ਸੌਰਵ ਭਾਰਦਵਾਜ ਦਾ ਦੋਸ਼, ਪੰਜਾਬ ''ਚ ''ਆਪਰੇਸ਼ਨ ਲੋਟਸ'' ਹੋ ਗਿਆ ਹੈ ਸ਼ੁਰੂ
Thursday, Mar 28, 2024 - 01:55 PM (IST)
ਨਵੀਂ ਦਿੱਲੀ (ਭਾਸ਼ਾ)- ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਇਕਲੌਤੇ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਦੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚ ਸ਼ਾਮਲ ਹੋਣ ਤੋਂ ਇਕ ਦਿਨ ਬਾਅਦ ਵੀਰਵਾਰ ਨੂੰ ‘ਆਪ’ ਦੇ ਸੀਨੀਅਰ ਆਗੂ ਸੌਰਭ ਭਾਰਦਵਾਜ ਨੇ ਦੋਸ਼ ਲਾਇਆ ਕਿ ਰਾਜ 'ਚ 'ਆਪਰੇਸ਼ਨ ਲੋਟਸ' ਸ਼ੁਰੂ ਹੋ ਗਿਆ ਹੈ। ਜਦੋਂ ਵਿਰੋਧੀ ਪਾਰਟੀਆਂ ਭਾਜਪਾ 'ਤੇ ਰਾਜ ਸਰਕਾਰਾਂ ਨੂੰ ਡੇਗਣ ਲਈ ਵਿਧਾਇਕਾਂ ਦੀ ਖਰੀਦ-ਫਰੋਖਤ ਦਾ ਦੋਸ਼ ਲਾਉਂਦੀਆਂ ਹਨ ਤਾਂ ਉਹ ਇਸ ਨੂੰ 'ਆਪਰੇਸ਼ਨ ਲੋਟਸ' ਕਹਿੰਦੇ ਹਨ। ਭਾਰਦਵਾਜ ਨੇ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਪੰਜਾਬ 'ਚ 'ਆਪ' ਵਿਧਾਇਕਾਂ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਉਨ੍ਹਾਂ 'ਚੋਂ ਕਈਆਂ ਨੂੰ ਫੋਨ ਆ ਰਹੇ ਹਨ ਅਤੇ ਭਾਜਪਾ 'ਚ ਸ਼ਾਮਲ ਹੋਣ ਲਈ ਪੈਸਾ, 'ਵਾਈ' ਸ਼੍ਰੇਣੀ ਦੀ ਸੁਰੱਖਿਆ ਅਤੇ ਲੋਕ ਸਭਾ ਚੋਣਾਂ 'ਚ ਟਿਕਟ ਦੇਣ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ,''ਭਾਜਪਾ 'ਆਪਰੇਸ਼ਨ ਲੋਟਸ' ਚਲਾ ਰਹੀ ਹੈ।'' ਭਾਰਦਵਾਜ ਨੇ ਰਿੰਕੂ ਦੇ ਭਾਜਪਾ 'ਚ ਸ਼ਾਮਲ ਹੋਣ ਦੇ ਫੈਸਲੇ 'ਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ, “ਪੰਜਾਬ ਵਿਧਾਨ ਸਭਾ ਚੋਣਾਂ (2022) ਵਿਚ ਭਾਜਪਾ ਦਾ ਨੰਬਰ 'ਆਪ', ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਤੋਂ ਬਾਅਦ ਚੌਥੇ ਨੰਬਰ ਰਿਹਾ ਸੀ। ਸਵਾਲ ਇਹ ਹੈ ਕਿ ਰਿੰਕੂ ਭਾਜਪਾ 'ਚ ਕਿਉਂ ਸ਼ਾਮਲ ਹੋਏ? ਉਨ੍ਹਾਂ ਦਾ ਲੋਕ ਸਭਾ ਸੰਸਦ ਮੈਂਬਰ ਵਜੋਂ ਕਾਰਜਕਾਲ ਵੀ ਖ਼ਤਮ ਹੋ ਗਿਆ ਹੈ। ਜਲੰਧਰ ਲੋਕ ਸਭਾ ਚੋਣਾਂ 'ਚ ਵੀ ਭਾਜਪਾ ਚੌਥੇ ਸਥਾਨ 'ਤੇ ਰਹੇਗੀ।''
ਰਿੰਕੂ ਪਿਛਲੇ ਸਾਲ ਕਾਂਗਰਸ ਛੱਡ ਕੇ 'ਆਪ' 'ਚ ਸ਼ਾਮਲ ਹੋਏ ਸਨ ਅਤੇ ਜਲੰਧਰ ਲੋਕ ਸਭਾ ਸੀਟ 'ਤੇ ਹੋਈ ਜ਼ਿਮਨੀ ਚੋਣ ਜਿੱਤੇ ਸਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੇਂਦਰ ਅਮਰੀਕਾ ਅਤੇ ਜਰਮਨੀ ਦੀਆਂ ਸਰਕਾਰਾਂ ਵਲੋਂ ਭਾਰਤ 'ਚ ਲੋਕਤੰਤਰ 'ਤੇ ਚਿੰਤਾ ਜ਼ਾਹਰ ਕਰਨ ਅਤੇ ਕੇਜਰੀਵਾਲ ਲਈ ਨਿਰਪੱਖ ਸੁਣਵਾਈ ਦੀ ਮੰਗ ਕਰਨ ਤੋਂ ਪਰੇਸ਼ਾਨ ਹੈ। ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਮਰੀਕਾ ਅਤੇ ਜਰਮਨੀ ਦੀਆਂ ਸਰਕਾਰਾਂ ਦੇ ਬਿਆਨ ਤੋਂ ਬਾਅਦ ਕੇਂਦਰ ਸਰਕਾਰ ਨੇ ਦੋਹਾਂ ਦੇਸ਼ਾਂ ਦੇ ਡਿਪਲੋਮੈਟਾਂ ਨੂੰ ਤਲਬ ਕੀਤਾ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e