ਰਾਜਨੀਤੀ ਨਹੀਂ ਲੋਕ ਸੇਵਾ ਲਈ ਮੁੜ ਰਾਜਨੀਤੀ ’ਚ ਆਇਆ ਹਾਂ : ਅਰਵਿੰਦ ਖੰਨਾ

01/16/2022 12:30:14 PM

ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਨ ਤੋਂ ਬਾਅਦ ਮੁੜ ਸਿਆਸਤ ਵਿੱਚ ਸਰਗਰਮ ਹੋਏ ਅਰਵਿੰਦ ਖੰਨਾ ਨੇ ਅੱਜ ਸੰਗਰੂਰ ਪਹੁੰਚਣ ’ਤੇ ਭਾਜਪਾ ਆਗੂ ਰਣਦੀਪ ਦਿਓਲ ਦੇ ਗ੍ਰਹਿ ਵਿਖੇ ਪਲੇਠੀ ਪ੍ਰੈੱਸ ਕਾਨਫ਼ਰੰਸ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮਕਸਦ ਸਿਰਫ਼ ਤੇ ਸਿਰਫ਼ ਲੋਕ ਸੇਵਾ ਹੈ । ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰ ਅੰਦੇਸ਼ੀ ਸੋਚ ਨੂੰ ਵੇਖਦਿਆਂ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਵਿੱਚ ਰਹਿ ਕੇ ਸਮਾਜ ਸੇਵਾ ਕਰਨ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਦੂਰ ਅੰਦੇਸ਼ੀ ਸੋਚ ਹੀ ਨਵੇਂ ਪੰਜਾਬ ਦੀ ਸਿਰਜਣਾ ਕਰੇਗੀ। ਉਨ੍ਹਾਂ ਦੱਸਿਆ ਕਿ ਭਾਵੇਂ ਹੋਰਨਾਂ ਰਾਜਨੀਤਕ ਪਾਰਟੀਆਂ ਵੱਲੋਂ ਵੀ ਉਨ੍ਹਾਂ ਤੱਕ ਪਹੁੰਚ ਕੀਤੀ ਗਈ ਸੀ। ਭਾਰਤੀ ਜਨਤਾ ਪਾਰਟੀ ਦੀਆਂ ਲੋਕ ਹਿਤੈਸ਼ੀ ਨੀਤੀਆਂ ਨੂੰ ਵੇਖਦਿਆਂ ਉਨ੍ਹਾਂ ਨੇ ਪਾਰਟੀ ਜੁਆਇਨ ਕੀਤੀ ਹੈ । 

ਇਹ ਵੀ ਪੜ੍ਹੋ : ਚੋਣ ਮੈਨੀਫੈਸਟੋ ’ਚ ਸਰਕਾਰਾਂ ਵੀ ਬੱਚਿਆਂ ਨੂੰ ਦੇਣ ਲੱਗੀਆਂ ਬਾਹਰ ਭੇਜਣ ਦਾ ਲਾਲਚ

ਇੱਥੇ ਜ਼ਿਕਰਯੋਗ ਹੈ ਕਿ ਵਿਧਾਨ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਵਿਜੈਇੰਦਰ ਸਿੰਗਲਾ ਲਈ ਹੁਣ ਸੰਗਰੂਰ ਤੋਂ ਚੋਣ ਜਿੱਤਣਾ ਸੁਖਾਲਾ ਨਹੀਂ ਹੋਵੇਗਾ ਕਿਉਂਕਿ ਸ੍ਰੀ ਅਰਵਿੰਦ ਖੰਨਾ ਪਹਿਲਾਂ ਸੰਗਰੂਰ ਤੋਂ ਵਿਧਾਇਕ ਰਹਿ ਚੁੱਕੇ ਹਨ ਅਤੇ ਉਨ੍ਹਾਂ ਦਾ ਕਾਫੀ ਵੱਡਾ  ਅਧਾਰ ਸੰਗਰੂਰ ਹਲਕੇ ’ਚ ਹੈ ਅਤੇ ਲੋਕ ਉਨ੍ਹਾਂ ਨੂੰ ਪਿਆਰ ਕਰਦੇ ਹਨ ਜਿਸ ਕਰਕੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਸੱਤ ਸਾਲ ਪਹਿਲਾਂ ਰਾਜਨੀਤੀ ਤੋਂ ਦੂਰ ਹੋਣ ਦਾ ਕਾਰਨ ਵੀ ਇਹੋ ਸੀ ਉਨ੍ਹਾਂ ਦੇ ਮਨ ਦੀ ਭਾਵਨਾ ਅਤੇ ਸਰਕਾਰ ਦੀਆਂ ਨੀਤੀਆਂ ਆਪਸ ਵਿੱਚ ਮੇਲ ਨਹੀਂ ਖਾਂਦੀਆਂ ਸਨ ਸੋ ਉਨ੍ਹਾਂ ਨੇ ਰਾਜਨੀਤੀ ਤੋਂ ਕਿਨਾਰਾ ਕਰਨਾ ਠੀਕ ਸਮਝਿਆ।ਉਨ੍ਹਾਂ ਕਿਹਾ ਕਿ ਉਹ ਸੱਤ ਸਾਲ ਰਾਜਨੀਤੀ ਤੋਂ ਦੂਰ ਰਹੇ ਪ੍ਰੰਤੂ ਸੰਗਰੂਰ ਦੇ ਲੋਕਾਂ ਅਤੇ ਆਗੂਆਂ ਦੇ ਨਾਲ ਉਹ ਹਮੇਸ਼ਾਂ ਸੰਪਰਕ ’ਚ ਰਹੇ ਅਤੇ ਹਰ ਦੁੱਖ ਸੁੱਖ ’ਚ ਫ਼ੋਨ ’ਤੇ ਰਾਬਤਾ ਕਾਇਮ ਰੱਖਿਆ ਹੈ। ਉਨ੍ਹਾਂ ਦੱਸਿਆ ਕਿ ਪਾਰਟੀ ਜੁਆਇਨ ਕਰਨ ਮੌਕੇ ਉਨ੍ਹਾਂ ਵੱਲੋਂ ਬਗੈਰ ਸ਼ਰਤ ਪਾਰਟੀ ਜੁਆਇਨ ਕੀਤੀ ਗਈ ਹੈ ਨਾ ਕਿ ਉਮੀਦਵਾਰੀ ਜਾਂ ਹੋਰ ਕੋਈ ਸ਼ਰਤ ’ਤੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਹੈ । ਉਨ੍ਹਾਂ ਦੀ ਇੱਕੋ ਦਿਲੀਂ ਭਾਵਨਾ ਹੈ ਕਿ ਪੰਜਾਬ ਵਿਚ ਬਦਲਾਓ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਕੇਵਲ ਸੜਕਾਂ ਬਣਾਉਣ ਨਾਲ ਸੂਬੇ ਵਿਚੋਂ ਬੇਰੁਜ਼ਗਾਰੀ ਦੂਰ ਨਹੀਂ ਹੋਵੇਗੀ ਅਤੇ ਨਾ ਹੀ ਅਪਰਾਧ ਦੇ ਕੇਸਾਂ ’ਚ ਘੱਟ ਹੋਣੇ ਹਨ। ਇਸ ਸਭ ਦੇ ਸੁਧਾਰ ਲਈ ਇੱਕ ਨਵੀਂ ਦਿਸ਼ਾ ’ਚ ਤੁਰਨਾ ਪੈਣਾ ਹੈ ਤੇ ਉਨ੍ਹਾਂ ਨੇ ਅਤੇ ਉਨ੍ਹਾਂ ਦੀ ਟੀਮ ਨੇ ਸਭ ਕੁੱਝ ਨਵਾਂ ਅਤੇ ਕ੍ਰਾਂਤੀਕਾਰੀ ਬਣਾਉਣ ਲਈ ਟੀਚਾ ਮਿਥ ਰੱਖਿਆ ਹੈ।

ਇਹ ਵੀ ਪੜ੍ਹੋ : 31 ਜਨਵਰੀ ਤੱਕ ਆਂਗਣਵਾੜੀ ਸੈਂਟਰ ਬੱਚਿਆਂ ਲਈ ਬੰਦ

ਇਸ ਮੌਕੇ ਭਾਜਪਾ ਦੇ  ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ  ਦਿਓਲ,ਬੀ ਐਸ ਮੱਲੀ,ਰੋਮੀ , ਸੁਰੇਸ਼ ਬੇਦੀ ,ਮੀਨਾ ਖੋਖਰ, ਲਛਮੀ ਦੇਵੀ, ਆਦਿ ਹਾਜ਼ਰ ਸਨ।  ਇਸ ਤੋਂ ਇਲਾਵਾ ਸ੍ਰੀ ਅਰਵਿੰਦ ਖੰਨਾ ਵੱਲੋਂ ਸੰਗਰੂਰ ਵਿਖੇ ਵੱਖ ਵੱਖ ਥਾਵਾਂ ਉਪਰ ਇਕ ਦਰਜਨ ਤੋਂ ਵੱਧ ਸਮਾਗਮਾਂ ਵਿੱਚ ਸ਼ਮੂਲੀਅਤ ਕੀਤੀ ਗਈ ਜਿੱਥੇ ਉਨ੍ਹਾਂ ਦੇ ਨਾਲ ਅਸ਼ੋਕ ਕੁਮਾਰ ਰੱਜਾ ਸਾਬਕਾ ਪ੍ਰਧਾਨ ਨਗਰ ਕੋਸਲ, ਅਨੁਪਮ ਪੋਪੀ ਸਾਬਕਾ ਐਮ ਸੀ, ਰਾਜ ਕੁਮਾਰ ਗੋਇਲ, ਸਾਹਿਲ, ਰਾਜ ਅਰੋੜਾ, ਬਿੰਨੀ ਅਰੋੜਾ, ਜਰਨੈਲ , ਯਸੀ ਪਾਲ ਜਿੰਦਲ, ਵਿਨੋਦ ਕੁਮਾਰ ਬੋਦੀ ਸਾਬਕਾ ਐਮ ਸੀ ਤੋਂ ਇਲਾਵਾ ਹੋਰ ਸ਼ਹਿਰ ਦੇ ਮੋਹਤਬਰ ਵਿਅਕਤੀ ਹਾਜ਼ਰ ਸਨ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News