17 ਤੇ 19 ਨੂੰ ਜਲ ਸਪਲਾਈ ਵਰਕਰ ਕਰਨਗੇ ਨੈਸ਼ਨਲ ਹਾਈਵੇ ਜਾਮ
Tuesday, Dec 14, 2021 - 05:03 PM (IST)
 
            
            ਫਿਰੋਜ਼ਪੁਰ (ਕੁਮਾਰ)-ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ, ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ ਅਤੇ ਸੂਬਾ ਪ੍ਰੈੱਸ ਸਕੱਤਰ ਸਤਨਾਮ ਸਿੰਘ ਫਲੀਆਂਵਾਲਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ 17 ਦਸੰਬਰ ਨੂੰ ਖੰਨਾ ’ਚ ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇ ਤੇ 19 ਦਸੰਬਰ ਨੂੰ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ਜਾਮ ਕਰਨਗੇ। ਉਨ੍ਹਾਂ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਪੇਂਡੂ ਜਲ ਸਪਲਾਈ ਸਕੀਮਾਂ ’ਤੇ ਬਤੌਰ ਪੰਪ ਆਪਰੇਟਰ, ਮਾਲੀ, ਚੌਕੀਦਾਰ, ਫਿਟਰ, ਹੈਲਪਰ, ਪੈਟਰੋਲ ਮੈਨ, ਡਰਾਈਵਰ, ਸੇਵਾਦਾਰ ਅਤੇ ਦਫਤਰਾਂ ’ਚ ਕੰਪਿਊਟਰ ਆਪਰੇਟਰ, ਡਾਟਾ ਐਂਟਰੀ ਆਪਰੇਟਰ, ਲੈਜਰ ਕੀਪਰ, ਬਿੱਲ ਕਲਰਕ, ਲੈਬ ਕੈਮਿਸਟ, ਸੇਵਾਦਾਰ ਆਦਿ ਵੱਖ-ਵੱਖ ਪੋਸਟਾਂ ’ਤੇ ਪਿਛਲੇ 10-15 ਸਾਲਾਂ ਤੋਂ ਇਨਲਿਸਟਮੈਂਟ, ਕੰਪਨੀਆਂ, ਸੁਸਾਇਟੀਆਂ ਅਤੇ ਠੇਕੇਦਾਰਾਂ ਅਧੀਨ ਨਿਗੂਣੀਆਂ ਤਨਖਾਹਾਂ ’ਸੇਵਾਵਾਂ ਦੇ ਰਹੇ ਹਨ। ਬੀਤੀ 17 ਅਗਸਤ ਨੂੰ ਇਨਲਿਸਟਮੈਂਟ ਅਤੇ ਠੇਕਾ ਪ੍ਰਣਾਲੀ ਤਹਿਤ ਠੇਕਾ ਕਾਮਿਆਂ ਨੂੰ ਸਬੰਧਤ ਵਿਭਾਗ ’ਚ ਸ਼ਾਮਿਲ ਕਰਨ ਲਈ ਪ੍ਰਪੋਜ਼ਲ ਭੇਜਣ ਦਾ ਉਕਤ ਜਥੇਬੰਦੀ ਨੂੰ ਭਰੋਸਾ ਦਿੱਤਾ ਗਿਆ ਸੀ, ਜੋ ਪੂਰਾ ਨਹੀਂ ਹੋਇਆ।
ਜਥੇਬੰਦੀ ਵੱਲੋਂ ਜਲ ਸਪਲਾਈ ਮੰਤਰੀ ਅਤੇ ਵਿਭਾਗ ਦੇ ਆਲ੍ਹਾ ਅਧਿਕਾਰੀਆਂ ਤੋਂ ਮੰਗ ਕੀਤੀ ਗਈ ਕਿ ਪੇਂਡੂ ਲੋਕਾਂ ਦੀ ਪੀਣ ਵਾਲੇ ਪਾਣੀ ਦੀ ਬੁਨਿਆਦੀ ਸਹੂਲਤ ਦੇਣ ਵਾਲੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ’ਚ ਇਨਲਿਸਟਮੈਂਟ, ਕੰਪਨੀਆਂ, ਸੁਸਾਇਟੀਆਂ ਅਤੇ ਠੇਕੇਦਾਰਾਂ ਅਧੀਨ ਕੰਮ ਕਰਦੇ ਕਾਮਿਆਂ ਨੂੰ ਸਬੰਧਤ ਵਿਭਾਗ ’ਚ ਬਿਨਾਂ ਸ਼ਰਤ ਮਰਜ ਕਰ ਕੇ ਰੈਗੂਲਰ ਕੀਤਾ ਜਾਵੇ, ਕੁਟੈਸ਼ਨ ਸਿਸਟਮ ਬੰਦ ਕੀਤਾ ਜਾਵੇ, ਕਿਸੇ ਵੀ ਠੇਕਾ ਕਾਮੇ ਦੀ ਛਾਂਟੀ ਨਾ ਕੀਤੀ ਜਾਵੇ, ਠੇਕਾ ਮੁਲਾਜ਼ਮਾਂ ਲਈ ਬਰਾਬਰ ਕੰਮ ਲਈ ਬਰਾਬਰ ਤਨਖਾਹ ਦਾ ਨਿਯਮ ਲਾਗੂ ਕੀਤਾ ਜਾਵੇ, ਠੇਕਾ ਕਾਮਿਆਂ ਦੀ ਤਨਖਾਹ 15ਵੀਂ ਲੇਬਰ ਕਾਨਫਰੰਸ ਦੀਆਂ ਸਿਫਾਰਿਸ਼ਾਂ ਮੁਤਾਬਿਕ ਨਿਸ਼ਚਿਤ ਕੀਤੀ ਜਾਵੇ ਅਤੇ ਘੱਟੋ-ਘੱਟ ਤਨਖਾਹ 27100 ਰੁਪਏ ਪ੍ਰਤੀ ਮਹੀਨਾ ਤੈਅ ਕੀਤੀ ਜਾਵੇ, ਪੇਂਡੂ ਜਲ ਸਪਲਾਈ ਸਕੀਮਾਂ ਦਾ ਨਿੱਜੀਕਰਨ/ਪੰਚਾਇਤੀਕਰਨ ਕਰਨ ਦੀਆਂ ਨੀਤੀਆਂ ਰੱਦ ਕੀਤੀਆਂ ਜਾਣ, ਪੰਚਾਇਤਾਂ ਨੂੰ ਹੈੱਡ ਓਵਰ ਕੀਤੀਆਂ ਜਲ ਸਪਲਾਈ ਸਕੀਮਾਂ ਵਾਪਸ ਸਰਕਾਰ ਅਧੀਨ ਮਹਿਕਮੇ ਨੂੰ ਦਿੱਤੀਆਂ ਜਾਣ ਅਤੇ ਸਰਕਾਰ ਲੋਕਾਂ ਦੇ ਪੀਣ ਵਾਲੇ ਪਾਣੀ ਦੀ ਸਹੂਲਤ ਦਾ ਖੁਦ ਪ੍ਰਬੰਧ ਕਰੇ।
ਸੂਬਾ ਆਗੂਆਂ ਨੇ ਕਿਹਾ ਕਿ ਉਪਰੋਕਤ ਮੰਗਾਂ ਦੇ ਸਬੰਧ ’ਚ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ 17 ਦਸੰਬਰ ਨੂੰ ਖੰਨਾ ’ਚ ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇ ਅਤੇ 19 ਦਸੰਬਰ ਨੂੰ ਲਹਿਰਾ ਮੁਹੱਬਤ ਵਿਖੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ਜਾਮ ਕਰਨਗੇ ਤੇ ਸੂਬੇ ਭਰ ਤੋਂ ਜਲ ਸਪਲਾਈ ਕਾਮੇ ਆਪਣੇ ਪਰਿਵਾਰਾਂ ਸਣੇ ਸ਼ਾਮਿਲ ਹੋਣਗੇ। ਇਸ ਦੇ ਨਾਲ ਹੀ ਜਿਥੇ ਵੀ ਪੰਜਾਬ ’ਚ ਜਲ ਸਪਲਾਈ ਮੰਤਰੀ ਦੇ ਫੀਲਡ ’ਚ ਆਉਣਗੇ, ਮੋਰਚੇ ਦੇ ਤੈਅ ਪ੍ਰੋਗਰਾਮ ਤਹਿਤ ਕਾਮਿਆਂ ਵਲੋਂ ਪਰਿਵਾਰਾਂ ਬੱਚਿਆਂ ਸਮੇਤ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ ਦੀ ਜ਼ਿੰਮੇਵਾਰੀ ਜਲ ਸਪਲਾਈ ਅਤੇ ਸੈਨੀਟੇਸਨ ਵਿਭਾਗ ਮੰਤਰੀ ਪੰਜਾਬ ਦੀ ਹੋਵੇਗੀ। ਇਸ ਮੌਕੇ ਸੂਬਾ ਆਗੂ ਜਗਰੂਪ ਸਿੰਘ, ਹਾਕਮ ਸਿੰਘ ਧਨੇਠਾ, ਸੁਰੇਸ਼ ਕੁਮਾਰ ਮੋਹਾਲੀ, ਮਨਪ੍ਰੀਤ ਸਿੰਘ ਸੰਗਰੂਰ ਆਦਿ ਹਾਜ਼ਰ ਸਨ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            