ਪੈਸੰਜਰ ਟਰੇਨਾਂ 30 ਜੂਨ ਤਕ ਰੱਦ, ਲੁਧਿਆਣਾ ਤੋਂ 50ਵੀਂ ਲੇਬਰ ਟਰੇਨ ਰਵਾਨਾ

05/16/2020 12:41:10 AM

ਲੁਧਿਆਣਾ, (ਗੌਤਮ)— ਕੋਰੋਨਾ ਵਾਇਰਸ ਦੌਰਾਨ ਪ੍ਰਵਾਸੀ ਲੋਕਾਂ ਲਈ 100 ਤੋਂ ਜ਼ਿਆਦਾ ਸਪੈਸ਼ਲ ਲੇਬਰ ਟਰੇਨਾਂ ਨੂੰ ਰਵਾਨਾ ਕੀਤਾ ਜਾ ਚੁੱਕਾ ਹੈ। ਸ਼ੁੱਕਰਵਾਰ ਨੂੰ ਲੁਧਿਆਣਾ ਤੋਂ 50ਵੀਂ ਸਪੈਸ਼ਲ ਲੇਬਰ ਟਰੇਨ ਰਵਾਨਾ ਕੀਤੀ ਗਈ। ਸ਼ੁੱਕਰਵਾਰ ਨੂੰ ਚਲਾਈਆਂ ਗਈਆਂ 7 ਟਰੇਨਾਂ ਰਾਹੀਂ ਕਰੀਬ 7700 ਯਾਤਰੀਆਂ ਨੂੰ ਵੱਖ ਵੱਖ ਥਾਵਾਂ ਲਈ ਰਵਾਨਾ ਕੀਤਾ ਗਿਆ। ਰੇਲ ਵਿਭਾਗ ਦੇ ਬੁਲਾਰੇ ਮੁਤਾਬਕ 30 ਜੂਨ ਤਕ ਪੈਸੰਜਰ ਟਰੇਨਾਂ ਰੱਦ ਕੀਤੀਆਂ ਗਈਆਂ ਹਨ। ਸਿਰਫ ਸਪੈਸ਼ਲ ਟਰੇਨਾਂ ਹੀ ਚਲਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ 30 ਜੂਨ ਤਕ ਬੁੱਕ ਕੀਤੀਆਂ ਗਈਆਂ ਰੇਲਵੇ ਟਿਕਟਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਉਸ ਦੇ ਰਿਫੰਡ ਵੀ ਭੇਜੇ ਜਾ ਰਹੇ ਹਨ। ਫਿਰੋਜ਼ਪੁਰ ਰੇਲਵੇ ਮੰਡਲ ਦੇ ਡਵੀਜ਼ਨਲ ਮੈਨੇਜਰ ਰਾਜੇਸ਼ ਅਗਰਵਾਲ ਨੇ ਦੱਸਿਆ ਕਿ ਹੁਣ ਤਕ 100 ਟਰੇਨਾਂ ਰਵਾਨਾਂ ਕੀਤੀਆਂ ਗਈਆਂ ਹਨ ਅਤੇ ਲੁਧਿਆਣਾ ਤੋਂ ਹੀ 125ਵੀਂ ਟਰੇਨ ਰਵਾਨਾ ਕੀਤੀ ਜਾਵੇਗੀ। ਇਸ ਦੇ ਲਈ ਵਿਭਾਗ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ। ਜਦੋਂਕਿ ਪ੍ਰਵਾਸੀ ਲੋਕਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਆਪਣੇ ਪਿੰਡ ਜਾਣ ਲਈ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਦਿਨ ਇੰਤਜ਼ਾਰ ਕਰਨ ਤੋਂ ਬਾਅਦ ਮੈਸੇਜ ਮਿਲਦੇ ਹੀ ਉਹ ਦੱਸੀ ਗਈ ਜਗ੍ਹਾ 'ਤੇ ਪੁੱਜਦੇ ਹਨ ਤਾਂ ਕਈ ਲੋਕਾਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ। ਉਨ੍ਹਾਂ ਨੂੰ ਜਾਣ ਤੋਂ ਪਹਿਲਾਂ ਹੀ ਕਈ-ਕਈ ਘੰਟੇ ਇੰਤਜ਼ਾਰ ਕਰਨਾ ਪੈ ਰਿਹਾ ਹੈ। ਪਹਿਲਾਂ ਪੁਲਸ ਸਟੇਸ਼ਨ ਜਾਂ ਕੈਂਪ ਵਿਚ ਉਸ ਤੋਂ ਬਾਅਦ ਫਿਰ ਗੁਰੂ ਨਾਨਕ ਸਟੇਡੀਅਮ 'ਚ। ਕਈ ਵਾਰ ਕਿਸੇ ਦੂਜੀ ਜਗ੍ਹਾ 'ਤੇ ਹੋਰਨਾਂ ਯਾਤਰੀਆਂ ਨੂੰ ਭੇਜ ਦਿੱਤਾ ਜਾਂਦਾ ਹੈ, ਜਦੋਂਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਸ ਗੱਲ ਦਾ ਖੰਡਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਸਾਰੀ ਕਾਰਵਾਈ ਪਾਰਦਰਸ਼ੀ ਢੰਗ ਨਾਲ ਕੀਤੀ ਜਾ ਰਹੀ ਹੈ। ਯਾਤਰੀਆਂ ਲਈ ਚਲਾਈ ਗਈ ਸਪੈਸ਼ਲ ਟਰੇਨ ਵਿਚ ਦਿੱਲੀ ਤੋਂ ਲੁਧਿਆਣਾ ਲਈ ਕਰੀਬ 200 ਯਾਤਰੀ, ਲੁਧਿਆਣਾ ਤੋਂ ਜੰਮੂ ਲਈ 137 ਯਾਤਰੀ, ਜੰਮੂ ਤੋਂ ਲੁਧਿਆਣਾ ਦੇ 100 ਦੇ ਕਰੀਬ ਅਤੇ ਲੁਧਿਆਣਾ ਤੋਂ ਦਿੱਲੀ ਲਈ 200 ਤੋਂ ਜ਼ਿਆਦਾ ਯਾਤਰੀ ਰਵਾਨਾ ਹੋਏ। ਦੂਜੇ ਪਾਸੇ ਗ੍ਰਹਿ ਮੰਤਰਾਲਾ ਦੇ ਹੁਕਮਾਂ ਮੁਤਾਬਕ ਰੇਲਵੇ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਟਰੇਨਾਂ ਸ਼ੁਰੂ ਹੋਣ ਤੋਂ ਬਾਅਦ ਵੀ ਕਨਫਰਮ ਟਿਕਟ ਹੋਣ 'ਤੇ ਜੇਕਰ ਯਾਤਰਾ ਤੋਂ ਪਹਿਲਾਂ ਕੋਈ ਵੀ ਯਾਤਰੀ ਮੈਡੀਕਲ ਵਿਚ ਫਿੱਟ ਨਹੀਂ ਪਾਇਆ ਜਾਂਦਾ ਤਾਂ ਉਸ ਨੂੰ ਯਾਤਰਾ ਦੀ ਆਗਿਆ ਨਹੀਂ ਹੋਵੇਗੀ ਅਤੇ ਉਸ ਨੂੰ ਟਿਕਟ ਦੇ ਪੂਰੇ ਪੈਸੇ ਵਾਪਸ ਕਰ ਦਿੱਤੇ ਜਾਣਗੇ।
 


KamalJeet Singh

Content Editor

Related News