕਿ ਜ਼ਰੂਰੀ ਨਹੀਂ ਕਿ ਮੰਤਰੀ ਬਣ ਕੇ ਹੀ ਕੰਮ ਕੀਤੇ ਜਾ ਸਕਦੇ ਹਨ, ਉਹ ਵਿਧਾਇਕ ਦੇ ਤੌਰ 'ਤੇ ਵੀ ਮੰਤਰੀਆਂ ਵਾਂਗ ਕੰਮ ਕਰ ਰਹੇ ਹਨ ਕਿਉਂਕਿ ਉਨ੍ਹਾਂ 'ਤੇ ਮੁੱਖ ਮੰਤਰੀ ਅਤੇ ਰੰਧਾਵਾ ਵਰਗੇ ਰਹਿਨੁਮਾਵਾਂ ਦਾ ਆਸ਼ੀਰਵਾਦ ਹੈ। ਨਵ-ਨਿਯੁਕਤ ਚੇਅਰਮੈਨ ਜਗਸੀਰ ਸਿੰਘ ਨੇ ਕਿਹਾ ਕਿ ਉਹ ਬਰਾੜ ਪਰਿਵਾਰ ਦੀ ਉਂਗਲ ਫੜ ਕੇ ਰਾਜਨੀਤੀ ਰਾਹੀਂ ਲੋਕ ਸੇਵਾ ਦੇ ਮੈਦਾਨ 'ਚ ਉੱਤਰੇ ਹਨ ਅਤੇ ਆਪਣੇ ਅਹੁਦੇ ਨਾਲ ਇਨਸਾਫ ਕਰਦਿਆਂ ਲੋਕ ਸੇਵਾ ਨੂੰ ਆਪਣਾ ਮਿਸ਼ਨ ਸਮਝਣਗੇ।

ਇਸ ਮੌਕੇ ਸੰਸਦ ਮੈਂਬਰ ਜਨਾਬ ਮੁਹੰਮਦ ਸਦੀਕ, ਮੋਗਾ, ਧਰਮਕੋਟ ਅਤੇ ਜ਼ੀਰਾ ਹਲਕੇ ਦੇ ਕ੍ਰਮਵਾਰ ਵਿਧਾਇਕ ਡਾ. ਹਰਜੋਤ ਕਮਲ, ਸੁਖਜੀਤ ਸਿੰਘ ਕਾਕਾ ਲੋਹਗੜ੍ਹ ਅਤੇ ਕੁਲਬੀਰ ਸਿੰਘ ਜ਼ੀਰਾ, ਬੀਬੀ ਅਮਰਜੀਤ ਕੌਰ ਬਰਾੜ, ਗੁਰਚਰਨ ਚੀਦਾ, ਅਨੂ ਮਿੱਤਲ, ਬਿੱਟੂ ਮਿੱਤਲ, ਭੋਲਾ ਸਿੰਘ ਬਰਾੜ ਸਮਾਧ ਭਾਈ, ਨਰ ਸਿੰਘ ਬਰਾੜ, ਜਗਸੀਰ ਗਰਗ, ਚੇਅਰਮੈਨ ਵਿਨੋਦ ਬਾਂਸਲ, ਜਗਰੂਪ ਸਿੰਘ ਲਧਾਈ ਅਤੇ ਰਛਪਾਲ ਸਿੰਘ ਰਾਜੇਆਣਾ ਨੇ ਵੀ ਸੰਬੋਧਨ ਕੀਤਾ।


Related News