ਵਿਸ਼ਾਲ ਨਗਰ ਕੀਰਤਨ ਉਪਰੰਤ ਇਤਿਹਾਸਕ ਮਾਘੀ ਜੋੜ ਮੇਲਾ ਰਸਮੀ ਤੌਰ ''ਤੇ ਹੋਇਆ ਸਮਾਪਤ

Thursday, Jan 15, 2026 - 05:22 PM (IST)

ਵਿਸ਼ਾਲ ਨਗਰ ਕੀਰਤਨ ਉਪਰੰਤ ਇਤਿਹਾਸਕ ਮਾਘੀ ਜੋੜ ਮੇਲਾ ਰਸਮੀ ਤੌਰ ''ਤੇ ਹੋਇਆ ਸਮਾਪਤ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : 40 ਮੁਕਤਿਆਂ ਦੀ ਪਵਿੱਤਰ ਯਾਦ 'ਚ ਹਰ ਸਾਲ ਮਨਾਇਆ ਜਾਂਦਾ ਇਤਿਹਾਸਕ ਮਾਘੀ ਜੋੜ ਮੇਲਾ ਅੱਜ ਰਵਾਇਤੀ ਨਗਰ ਕੀਰਤਨ ਉਪਰੰਤ ਰਸਮੀ ਤੌਰ 'ਤੇ  ਸਮਾਪਤ ਹੋ ਗਿਆ। ਇਸ ਸਬੰਧੀ ਅੱਜ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਸ੍ਰੀ ਦਰਬਾਰ ਸਾਹਿਬ ਦੇ ਗੇਟ ਨੂੰ 3 ਤੋਂ ਸ਼ੁਰੂ ਹੋਇਆ ਇਹ ਮਹਾਨ ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚੋਂ ਗੁਜ਼ਰਿਆ, ਜਿੱਥੇ ਸੰਗਤ ਨੇ ਨਗਰ ਕੀਰਤਨ ਦੇ ਸਵਾਗਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹੋਏ ਸਨ। ਇਸ ਮਹਾਨ ਨਗਰ ਕੀਰਤਨ ਦੀ ਸ਼ੁਰੂਆਤ ਮੌਕੇ ਹੈਡ ਗ੍ਰੰਥੀ ਭਾਈ ਜਗਬੀਰ ਸਿੰਘ ਨੇ ਅਰਦਾਸ ਕੀਤੀ, ਉਪਰੰਤ ਨਗਰ ਕੀਰਤਨ ਰਵਾਨਾ ਹੋਇਆ। 

PunjabKesari

ਇਸੇ ਦੌਰਾਨ ਜਿੱਥੇ ਰਾਗੀ ਜਥੇ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਉਥੇ ਹੀ ਪ੍ਰਭਾਤ ਫੇਰੀ ਸੰਗਤ ਚੌਂਕੀ ਜਥੇ ਵਲੋਂ ਸਤਿਨਾਮ ਵਾਹਿਗੁਰੂ ਨਾਮ ਨਾਲ ਜੋੜਿਆ ਗਿਆ। ਨਗਰ ਕੀਰਤਨ ਦੌਰਾਨ ਜਿੱਥੇ ਆਰਮੀ ਬੈਂਡ ਨੇ ਸੁੰਦਰ ਧਾਰਮਿਕ ਧੁਨਾਂ ਵਜਾਈਆਂ ਉੱਥੇ ਹੀ ਗੱਤਕਾ ਪਾਰਟੀ ਨੇ ਗੱਤਕੇ ਦੇ ਜੌਹਰ ਵਿਖਾਏ। ਇਸੇ ਦੌਰਾਨ ਨਗਰ ਕੀਰਤਨ 'ਤੇ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਕੀਤੀ ਗਈ। ਨਗਰ ਕੀਰਤਨ ਦੌਰਾਨ ਐਸ. ਜੀ. ਪੀ. ਸੀ. ਦੇ ਐਡੀਸ਼ਨਲ ਸਕੱਤਰ ਬਿਜੇ ਸਿੰਘ, ਸ੍ਰੀ ਦਰਬਾਰ ਸਾਹਬ ਦੇ ਮੈਨੇਜਰ ਭਾਈ ਨਿਰਮਲਜੀਤ ਸਿੰਘ, ਸਾਬਕਾ ਮੈਨੇਜਰ ਜਰਨੈਲ ਸਿੰਘ, ਸਾਬਕਾ ਮੈਨੇਜਰ ਬਲਦੇਵ ਸਿੰਘ, ਸੁਖਦੇਵ ਸਿੰਘ ਮੀਤ ਮੈਨੇਜਰ, ਕੁਲਵੰਤ ਸਿੰਘ ਅਕਾਊਂਟੈਂਟ ਐਡੀਸ਼ਨਲ ਸੁਪਰਵਾਈਜ਼ਰ ਸੁਮੇਰ ਸਿੰਘ , ਕੁਲਦੀਪ ਸਿੰਘ ਪਰੂਥੀ, ਗੁਰਨੇਕ ਸਿੰਘ ਆਦਿ ਹਾਜ਼ਰ ਸਨ। ਉਧਰ ਨਗਰ ਕੀਰਤਨ ਨੂੰ ਲੈ ਕੇ ਪੁਲਸ ਪ੍ਰਸ਼ਾਸ਼ਨ ਵਲੋਂ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਨਗਰ ਕੀਰਤਨ ਦੌਰਾਨ ਸੰਗਤ ਵਲੋਂ ਬਾਜ਼ਾਰਾਂ 'ਚ ਵੱਖ -ਵੱਖ ਵਿਸ਼ਾਲ ਲੰਗਰ ਲਗਾਏ ਗਏ। ਨਗਰ ਕੀਰਤਨ ਨਾਲ ਮੇਲਾ ਮਾਘੀ ਭਾਵੇਂ ਰਸਮੀ ਤੌਰ 'ਤੇ ਸਮਾਪਤ ਹੋ ਗਿਆ ਪਰ ਮੇਲਾ ਮਾਘੀ ਸਬੰਧੀ ਲੱਗੇ ਬਾਜ਼ਾਰਾਂ 'ਚ ਖਰੀਦੋ ਫਰੋਖਤ ਅਜੇ ਕਈ ਦਿਨਾਂ ਤੱਕ ਚੱਲਦੀ ਰਹੇਗੀ। 


author

Gurminder Singh

Content Editor

Related News