ਜ਼ਮੀਨ ਦੇ ਕਬਜ਼ੇ ਸਬੰਧੀ ਨਗਰ ਕੌਂਸਲ ਤੇ ਪੰਚਾਇਤ ਅਾਹਮੋ-ਸਾਹਮਣੇ

Saturday, Dec 01, 2018 - 02:24 AM (IST)

ਜ਼ਮੀਨ ਦੇ ਕਬਜ਼ੇ ਸਬੰਧੀ ਨਗਰ ਕੌਂਸਲ ਤੇ ਪੰਚਾਇਤ ਅਾਹਮੋ-ਸਾਹਮਣੇ

ਮਾਨਸਾ, (ਜੱਸਲ)- ਆਖਿਰ ਨਗਰ ਕੌਂਸਲ ਮਾਨਸਾ ਨੇ ਇਕ ਦਹਾਕਾ ਲੰਬੀ ਕਾਨੂੰਨੀ ਚਾਰਾਜੋਈ ਅਤੇ ਕਸ਼ਮਕਸ਼ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਅਤੇ ਪੁਲਸ ਦੀ ਮਦਦ ਨਾਲ ਆਪਣੀ ਜ਼ਮੀਨ ਨੂੰ ਕਬਜ਼ੇ ’ਚ ਲੈ ਲਿਆ ਹੈ। ਇਸ ਬਾਰੇ ਡਿਪਟੀ ਕਮਿਸ਼ਨਰ ਮਾਨਸਾ ਨੇ ਵਾਰੰਟ ਵੀ ਜਾਰੀ ਕੀਤੇ। ਦੂਜੀ ਧਿਰ ਗ੍ਰਾਮ ਪੰਚਾਇਤ ਜਵਾਹਰ ਕੇ ਦੇ ਮੈਂਬਰ ਪਹਿਲਾਂ ਨਗਰ ਕੌਂਸਲ ਮਾਨਸਾ ਦੀ ਜ਼ਮੀਨ ਤੋਂ ਕਬਜ਼ਾ ਨਾ ਦੇਣ ਦੀ ਜ਼ਿੱਦ ’ਤੇ ਅਡ਼ੇ ਰਹੇ ਪਰ ਜਦੋਂ ਜ਼ਿਲਾ ਪ੍ਰਸ਼ਾਸਨ ਨੇ  ਹਾਈ ਕੋਰਟ ਦਾ ਫੈਸਲਾ ਦਿਖਾਇਆ ਤਾਂ ਉਨ੍ਹਾਂ ਨੂੰ ਮਾਮੂਲੀ ਬਹਿਸ ਤੋਂ ਬਾਅਦ ਪਿੱਛੇ ਹਟਣਾ ਪਿਆ। ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਮਨਦੀਪ ਸਿੰਘ ਗੋਰਾ ਨੇ ਦੱਸਿਆ ਕਿ ਨਗਰ ਕੌਂਸਲ ਮਾਨਸਾ ਨੇ ਰਮਦਿੱਤੇ ਵਾਲਾ ਚੌਕ ਕੋਲ ਆਪਣੀ  22 ਏਕਡ਼ ਜ਼ਮੀਨ ਵਿੱਤੀ ਵਾਧੇ ਲਈ ਨਗਰ ਪੰਚਾਇਤ ਪਿੰਡ ਜਵਾਹਰ ਕੇ ਨੂੰ ਠੇਕੇ ’ਤੇ ਦਿੱਤੀ ਹੋਈ ਸੀ ਪਰ ਉਹ ਤਕਰੀਬਨ ਇਕ ਦਹਾਕੇ ਤੋਂ ਇਸ ਜ਼ਮੀਨ ’ਤੇ ਕਾਬਜ਼ ਸਨ। ਉਹ ਇਸ ਜ਼ਮੀਨ ਨੂੰ ਛੱਡ ਨਹੀਂ ਰਹੇ ਸਨ। ਇਹ ਮਾਮਲਾ ਕਾਨੂੰਨੀ ਚਾਰਾਜੋਈ ’ਚ ਪੈ ਕੇ ਹੇਠਲੀਆਂ ਅਦਾਲਤਾਂ ਤੋਂ ਮਾਣਯੋਗ ਪੰਜਾਬ ਐਂਡ ਹਰਿਆÎਣਾ ਹਾਈ ਕੋਰਟ ’ਚ ਪਹੁੰਚ ਗਿਆ, ਜਿਸ ’ਤੇ ਮਾਣਯੋਗ ਹਾਈ ਕੋਰਟ ਨੇ ਨਗਰ ਕੌਂਸਲ ਮਾਨਸਾ ਦੇ ਹੱਕ ’ਚ ਫੈਸਲਾ ਸੁਣਾ ਦਿੱਤਾ।  ਨਗਰ ਕੌਂਸਲ ਮਾਨਸਾ ਨੇ ਜ਼ਿਲਾ ਪ੍ਰਸ਼ਾਸਨ ਤੋਂ ਵਾਰੰਟ ਜਾਰੀ ਕਰਵਾ ਕੇ ਜ਼ਿਲਾ ਪ੍ਰਸ਼ਾਸਨ ਅਤੇ ਪੁਲਸ ਦੀ ਸਹਾਇਤਾ ਨਾਲ ਆਪਣੀ ਜ਼ਮੀਨ ’ਤੇ ਮੁਡ਼ ਕਬਜ਼ਾ ਕਰ ਲਿਆ। ਇਸ ਮੌਕੇ ਡੀ. ਐੱਸ. ਪੀ. ਮਾਨਸਾ ਸਿਮਰਨਜੀਤ ਸਿੰਘ ਲੰਗ ਕਿਸੇ ਅਣਸੁਖਾਵੀ ਘਟਨਾ ਵਾਪਰਨ ਤੋਂ ਬਚਾਅ ਲਈ ਥਾਣਾ ਸਿਟੀ ਮਾਨਸਾ ਦੀ ਪੁਲਸ ਪਾਰਟੀ ਨੂੰ ਨਾਲ ਲੈ ਕੇ ਪਹੁੰਚੇ। ਉਨ੍ਹਾਂ ਕਿਹਾ ਕਿ ਗ੍ਰਾਮ ਪੰਚਾਇਤ ਜਵਾਹਰ ਕੇ ਨੇ ਸ਼ਾਤਮਈ ਢੰਗ ਨਾਲ ਜ਼ਮੀਨ ਨਗਰ ਕੌਂਸਲ ਮਾਨਸਾ ਦੇ ਹਵਾਲੇ ਕਰ ਦਿੱਤੀ। ਇਸ ਮੌਕੇ ਕਾਰਜਸਾਧਕ ਅਫਸਰ ਵਿਜੇ ਜਿੰਦਲ, ਥਾਣਾ ਸਿਟੀ-1 ਮੁਖੀ ਜਸਵੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਜ਼ਿਲਾ ਅਧਿਕਾਰੀ ਹਾਜ਼ਰ ਸਨ।  
ਲੜੀ ਜਾਵੇਗੀ ਕਾਨੂੰਨੀ ਲੜਾਈ : ਸਰਪੰਚ
ਦੂਜੇ ਪਾਸੇ ਇਸ ਕਬਜ਼ੇ ਦਾ ਵਿਰੋਧ ਕਰਨ ਵਾਲੀ ਪਿੰਡ ਜਵਾਹਰਕੇ ਦੀ ਸਰਪੰਚ ਸੁਰਜੀਤ ਕੌਰ, ਗੁਰਸੇਵਕ ਸਿੰਘ ਜਵਾਹਰਕੇ ਦਾ ਕਹਿਣਾ ਹੈ ਕਿ ਨਗਰ ਕੌਂਸਲ ਇਸ ਮਾਮਲੇ ’ਚ ਪਿੰਡ ਨਾਲ ਧੱਕਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ 1 ਦਸੰਬਰ ਨੂੰ ਪਿੰਡ ਵਿਖੇ ਸਵੇਰੇ 8 ਵਜੇ ਇਹ ਹੰਗਾਮੀ ਮੀਟਿੰਗ ਬੁਲਾਈ ਗਈ ਹੈ,ਜਿਸ ਤੋਂ ਬਾਅਦ ਇਸ ਲਈ ਸੰਘਰਸ਼ ਦੀ ਅਗਲੀ ਰੂਪਰੇਖਾ ਉਲੀਕੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਇਸ ਵਾਸਤੇ ਕਾਨੂੰਨੀ ਲਡ਼ਾਈ ਲਡ਼ਣਗੇ। 


Related News