ਰੇਲਵੇ ਪੁਲ ’ਤੇ ਵਾਪਰਿਆ ਭਿਆਨਕ ਹਾਦਸਾ , 1 ਦੀ ਮੌਤ, 2 ਜ਼ਖਮੀ
Saturday, Jan 15, 2022 - 09:41 AM (IST)

ਕੋਟਕਪੂਰਾ (ਨਰਿੰਦਰ/ਦਿਵੇਦੀ): ਬੀਤੀ ਰਾਤ 8 ਵਜੇ ਦੇ ਕਰੀਬ ਸਥਾਨਕ ਕੋਟਕਪੂਰਾ-ਮੁਕਤਸਰ ਰੋਡ ’ਤੇ ਬਣੇ ਰੇਲਵੇ ਪੁਲ ’ਤੇ ਵਾਪਰੇ ਇਕ ਭਿਆਨਕ ਹਾਦਸੇ ’ਚ 1 ਵਿਅਕਤੀ ਦੀ ਮੌਤ ਅਤੇ 2 ਵਿਅਕਤੀਆਂ ਦੇ ਜ਼ਖਮੀ ਹੋ ਜਾਣ ਦਾ ਪਤਾ ਲੱਗਿਆ ਹੈ। ਇਸ ਸਬੰਧੀ ਹਾਦਸੇ ’ਚ ਜ਼ਖਮੀ ਮੰਗਤ ਰਾਮ ਪੁੱਤਰ ਮੋਹਨ ਲਾਲ ਵਾਸੀ ਜਲਾਲੇਆਣਾ ਰੋਡ ਬੰਗਾਲੀ ਬਸਤੀ ਕੋਟਕਪੂਰਾ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਸਿਟੀ ਪੁਲਸ ਵੱਲੋਂ ਟਰਾਲਾ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਅਮਲ ’ਚ ਲਿਆਂਦੀ ਗਈ।
ਪੜ੍ਹੋ ਇਹ ਵੀ ਖ਼ਬਰ - ਭਵਾਨੀਗੜ੍ਹ : ਸ਼ਹੀਦਾਂ ਦੀ ਬਣੀ ਸਮਾਧ ’ਤੇ ਪਏ ਗੁਟਕਾ ਸਾਹਿਬ ਦੀ ਬੇਅਦਬੀ, ਗੋਲਕ ਤੋੜਨ ਦੀ ਵੀ ਕੀਤੀ ਕੋਸ਼ਿਸ਼
ਮੰਗਤ ਰਾਮ ਵੱਲੋਂ ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਉਹ ਅਤੇ ਉਸਦੇ ਚਾਚੇ ਦਾ ਲੜਕਾ ਗਗਨਦੀਪ (28) ਪੁੱਤਰ ਰਾਮ ਚੰਦ ਸਥਾਨਕ ਸਿੱਖਾਂ ਵਾਲਾ ਰੋਡ ’ਤੇ ਸਥਿਤ ਫੀਡ ਫੈਕਟਰੀ ਤੋਂ ਆਪਣੇ ਮਾਲਕ ਰਾਹੁਲ ਸਿੰਗਲਾ ਨਾਲ ਉਸਦੀ ਕਾਰ ’ਤੇ ਸਵਾਰ ਹੋ ਕੇ ਆ ਰਹੇ ਸਨ। ਇਸ ਦੌਰਾਨ ਰਾਤ 8 ਵਜੇ ਦੇ ਕਰੀਬ ਜਦ ਉਹ ਬੱਤੀਆਂ ਵਾਲੇ ਚੌਕ ਤੋਂ ਮੁਕਤਸਰ ਵਾਲੀ ਰੋਡ ’ਤੇ ਬਣੇ ਪੁਲ ਤੋਂ ਲੰਘ ਰਹੇ ਸਨ ਤਾਂ ਸਾਹਮਣੇ ਤੋਂ ਤੇਜ ਰਫਤਾਰ ਆ ਰਹੇ ਇਕ ਘੋੜੇ-ਟਰਾਲੇ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਇਹ ਵੀ ਪੜ੍ਹੋ : ਕੜਾਕੇ ਦੀ ਠੰਢ ’ਚ ਨਹੀਂ ਘਟੀ ਸ਼ਰਧਾ, ਮਾਘੀ ਮੇਲੇ ਮੌਕੇ ਪਵਿੱਤਰ ਸਰੋਵਰ ’ਚ ਸੰਗਤ ਨੇ ਲਾਈ ਡੁਬਕੀ (ਤਸਵੀਰਾਂ)
ਜਾਣਕਾਰੀ ਅਨੁਸਾਰ ਹਾਦਸੇ ’ਚ ਤਿੰਨਾਂ ਵਿਅਕਤੀਆਂ ਦੇ ਗੰਭੀਰ ਸੱਟਾਂ ਵੱਜੀਆਂ ਜਿਨ੍ਹਾਂ ਨੂੰ ਲੋਕਾਂ ਵੱਲੋਂ ਸਥਾਨਕ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਨੂੰ ਵੇਖਦਿਆਂ ਤਿੰਨਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਰੈਫਰ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਕੋਟਕਪੂਰਾ ਦੇ ਏ. ਐੱਸ. ਆਈ. ਚਮਕੌਰ ਸਿੰਘ ਨੇ ਦੱਸਿਆ ਕਿ ਹਾਦਸੇ ’ਚ ਜ਼ਖਮੀ ਗਗਨਦੀਪ ਦੀ ਬਾਅਦ ’ਚ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ