ਜੇਲ ਪ੍ਰਸ਼ਾਸਨ ''ਤੇ ਧਾਰਮਕ ਪੋਥੀਆਂ ਦੀ ਬੇਕਦਰੀ ਦਾ ਦੋਸ਼, ਕੈਦੀਆਂ ਵੱਲੋਂ ਭੁੱਖ ਹੜਤਾਲ ਸ਼ੁਰੂ

02/24/2020 10:15:40 AM

ਨਾਭਾ (ਭੂਪਾ, ਜੈਨ): ਨਾਭਾ ਵਿਖੇ ਸਥਿਤ ਪੰਜਾਬ ਦੀ ਅਤਿ ਸੁਰੱਖਿਅਤ ਜੇਲ ਮੁੜ ਉਸ ਸਮੇਂ ਵਿਵਾਦਾਂ ਵਿਚ ਆ ਗਈ ਜਦੋਂ ਇਸ ਵਿਚ ਨਜ਼ਰਬੰਦ ਕੁਝ ਕੈਦੀਆਂ ਨੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਭੁੱਖ ਹੜਤਾਲ 'ਤੇ ਨਿਹਾਲ ਸਿੰਘ ਨਾਮੀ ਕੈਦੀ ਦੀ ਅਗਵਾਈ ਵਿਚ 5 ਕੈਦੀਆਂ ਦਾ ਗਰੁੱਪ ਬੈਠਾ ਹੈ। ਰੋਜ਼ਨਾ ਜਾਰੀ ਰਹਿਣ ਵਾਲੀ ਭੁੱਖ ਹੜਤਾਲ 'ਤੇ 5-5 ਕੈਦੀਆਂ ਵੱਲੋਂ ਬੈਠਣ ਦਾ ਐਲਾਨ ਕੀਤਾ ਗਿਆ ਹੈ। ਭੁੱਖ ਹੜਤਾਲ ਜੇਲ ਪ੍ਰਸ਼ਾਸਨ 'ਤੇ ਧਾਰਮਕ ਪੋਥੀਆਂ ਦੀ ਬੇਕਦਰੀ ਦਾ ਦੋਸ਼ ਲਾਉਂਦਿਆਂ ਕੀਤੀ ਗਈ ਹੈ।

ਬੀਤੇ ਦਿਨੀਂ ਜਲੰਧਰ ਵਿਖੇ ਪੇਸ਼ੀ 'ਤੇ ਗਏ ਕੈਦੀਆਂ ਨੂੰ ਆਪਣੇ ਵਕੀਲ ਰਾਹੀ ਸੰਗਤਾਂ ਨੇ ਜੇਲ ਵਿਚ ਬੰਦ ਸਿੱਖ ਕੈਦੀਆਂ ਲਈ ਧਾਰਮਕ ਪੋਥੀਆਂ ਭੇਜੀਆਂ ਸਨ, ਜਿਨ੍ਹਾਂ ਨੂੰ ਕਥਿਤ ਰੂਪ ਵਿਚ ਜੇਲ ਦੇ ਸਹਾਇਕ ਡਿਪਟੀ ਸੁਪਰਡੈਂਟ ਗੁਰਪ੍ਰੀਤ ਸਿੰਘ ਨੇ ਨਾ ਸਿਰਫ ਆਪਣੇ ਕੋਲ ਹੀ ਰੱਖ ਲਿਆ ਸੀ ਬਲਕਿ ਕੈਦੀਆਂ ਵੱਲੋਂ ਵਾਰ-ਵਾਰ ਬੇਨਤੀ ਕਰਨ 'ਤੇ ਜਦੋਂ ਵਾਪਸ ਕੀਤਾ ਤਾਂ ਵੇਖਿਆ ਕਿ ਇਨ੍ਹਾਂ ਨੂੰ ਅਲਮਾਰੀ ਉੱਪਰ ਗੰਦੀ ਥਾਂ 'ਤੇ ਰੱਖਿਆ ਹੋਇਆ ਸੀ। ਪੋਥੀਆਂ ਨੂੰ ਜੇਲ ਅੰਦਰ ਸਥਿਤ ਧਾਰਮਕ ਅਸਥਾਨ 'ਤੇ ਸੁਸ਼ੋਭਿਤ ਕਰਨ ਤੋ ਬਾਅਦ ਕੈਦੀਆਂ ਵਿਚ ਜੇਲ ਪ੍ਰਸ਼ਾਸਨ ਖਿਲਾਫ ਰੋਸ ਵਧ ਗਿਆ। ਇਸੇ ਤਹਿਤ ਅੱਜ ਕੈਦੀਆਂ ਨੇ ਜੇਲ ਪ੍ਰਸ਼ਾਸਨ ਤੋਂ ਮਆਫੀ ਦੀ ਮੰਗ ਕਰਦਿਆਂ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। 20 ਕੈਦੀਆਂ ਦੇ ਦਸਤਖਤ ਹੋਣ ਦਾ ਦਾਅਵਾ ਕਰਦੇ ਹੋਏ ਕੈਦੀਆਂ ਵੱਲੋਂ ਜੇਲ ਦੇ ਇਸ ਅਫਸਰ 'ਤੇ ਗੰਭੀਰ ਦੋਸ਼ ਲਾਏ ਗਏ ਹਨ ਕਿ ਇਸ ਅਫਸਰ ਵੱਲੋਂ ਰਾਤ ਨੂੰ ਉਨ੍ਹਾਂ ਨੂੰ ਬੈਰਕਾਂ ਤੋਂ ਬਾਹਰ ਘੰਟਿਆਬੱਧੀ ਰੱਖਿਆ ਜਾਂਦਾ ਹੈ। ਜ਼ਿਕਰਯੋਗ ਹੈ ਕੈਦੀਆਂ ਦੀ ਭੁੱਖ ਹੜਤਾਲ ਦੇ ਐਲਾਨ ਤੋਂ ਬਾਅਦ ਬੀਤੇ ਦਿਨ ਜੇਲਾਂ ਦੇ ਡੀ. ਆਈ. ਜੀ. ਜਾਖੜ ਵੀ ਕੈਦੀਆਂ ਨਾਲ ਗੱਲਬਾਤ ਲਈ ਨਾਭਾ ਜੇਲ ਪੁੱਜੇ ਸਨ ਪਰ ਕੈਦੀਆਂ ਨੂੰ ਮਨਾਉਣ ਵਿਚ ਅਸਫਲ ਰਹੇ ਸਨ।

ਕੀ ਕਹਿੰਦੇ ਹਨ ਸਹਾਇਕ ਡਿਪਟੀ ਸੁਪਰਡੈਂਟ
ਕੈਦੀਆਂ ਦੇ ਲਾਏ ਦੋਸ਼ਾਂ ਦਾ ਖੰਡਨ ਕਰਦਿਆਂ ਸਹਾਇਕ ਡਿਪਟੀ ਸੁਪਰਡੈਂਟ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕੈਦੀ ਫਜ਼ੂਲ ਦੋਸ਼ ਲਾ ਰਹੇ ਹਨ। ਉਹ ਤਾਂ ਖੁਦ ਧਾਰਮਕ ਪ੍ਰਵਿਰਤੀ ਦੇ ਇਨਸਾਨ ਹਨ। ਉਹ ਅਜਿਹੀ ਗਲਤੀ ਕਰ ਹੀ ਨਹੀਂ ਸਕਦੇ ਹਨ। ਇਸ ਸਬੰਧੀ ਜਦੋਂ ਜੇਲ ਸੁਪਰਡੈਂਟ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਦਾ ਮੋਬਾਇਲ ਫੋਨ ਬਿਜ਼ੀ ਆਉਂਦਾ ਰਿਹਾ। ਫਿਰ ਬੰਦ ਹੋ ਗਿਆ।


Shyna

Content Editor

Related News