ਹਾਦਸੇ ਨੇ ਉਜਾੜਿਆ ਪਰਿਵਾਰ, 20 ਸਾਲਾ ਮੁੰਡੇ ਦੀ ਮੌਤ
Tuesday, Jun 30, 2026 - 05:58 PM (IST)
ਅਬੋਹਰ (ਸੁਨੀਲ) : ਨੇੜਲੇ ਪਿੰਡ ਚੱਕ ਮੋਡੀ ਖੇੜਾ ਨੇੜੇ ਅੱਜ ਦੁਪਹਿਰ ਇਕ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਦੁਖਦਾਈ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਮੋਟਰਸਾਈਕਲ ਤੇ ਖੂਈਆਂ ਸਰਵਰ ਆਪਣੇ ਰਿਸ਼ਤੇਦਾਰੀ ਵਿਚ ਕਿਸੇ ਨੂੰ ਮਿਲਣ ਜਾ ਰਿਹਾ ਸੀ ਕਿ ਰਸਤੇ ਵਿਚ ਟਰੱਕ ਸੜਕ 'ਤੇ ਖੜ੍ਹੇ ਸੀ ਜਿਸ ਨਾਲ ਟਕਰਾਉਣ ਕਾਰਨ ਉਸਦੀ ਦਰਦਨਾਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕੱਖਾਂਵਾਲੀ ਵਾਸੀ ਅਰਸ਼ਦੀਪ ਪੁੱਤਰ ਜਗਤਾਰ ਸਿੰਘ ਉਮਰ ਲਗਭਗ 20 ਸਾਲਾ ਦੇ ਪਿਤਾ ਨੇ ਦੱਸਿਆ ਕਿ ਉਸਦਾ ਬੇਟਾ ਅੱਜ ਮੋਟਰਸਾਈਕਲ 'ਤੇ ਮਾਸੀ ਨੂੰ ਮਿਲਣ ਲਈ ਖੂਈਆਂ ਸਰਵਰ ਜਾ ਰਿਹਾ ਸੀ ਕਿ ਚੱਕ ਮੋਡੀਖੇੜਾ ਕੋਲ ਅਚਾਨਕ ਉਸਦਾ ਮੋਟਰਸਾਈਕਲ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੇ ਟਰੱਕ ਵਿਚ ਟਕਰਾ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ।
ਘਟਨਾ ਦੀ ਜਾਣਕਾਰੀ ਮਿਲਣ ’ਤੇ ਸੀਤੋ ਚੌਕੀ ਦੇ ਪੁਲਸ ਕਰਮਚਾਰੀ ਮੌਕੇ ’ਤੇ ਪਹੁੰਚੇ ਅਤੇ ਨਰ ਸੇਵਾ ਨਾਰਾਇਣ ਸੇਵਾ ਸਮਿਤੀ ਦੇ ਮੈਂਬਰਾਂ ਬਿੱਟੂ ਨਰੂਲਾ ਅਤੇ ਸੋਨੂੰ ਗਰੋਵਰ ਦੀ ਮਦਦ ਨਾਲ ਲਾਸ਼ ਨੂੰ ਘਟਨਾ ਸਥਾਨ ਤੋਂ ਚੁੱਕ ਕੇ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ। ਪੁਲਸ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਢੁਕਵੀਂ ਕਾਰਵਾਈ ਕਰ ਰਹੀ ਹੈ।
