ਨੀਦਰਲੈਂਡ ਤੋਂ ਪਹੁੰਚੀ ਟੀਮ ਨੇ ਸਿਵਲ ਹਸਪਤਾਲ ਦੀਆਂ ਸਹੂਲਤਾਂ ਦੇ ਰਿਕਾਰਡ ਦਾ ਲਿਆ ਜਾਇਜ਼ਾ

02/13/2020 11:07:06 AM

ਮੋਗਾ (ਸੰਦੀਪ ਸ਼ਰਮਾ): ਨੀਦਰਲੈਂਡ ਤੋਂ ਵਿਸ਼ੇਸ਼ ਤੌਰ 'ਤੇ ਪੁੱਜੀ ਦੋ ਮੈਂਬਰਾਂ ਦੀ ਟੀਮ ਨੇ ਜ਼ਿਲੇ ਦੇ ਸਿਵਲ ਹਸਪਤਾਲ 'ਚ ਲੋਕਾਂ ਨੂੰ ਮਿਲਣ ਵਾਲੀਆਂ ਸਿਹਤ ਸਹੂਲਤਾਂ ਅਤੇ ਵਿਭਾਗ ਵੱਲੋਂ ਇਨ੍ਹਾਂ ਸਹੂਲਤਾਂ ਸਬੰਧੀ ਰੱਖੇ ਗਏ ਰਿਕਾਰਡ ਦਾ ਜਾਇਜ਼ਾ ਲਿਆ। ਇਸ ਤੋਂ ਇਲਾਵਾ ਸਰਕਾਰ ਵੱਲੋਂ ਚਲਾਈ ਜਾ ਰਹੀ ਆਯੁਸ਼ਮਾਨ ਭਾਰਤ ਯੋਜਨਾ ਸਮੇਤ ਵੱਖ-ਵੱਖ ਮੁਫਤ ਸਿਹਤ ਸਹੂਲਤਾਂ ਸਬੰਧੀ ਬਾਰੀਕੀ ਨਾਲ ਜਾਣਕਾਰੀ ਹਾਸਲ ਕੀਤੀ ਗਈ।

ਇਸ ਸਬੰਧੀ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਟੀਮ ਮੈਂਬਰ ਮਾਰਗਾ ਹਿਊਮੈਨ ਅਤੇ ਪੋਲਸਮੀਕਸ਼ ਨੇ ਦੱਸਿਆ ਕਿ ਉਹ ਇਸ ਹਸਪਤਾਲ 'ਚ ਮਿਲਣ ਵਾਲੀਆਂ ਸਹੂਲਤਾਂ ਦੀ ਆਪਣੇ ਦੇਸ਼ ਨੀਦਰਲੈਂਡ ਦੀਆਂ ਸਿਹਤ ਸਹੂਲਤਾਂ ਨਾਲ ਤੁਲਨਾ ਕਰਨਗੇ। ਇਸ ਤੋਂ ਇਲਾਵਾ ਹਸਪਤਾਲ ਦੇ ਇਨਫਰਾਸਟਰੱਕਚਰ ਨੂੰ ਵੀ ਦੇਖਿਆ ਜਾ ਰਿਹਾ ਹੈ ਤਾਂ ਕਿ ਜ਼ਰੂਰਤ ਅਨੁਸਾਰ ਇਸ ਨੂੰ ਆਧੁਨਿਕ ਕਰ ਕੇ ਹਸਪਤਾਲ 'ਚ ਆਉਣ ਵਾਲੇ ਮਰੀਜ਼ਾਂ ਨੂੰ ਇਸ ਤੋਂ ਵਧੀਆ ਸਹੂਲਤਾਂ ਮਿਲ ਸਕਣ।

ਸਿਵਲ ਸਰਜਨ ਡਾ. ਹਰਿੰਦਰਪਾਲ ਸਿੰਘ ਅਤੇ ਐੱਸ. ਐੱਮ. ਓ. ਡਾ. ਰਾਜੇਸ਼ ਅੱਤਰੀ ਨੇ ਦੱਸਿਆ ਕਿ ਜ਼ਿਲਾ ਮੋਗਾ ਦੇ ਹਸਪਤਾਲ ਸਮੇਤ ਇਕ ਹੋਰ ਜ਼ਿਲਾ ਪੱਧਰੀ ਹਸਪਤਾਲ 'ਚ ਇਸ ਟੀਮ ਵੱਲੋਂ ਜਾਇਜ਼ਾ ਲਿਆ ਜਾਵੇਗਾ ਅਤੇ ਇਸ ਦੀ ਰਿਪੋਰਟ ਬਣਾ ਕੇ ਪ੍ਰਦੇਸ਼ ਸਰਕਾਰ ਨੂੰ ਵੀ ਸੌਂਪੀ ਜਾਵੇਗੀ। ਮੋਗਾ ਦੇ ਸਿਵਲ ਹਸਪਤਾਲ ਦੇ ਨਾਲ-ਨਾਲ ਕੋਟ ਈਸੇ ਖਾਂ ਦੇ ਇਲਾਵਾ ਹੋਰ ਬਲਾਕ ਪੱਧਰੀ ਹਸਪਤਾਲਾਂ ਦਾ ਵੀ ਜਾਇਜ਼ਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਨੀਦਰਲੈਂਡ ਅਤੇ ਇਨ੍ਹਾਂ ਹਸਪਤਾਲਾਂ ਵਿਚ ਇਲਾਜ ਪ੍ਰਣਾਲੀ, ਵੱਖ-ਵੱਖ ਸਕੀਮਾਂ ਅਤੇ ਸੁਰੱਖਿਅਤ ਰੱਖੇ ਗਏ ਰਿਕਾਰਡ ਦੀ ਤੁਲਨਾ ਤੋਂ ਬਾਅਦ ਨੀਦਰਲੈਂਡ ਦੀ ਤਰਜ਼ 'ਤੇ ਹੀ ਇਨ੍ਹਾਂ ਹਸਪਤਾਲਾਂ ਨੂੰ ਵੀ ਅਤਿ ਆਧੁਨਿਕ ਬਣਾਉਣ ਦਾ ਹੱਲ ਕੀਤਾ ਜਾਵੇਗਾ।

ਟੀਮ ਦੇ ਮੈਂਬਰਾਂ ਨੇ ਆਈ. ਐੱਮ. ਏ. ਨਾਲ ਕੀਤੀ ਮੀਟਿੰਗ
ਟੀਮ ਦੇ ਮੈਂਬਰਾਂ ਵੱਲੋਂ ਸਿਵਲ ਸਰਜਨ ਡਾ. ਹਰਿੰਦਰਪਾਲ ਸਿੰਘ ਅਤੇ ਹੋਰ ਜ਼ਿਲਾ ਪੱਧਰੀ ਸਿਹਤ ਅਧਿਕਾਰੀਆਂ ਦੀ ਹਾਜ਼ਰੀ 'ਚ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ. ਐੱਮ. ਏ.) ਦੇ ਪ੍ਰਧਾਨ ਡਾ. ਸੰਜੀਵ ਮਿੱਤਲ ਅਤੇ ਹੋਰ ਅਹੁਦੇਦਾਰਾਂ ਨਾਲ ਮੀਟਿੰਗ ਕਰ ਕੇ ਸਰਕਾਰੀ ਅਤੇ ਪ੍ਰਾਈਵੇਟ ਸੈਕਟਰ 'ਚ ਇਲਾਜ ਪ੍ਰਣਾਲੀ ਸਬੰਧੀ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਡਾ. ਸੰਜੀਵ ਮਿੱਤਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਟੀਮ ਨੂੰ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਲੋਕਾਂ ਨੂੰ ਇਲਾਜ ਦਾ ਫਾਇਦਾ ਦੇਣ ਸਬੰਧੀ ਵਿਸਥਾਰ ਪੂਰਵਕ ਜਾਣੂ ਕਰਵਾਇਆ ਗਿਆ ਅਤੇ ਇਹ ਵੀ ਦੱਸਿਆ ਗਿਆ ਕਿ ਅਜਿਹੀਆਂ ਸਕੀਮਾਂ ਨਾਲ ਪ੍ਰਾਈਵੇਟ ਸੈਕਟਰ ਦੇ ਹਸਪਤਾਲਾਂ 'ਤੇ ਵਿੱਤੀ ਸੰਕਟ ਪੈਣ ਦੇ ਨਾਲ-ਨਾਲ ਆਉਣ ਵਾਲੇ ਸਮੇਂ ਵਿਚ ਬੁਰਾ ਪ੍ਰਭਾਵ ਪਵੇਗਾ।


Shyna

Content Editor

Related News