ਨਹੀਂ ਰੁਕ ਰਿਹਾ ਬਰਾਮਦਗੀ ਦਾ ਸਿਲਸਿਲਾ, ਸੈਂਟਰਲ ਜੇਲ ’ਚੋਂ ਮਿਲੇ 6 ਮੋਬਾਇਲ

Monday, Jan 14, 2019 - 05:47 AM (IST)

ਨਹੀਂ ਰੁਕ ਰਿਹਾ ਬਰਾਮਦਗੀ ਦਾ ਸਿਲਸਿਲਾ, ਸੈਂਟਰਲ ਜੇਲ ’ਚੋਂ ਮਿਲੇ 6 ਮੋਬਾਇਲ

ਲੁਧਿਆਣਾ, (ਸਿਆਲ)- ਕੇਂਦਰੀ ਜੇਲ ਅਧਿਕਾਰੀਆਂ ਦੇ ਸਖਤ ਸੁਰੱਖਿਆ ਪ੍ਰਬੰਧਾਂ, ਗੰਭੀਰਤਾ ਨਾਲ ਤਲਾਸ਼ੀ ਕਰਨ ਦੇ ਠੋਸ ਦਾਅਵਿਆਂ ਦੇ ਬਾਵਜੂਦ ਸਰਚ ਅਤੇ ਛਾਣਬੀਣ ਦੌਰਾਨ ਮੋਬਾਇਲ ਬਰਾਮਦ ਮਿਲਣ ਦਾ ਸਿਲਸਿਲਾ ਲਗਾਤਾਰ ਵਧ ਰਿਹਾ ਹੈ।  ਇਹ ਗੰਭੀਰ ਜਾਂਚ ਦਾ ਵਿਸ਼ਾ ਹੈ। ਬੇਖੌਫ ਹੋ ਕੇ ਮੋਬਾਇਲ ਦੀ ਵਰਤੋਂ ਕਰਨ ਵਾਲੇ ਬੰਦੀਆਂ ’ਤੇ ਜੇਲ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਠੋਸ ਕਦਮ ਨਾ ਚੁੱਕੇ ਤਾਂ ਸੈਂਟਰਲ ਜੇਲ ਦੇ ਹਾਲਾਤ ਕੁਝ ਹੋਰ ਵੀ ਹੋ ਸਕਦੇ ਹਨ।
ਸਰਚ ਸਿਰਫ ਖਾਨਾਪੂਰਤੀ
ਭਰੋਸੇਯੋਗ ਸੂਤਰਾਂ ਅਨੁਸਾਰ ਜੇਲ ਦੀਆਂ ਬੈਰਕਾਂ ’ਚ ਬੰਦੀਆਂ ਵਲੋਂ ਮੋਬਾਇਲ ਦੀ ਵਰਤੋਂ ਕਰਨ ਸਬੰਧੀ ਗੁਪਤ ਸੂਚਨਾ ਮਿਲਣ ਉਪਰੰਤ ਸਰਚ ਦੌਰਾਨ ਫਡ਼ੇ ਜਾਣ ਵਾਲੇ ਮੋਬਾਇਲ ਦੇ ਮਾਮਲੇ ਪੁਲਸ ਕਾਰਵਾਈ ਲਈ ਭੇਜਣਾ ਮਾਤਰ ਖਾਨਾਪੂਰਤੀ ਹੀ ਬਣਦੀ ਜਾ ਰਹੀ ਹੈ, ਜਦਕਿ ਜੇਲ ਅਧਿਕਾਰੀਆਂ ਵਲੋਂ ਕਿਸੇ ਬੰਦੀ ਤੋਂ  ਮੋਬਾਇਲ ਫਡ਼ੇ ਜਾਣ ਦੀ ਗੰਭੀਰਤਾ ਨਾਲ ਪੁੱਛਗਿੱਛ ਕਰਨ ਦੀ ਢਿੱਲੀ ਪ੍ਰਤੀਕਿਰਿਆ ਨਜ਼ਰ ਆ ਰਹੀ ਹੈ। ਨਾ ਹੀ ਉਕਤ ਬੰਦੀਆਂ ਨੂੰ ਮੋਬਾਇਲ ਉਪਲੱਬਧ ਕਰਵਾਉਣ ਦਾ ਕਿਸੇ ਕਿਸਮ ਦਾ ਪਰਦਾਫਾਸ਼ ਹੋ ਸਕਿਆ ਹੈ।
 ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਕੀਤੀ ਜਾਵੇਗੀ ਪੁੱਛਗਿੱਛ
 ਤਾਜਪੁਰ ਪੁਲਸ ਚੌਕੀ ਇੰਚਾਰਜ ਸੁਦਰਸ਼ਨ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਸਹਾਇਕ ਸੁਪਰਡੈਂਟ ਦੀ ਸ਼ਿਕਾਇਤ ’ਤੇ 4 ਹਵਾਲਾਤੀਆਂ ਤੋਂ ਅਤੇ 2 ਲਾਵਾਰਿਸ ਮੋਬਾਇਲ ਮਿਲਣ ਦਾ ਮਾਮਲਾ ਪ੍ਰੀਜ਼ਨ ਐਕਟ ਦੇ ਅਧੀਨ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਕਤ ਹਵਾਲਾਤੀਆਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਵੀ ਪੁੱਛਗਿੱਛ ਕੀਤੀ ਜਾਵੇਗੀ।
ਇਨ੍ਹਾਂ ਕੋਲੋਂ ਬਰਾਮਦ ਹੋਏ ਮੋਬਾਇਲ 
 ਜੇਲ ਦੇ ਸਹਾਇਕ ਸੁਪਰਡੈਂਟ ਸ਼ਿਵ ਕੁਮਾਰ ਦੀ ਸ਼ਿਕਾਇਤ ’ਤੇ ਪੁਲਸ ਚੌਕੀ ਵਿਚ ਸਰਚ  ਦੌਰਾਨ ਫਡ਼ੇ ਮੋਬਾਇਲਾਂ ਦੇ ਅਾਧਾਰ ’ਤੇ ਪੁਲਸ ਨੇ ਹਵਾਲਾਤੀ ਜਸਵੰਤ ਸਿੰਘ ਕੋਲੋਂ 1 ਮੋਬਾਇਲ ਫਡ਼ਿਆ ਹੈ, ਜਿਸ ’ਤੇ ਥਾਣਾ ਫੋਕਲ ਪੁਆਇੰਟ ’ਚ ਕਤਲ ਦੇ ਦੋਸ਼ ਦੇ ਨਾਲ-ਨਾਲ ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਹੋਣ ’ਤੇ ਉਹ ਜੇਲ ’ਚ ਬੰਦ ਹੈ। ਹਵਾਲਾਤੀ ਸੈਮੀ ਧੀਮਾਨ ਕੋਲੋਂ ਵੀ ਇਕ ਮੋਬਾਇਲ ਫਡ਼ਿਆ ਗਿਆ ਹੈ। ਉਸ ’ਤੇ ਇੰਟੈਲੀਜੈਂਸੀ ਵਿਭਾਗ ਵਲੋਂ ਥਾਣਾ ਸਰਾਭਾ ਨਗਰ ਵਿਚ ਮਾਮਲਾ ਦਰਜ ਕਰਵਾਏ ਜਾਣ ’ਤੇ ਉਹ ਜੇਲ ਵਿਚ ਬੰਦ ਹੈ।  ਹਵਾਲਾਤੀ ਬੱਬੂ ਭਾਰਤੀ ’ਤੇ ਥਾਣਾ ਫੋਕਲ ਪੁਆਇੰਟ ਵਿਚ ਕਤਲ ਦੇ ਦੋਸ਼ ਵਿਚ ਮਾਮਲਾ ਦਰਜ ਹੋਣ ’ਤੇ ਉਹ ਜੇਲ ਵਿਚ ਬੰਦ ਹੈ। ਉਸ ਕੋਲੋਂ ਵੀ ਇਕ ਮੋਬਾਇਲ ਬਰਾਮਦ ਹੋਇਆ ਹੈ। ਹਵਾਲਾਤੀ ਵਰਿੰਦਰ ਸਿੰਘ ’ਤੇ ਥਾਣਾ ਸਦਰ ਖੰਨਾ ਵਿਚ ਐੱਨ. ਡੀ. ਪੀ. ਐੱਸ. ਐਕਟ ਅਧੀਨ ਮਾਮਲਾ ਦਰਜ ਹੋਣ ਦੇ ਕਾਰਨ ਉਹ ਜੇਲ ਵਿਚ ਬੰਦ ਹੈ। ਇਸ ਤੋਂ ਵੀ ਇਕ ਮੋਬਾਇਲ ਫਡ਼ਿਆ ਗਿਆ ਹੈ। ਜਦਕਿ 2 ਮੋਬਾਇਲ ਬੈਰਕ ਵਿਚ ਲਾਵਾਰਿਸ ਮਿਲੇ ਹਨ। 


Related News