22 ਨੰਬਰ ਫਾਟਕ ਮਾਰਕੀਟ ’ਚੋਂ ਨਿਗਮ ਨੇ ਹਟਾਏ ਨਾਜਾਇਜ਼ ਕਬਜ਼ੇ
Thursday, Dec 06, 2018 - 03:33 AM (IST)

ਪਟਿਆਲਾ, (ਬਲਜਿੰਦਰ)- ਨਗਰ ਨਿਗਮ ਦੀ ਟੀਮ ਨੇ ਸ਼ਹਿਰ ਦੀ ਪੌਸ਼ ਮਾਰਕੀਟ ਮੰਨੀ ਜਾਣ ਵਾਲੀ 22 ਨੰਬਰ ਫਾਟਕ ਤੋਂ ਵੱਡੀ ਸੰਖਿਆ ਵਿਚ ਨਾਜਾਇਜ਼ ਕਬਜ਼ੇ ਹਟਾਏ। ਨਿਗਮ ਦੀ ਲੈਂਡ ਬ੍ਰਾਂਚ ਦਆਰਾ ਇੰਸਪੈਕਟਰ ਸੁਨੀਲ ਗੁਲਾਟੀ ਦੀ ਅਗਵਾਈ ਹੇਠ ਗਈ ਟੀਮ ਵੱਲੋਂ ਕਾਰਵਾਈ ਕੀਤੀ ਗਈ। ਨਿਗਮ ਦੀ ਟੀਮ ਨੇ ਜਿਹਡ਼ੇ ਵੀ ਦੁਕਾਨਦਾਰਾਂ ਵੱਲੋਂ ਬਾਹਰ ਸਾਮਾਨ ਰੱਖਿਆ ਹੋਇਆ ਸੀ, ਉਹ ਜਾਂ ਤਾਂ ਅੰਦਰ ਕਰਵਾ ਦਿੱਤਾ ਗਿਆ ਅਤੇ ਜਾਂ ਫਿਰ ਜ਼ਬਤ ਕਰ ਲਿਆ ਗਿਆ। ਨਿਗਮ ਦੀ ਟੀਮ ਨੇ ਚਾਵਲਾ ਚਿਕਨ ਤੋਂ ਆਪਣੀ ਮੁਹਿੰਮ ਸ਼ੁਰੂ ਕੀਤੀ ਅਤੇ 22 ਨੰਬਰ ਫਾਟਕ ਦੇ ਆਸ-ਪਾਸ ਦੀਆਂ ਸਾਰੀਆਂ ਦੁਕਾਨਾਂ ਤੋਂ ਸਾਮਾਨ ਹਟਾਇਆ। ਇਸ ਦੌਰਾਨ ਦੁਕਾਨਦਾਰਾਂ ਵੱਲੋਂ ਵਿਰੋਧ ਕੀਤਾ ਗਿਆ। ਨਗਰ ਨਿਗਮ ਟੀਮ ਵੱਲੋਂ ਨਾਜਾਇਜ਼ ਕਬਜ਼ਾਧਾਰਕਾਂ ਨੂੰ ਚਿਤਾਵਨੀ ਵੀ ਦਿੱਤੀ ਗਈ ਕਿ ਜੇਕਰ ਫਿਰ ਤੋਂ ਨਾਜਾਇਜ਼ ਕਬਜ਼ੇ ਕੀਤੇ ਗਏ ਤਾਂ ਸਮੁੱਚਾ ਸਾਮਾਨ ਜ਼ਬਤ ਕੀਤਾ ਜਾਵੇਗਾ। ਨਿਗਮ ਦੀ ਟੀਮ ਵੱਲੋਂ ਕਾਰਵਾਈ ਸ਼ਾਮ ਨੂੰ 5 ਵਜੇ ਤੋਂ ਬਾਅਦ ਕੀਤੀ ਗਈ। ਇਸ ਸਮੇਂ ਹੀ ਇਥੇ ਜ਼ਿਆਦਾਤਰ ਦੁਕਾਨਦਾਰਾਂ ਵੱਲੋਂ ਸਾਮਾਨ ਬਾਹਰ ਇਸ ਸਮੇਂ ਦੌਰਾਨ ਰੱਖਿਆ ਜਾਂਦਾ ਹੈ। ਸ਼ਾਮ ਨੂੰ ਹੀ ਇਸ ਇਲਾਕੇ ਵਿਚ ਜ਼ਿਆਦਾ ਭੀਡ਼ ਹੁੰਦੀ ਹੈ। ਦੂਜੇ ਪਾਸੇ ਲੈਂਡ ਬ੍ਰਾਂਚ ਦੇ ਸੁਪਰਡੈਂਟ ਰਵਦੀਪ ਸਿੰਘ ਨੇ ਦੁਕਾਨਾਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਦੁਕਾਨ ਤੋਂ ਬਾਹਰ ਸਾਮਾਨ ਨਾ ਰੱਖਣ। ਇਸ ਨਾਲ ਜਿਥੇ ਟ੍ਰੈਫਿਕ ਜਾਮ ਹੁੰਦਾ ਹੈ, ਉਥੇ ਹੀ ਗਾਹਕਾਂ ਨੂੰ ਵੀ ਮੁਸ਼ਕਲ ਹੁੰਦੀ ਹੈ। ਇਸ ਦਾ ਸਿੱਧਾ ਨੁਕਸਾਨ ਖੁਦ ਦੁਕਾਨਦਾਰਾਂ ਦਾ ਹੀ ਹੈ। ਇਥੇ ਇਹ ਦੱਸਣਯੋਗ ਹੈ ਕਿ ਨਗਰ ਨਿਗਮ ਵੱਲੋਂ ਸ਼ਹਿਰ ਵਿਚ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਚਲਾਈ ਗਈ ਹੈ। ਇਸ ਤਹਿਤ ਬਜ਼ਾਰਾਂ ਅਤੇ ਮਾਰਕੀਟਸ ਵਿਚੋਂ ਨਾਜਾਇਜ਼ ਕਬਜ਼ੇ ਹਟਾਏ ਜਾ ਰਹੇ ਹਨ।