ਪਟਿਆਲਾ ਦੇ 10 ‘ਕਰੋਨਾ’ ਟੈਸਟਾਂ ਦੀ ਰਿਪੋਰਟ ਆਈ ਨੈਗੇਟਿਵ : ਸਿਵਲ ਸਰਜਨ
Wednesday, Apr 01, 2020 - 11:42 PM (IST)
ਪਟਿਆਲਾ, (ਪਰਮੀਤ)- ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦਾਅਵਾ ਕੀਤਾ ਹੈ ਕਿ ਰਾਜਿੰਦਰਾ ਹਸਪਤਾਲ ਦੀ ਮਾਈਕਰੋਬਾਇਓਲੋਜੀ ਲੈਬ ਵਿਚ ‘ਕਰੋਨਾ’ ਜਾਂਚ ਲਈ ਭੇਜੇ ਗਏ 10 ਟੈਸਟਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਪਟਿਆਲਾ ਵਾਸੀਆਂ ਲਈ ਇਹ ਰਾਹਤ ਦੀ ਖਬਰ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ’ਚੋਂ 6 ਵਿਅਕਤੀ ਉਹ ਹਨ ਜੋ ਦੇਸੀ ਮਹਿਮਾਨਦਾਰੀ ਏਰੀਏ ’ਚੋਂ 31 ਸਾਲਾ ‘ਕਰੋਨਾ’ ਪਾਜ਼ੀਟਿਵ ਵਿਅਕਤੀ ਦੇ ਸੰਪਰਕ ’ਚ ਸਨ। ਇਨ੍ਹਾਂ ਦੇ ਬੀਤੇ ਦਿਨੀਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸੈਂਪਲ ਲੈ ਕੇ ਰਾਜਿੰਦਰਾ ਹਸਪਤਾਲ ਦੀ ਲੈਬ ’ਚ ਭੇਜੇ ਗਏ ਸਨ, ਜੋ ਕਿ ਸਾਰੇ ਨੈਗਟਿਵ ਆਏ ਹਨ। ਇਸ ਤੋਂ ਇਲਾਵਾ ਪਾਜ਼ੀਟਿਵ ਕੇਸ ਦੇ ਨਾਲ ਦੁਬਈ ’ਚੋਂ ਆਏ ਪਿੰਡ ਹਸਨਪੁਰ ਦੇ ਰਹਿਣ ਵਾਲੇ ਵਿਅਕਤੀ ਅਤੇ ਜ਼ਿਲੇ ਦੇ ਹੋਰ ਵੱਖ-ਵੱਖ ਏਰੀਏ ’ਚੋਂ ਰਾਜਿੰਦਰਾ ਹਸਪਤਾਲ ਵਿਚ ਦਾਖਲ ਹੋਏ 3 ਵਿਅਕਤੀਆਂ ਦੇ ਵੀ ‘ਕਰੋਨਾ’ ਟੈਸਟ ਨੈਗੇਟਿਵ ਆਏ ਹਨ। ਉਨ੍ਹਾਂ ਕਿਹਾ ਕਿ ਭਾਵੇਂ ਪਾਜ਼ੀਟਿਵ ਕੇਸ ਦੇ ਨੇੜਲੇ ਪਰਿਵਾਰਕ ਮੈਂਬਰਾ ਦੀ ਰਿਪੋਰਟ ਨੈਗਟਿਵ ਆਈ ਹੈ ਪ੍ਰੰਤੂ ਫਿਰ ਵੀ ਉਹ ਸਾਰੇ ਅਗਲੇ 14 ਦਿਨਾਂ ਲਈ ਸਿਹਤ ਵਿਭਾਗ ਦੀ ਨਿਗਰਾਨੀ ਵਿਚ ਰਹਿਣਗੇ। ਉਨ੍ਹਾਂ ਨੂੰ ਸਾਵਧਾਨੀਆਂ ਵਰਤਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਵੀ ਏਰੀਏ ਵਿਚ ਘਰ-ਘਰ ਜਾ ਕੇ ਸਰਵੇਖਣ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਜ਼ਿਲੇ ’ਚ ਵਿਦੇਸ਼ ਤੋਂ ਆਏ ਯਾਤਰੀ ਜੋ ਕਿ ਵਿਭਾਗ ਦੀ ਨਿਗਰਾਨੀ ਹੇਠ ਘਰਾਂ ’ਚ ਹੀ ‘ਇਕਾਂਤਵਾਸ’ ’ਚ ਹਨ। ਜੇਕਰ ਉਨ੍ਹਾਂ ’ਚ ‘ਕੋਰੋਨਾ’ ਸਬੰਧੀ ਕੋਈ ਵੀ ਲੱਛਣ ਸਾਹਮਣੇ ਆਉਂਦਾ ਹੈ ਤਾਂ ਰੈਪਿਡ ਰਿਸਪਾਂਸ ਟੀਮਾਂ ਦੀ ਮਦਦ ਨਾਲ ਉਨ੍ਹਾਂ ਨੂੰ ਤੁਰੰਤ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਦਾਖਲ ਕਰਵਾਉਣ ਦੇ ਪੁਖਤਾ ਪ੍ਰਬੰਧ ਹਨ। ਉਨ੍ਹਾਂ ਕਿਹਾ ਕਿ ਕੋਵਿਡ ਦੀ ਜਾਣਕਾਰੀ ਲਈ ਬਣਾਏ ਕੰਟਰੋਲ ਰੂਮ ਜਿਸ ਦਾ ਨੰਬਰ 0175-5128793 ਅਤੇ 0175-5127793 ਹਨ, ’ਚ 24 ਘੰਟਿਆਂ ਲਈ ਸਟਾਫ ਦੀ ਤਾਇਨਾਤੀ ਕੀਤੀ ਗਈ ਹੈ। ਲੋਕਾਂ ਵੱਲੋਂ ਇਨ੍ਹਾਂ ਨੰਬਰਾਂ ’ਤੇ ਕਾਲ ਕਰ ਕੇ ਕੋਵਿਡ ਸਬੰਧੀ ਜਾਣਕਾਰੀ ਲਈ ਜਾ ਸਕਦੀ ਹੈ। ਇਹ ਕਾਲ ਸੈਂਟਰ ਛੁੱਟੀ ਵਾਲੇ ਦਿਨ ਵੀ ਖੁੱਲ੍ਹਾ ਰਹੇਗਾ।