ਨਗਰ ਕੌਂਸਲ ਦੀ ਧੱਕੇਸ਼ਾਹੀ ਖਿਲਾਫ ਵਪਾਰੀਆਂ ਨੇ ਸ਼ਹਿਰ ਬੰਦ ਕਰਕੇ ਲਾਇਆ ਧਰਨਾ
Wednesday, Oct 17, 2018 - 11:55 AM (IST)

ਬਾਘਾਪੁਰਾਣਾ (ਰਾਕੇਸ਼)— ਨਗਰ ਕੌਂਸਲ ਵਲੋਂ ਨਾਜਾਇਜ਼ ਕਬਜੇ ਹਟਾਉਣ ਲਈ ਕੱਲ ਸ਼ੁਰੂ ਕੀਤੀ ਮੁਹਿੰਮ ਦੌਰਾਨ ਕੱਲ ਬਜ਼ਾਰਾਂ ਅੰਦਰ ਕੌਂਸਲ ਮੁਲਾਜਮਾਂ ਅਤੇ ਦੁਕਾਨਦਾਰਾਂ ਵਿਚਕਾਰ ਹੋਈ ਹੱਥੋਪਾਈ ਅਤੇ ਦੁਕਾਨਾਂ ਦਾ ਸਾਮਾਨ ਚੁੱਕਣ ਨੂੰ ਲੈ ਕੇ ਦੁਕਾਨਦਾਰਾਂ 'ਚ ਭਾਰੀ ਰੋਸ ਫੈਲ ਗਿਆ ਸੀ ਅਤੇ ਦੁਕਾਨਦਾਰਾਂ ਨੇ ਇਸ ਮੁੱਦੇ ਨੂੰ ਲੈ ਕੇ ਅੱਜ ਸ਼ਹਿਰ ਮੁਕੰਮਲ ਤੌਰ 'ਤੇ ਬੰਦ ਕਰਕੇ ਮੇਨ ਚੌਂਕ ਵਿੱਚ ਧਰਨਾ ਦਿੱਤਾ। ਕੌਂਸਲ ਅਤੇ ਪ੍ਰਸਾਸ਼ਨ ਖਿਲਾਫ ਜੰਮਕੇ ਨਾਅਰੇਬਾਜ਼ੀ ਕੀਤੀ। ਇਧਰ-ਉਧਰ ਦੀ ਸਾਰੀ ਆਵਾਜਾਈ ਠੱਪ ਹੋ ਗਈ ਸੀ ਇਹ ਧਰਨਾ ਸਵੇਰੇ 9 ਵਜੇ ਲੱਗਾ ਜਿਸ ਵਿੱਚ ਕਸਬੇ ਦੇ ਦੁਕਾਨਦਾਰ, ਰੇਹੜੀ , ਫੜੀ, ਕੈਮਿਸਟ , ਢਾਬੇ ਅਤੇ ਚਾਹ ਦੇ ਹੋਟਲ ਮਾਲਕਾਂ ਨੇ ਕਾਰੋਬਾਰ ਬੰਦ ਕਰਕੇ ਧਰਨੇ ਵਿੱਚ ਸ਼ਾਮਲ ਹੋਏ ਅਤੇ ਸ਼ਹਿਰ ਵਿੱਚ ਪੂਰੀ ਤਰ੍ਹਾਂ ਸੁੰਨਸਾਨ ਬਣੀ ਰਹੀ ਅਤੇ ਟ੍ਰੈਫਿਕ ਆਵਾਜਾਈ ਲਈ ਗੰਭੀਰ ਸਮੱਸਿਆ ਬਣੀ ਰਹੀ। ਧਰਨੇ ਦੀ ਅਗਵਾਈ ਜਸਵਿੰਦਰ ਸਿੰਘ ਕਾਕਾ, ਰਾਜ ਕੁਮਾਰ ਰਾਜੂ, ਪਵਨ ਢੰਡ, ਵਿਨੋਦ ਗੂੰਬਰ, ਪਵਨ ਗੋਇਲ, ਮਨਦੀਪ ਕੱਕੜ, ਬਲਵੰਤ ਸਿੰਘ ਕਰ ਰਹੇ ਸਨ। ਧਰਨਾਕਾਰੀਆਂ ਨੇ ਕਿਹਾ ਕਿ ਕੌਂਸਲ ਵਲੋਂ ਸ਼ਹਿਰ ਅੰਦਰ ਚਲਾਈ ਧੱਕੇਸ਼ਾਹੀ ਨੂੰ ਕਿਸੇ ਵੀ ਹਾਲਤ 'ਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਕੌਂਸਲ ਵਲੋਂ ਨਾਜਾਇਜ਼ ਕਬਜੇ ਹਟਾਉਣ ਦੇ ਬਹਾਨੇ ਲੋਕਾਂ ਨਾਲ ਧੱਕੇਸ਼ਾਹੀ ਕੀਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਦੁਕਾਨਦਾਰ ਸਾਰੇ ਟੈਕਸ ਭਰਦੇ ਹਨ ਤਾਂ ਦੁਕਾਨਾਂ ਤੇ ਪੈਸੇ ਇਕੱਠੇ ਕਰਨ ਦੇ ਬਹਾਨੇ ਡਸਟਬੀਨ ਥੋਪੇ ਗਏ ਹਨ ਜਿਸ ਨੂੰ ਦੁਕਾਨਦਾਰ ਨਹੀਂ ਲੈਣਗੇ ਅਤੇ ਨਾਂ ਹੀ ਕੂੜਾ ਕਰਕਟ ਪਾਉਣ ਦੇ ਬਹਾਨੇ 'ਚ ਕੌਂਸਲ ਨੂੰ ਕੋਈ ਪੈਸਾ ਅਦਾ ਕਰਨਗੇ।