ਪਾਣੀ-ਸੀਵਰੇਜ ਦੇ ਬਕਾਇਆ ਬਿੱਲਾਂ ਦੀ ਵਸੂਲੀ ਲਈ ਡਿਫਾਲਟਰਾਂ ’ਤੇ ਸਖ਼ਤੀ ਵਧਾਏਗਾ ਨਗਰ ਨਿਗਮ
Tuesday, Oct 02, 2018 - 07:32 AM (IST)

ਲੁਧਿਆਣਾ, (ਜ.ਬ.)- ਨਗਰ ਨਿਗਮ ਨੇ ਕੰਗਾਲੀ ਦੇ ਦੌਰ ਤੋਂ ਉੱਭਰਨ ਲਈ ਕਈ ਸੌ ਕਰੋਡ਼ ਦੇ ਬਕਾਇਆ ਪਾਣੀ ਤੇ ਸੀਵਰੇਜ ਦੇ ਬਿੱਲਾਂ ਦੀ ਵਸੂਲੀ ਦੀ ਦਿਸ਼ਾ ਵਿਚ ਲੱਕ ਬੰਨ੍ਹ ਲਿਆ ਹੈ, ਜਿਸ ਦੇ ਤਹਿਤ ਪਹਿਲਾਂ 50 ਹਜ਼ਾਰ ਤੋਂ ਉੱਪਰ ਦੇ ਦੇਣਦਾਰਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ।
ਇਹ ਫੈਸਲਾ ਡਿਸਪਿਊਟ ਸੈਟਲਮੈਂਟ ਕਮੇਟੀ ਦੀ ਜ਼ੋਨ ਏ ਵਿਚ ਹੋਈ ਪਹਿਲੀ ਮੀਟਿੰਗ ਦੌਰਾਨ ਲਿਆ ਗਿਆ ਹੈ।
ਜਿੱਥੇ ਇਹ ਚਰਚਾ ਕੀਤੀ ਗਈ ਕਿ ਪਾਣੀ ਤੇ ਸੀਵਰੇਜ ਦੇ ਬਿੱਲਾਂ ਦੀ ਮੰਗ ਕੀਤੇ ਜਾਣ ’ਤੇ ਲੋਕਾਂ ਵਲੋਂ ਜੋ ਡਬਲ ਕੁਨੈਕਸ਼ਨ ਹੋਣ ਜਾਂ ਪਹਿਲਾਂ ਨਾਲੋਂ ਬਕਾਇਆ ਰਕਮ ਜਮ੍ਹਾ ਕਰਵਾਉਣ ਦਾ ਦਾਅਵਾ ਕੀਤਾ ਜਾਦਾ ਹੈ। ਉਸ ਦੀ ਪੜਤਾਲ ਕਮੇਟੀ ਵਿਚ ਸ਼ਾਮਲ ਅਫਸਰਾਂ ਅਤੇ ਕੌਂਸਲਰਾਂ ਵਲੋਂ ਕੀਤੀ ਜਾਵੇਗੀ। ਜੇਕਰ ਕਿਸੇ ਕੰਪਲੈਕਸ ਵਿਚ ਇਕ ਕੁਨੈਕਸ਼ਨ ਲੱਗਾ ਹੋਣ ’ਤੇ ਦੋ ਬਿੱਲ ਜਾਣ ਤੋਂ ਇਲਾਵਾ ਪਹਿਲਾਂ ਤੋਂ ਜਮ੍ਹਾ ਹੋ ਚੁੱਕੀ ਰਕਮ ਨੂੰ ਬਿੱਲ ਵਿਚ ਜੋਡ਼ਨ ਦਾ ਕੇਸ ਸਾਹਮਣੇ ਆਇਆ ਤਾਂ ਕਮੇਟੀ ਵਲੋਂ ਉਸ ਮੰਗ ਨੂੰ ਖਤਮ ਕਰਨ ਦਾ ਫੈਸਲਾ ਲਿਆ ਜਾ ਸਕਦਾ ਹੈ, ਜਿਸ ਨਾਲ ਪਹਿਲਾਂ ਦੇਣਦਾਰਾਂ ਨੂੰ ਨੋਟਿਸ ਜਾਰੀ ਕਰਨਾ ਜ਼ਰੂਰੀ ਹੈ ਤਾਂ ਕਿ ਉਹ ਆਪਣੇ ਦਾਅਵੇ ਦੀ ਹਮਾਇਤ ਵਿਚ ਦਸਤਾਵੇਜ਼ ਪੇਸ਼ ਕਰ ਸਕਣ।
ਰਿਕਾਰਡ ਦੀ ਚੈਕਿੰਗ ਤੋਂ ਇਲਾਵਾ ਲਈ ਜਾਵੇਗੀ ਸਾਈਟ ਰਿਪੋਰਟ
ਜਿਹਡ਼ੇ ਲੋਕ ਇਕ ਕੁਨੈ ਦੇ ਬਾਵਜੂਦ ਡਬਲ ਬਿੱਲ ਆਉਣ ਦਾ ਦਾਅਵਾ ਕਰ ਰਹੇ ਹਨ। ਉਨ੍ਹਾਂ ਕੇਸਾਂ ਵਿਚ ਫੈਸਲਾ ਲੈਣ ਤੋਂ ਪਹਿਲਾਂ ਰਿਕਾਰਡ ਦੀ ਚੈਕਿੰਗ ਤਾਂ ਕੀਤੀ ਹੀ ਜਾਵੇਗੀ, ਓ. ਐਂਡ ਐੱਮ. ਸੈੱਲ ਦੇ ਅਫਸਰਾਂ ਨੂੰ ਭੇਜ ਕੇ ਸਾਈਟ ਰਿਪੋਰਟ ਲਈ ਜਾਵੇਗੀ ਕਿ ਉੱਥੇ ਕਿੰਨੇ ਕੁਨੈਕਸ਼ਨ ਚੱਲ ਰਹੇ ਹਨ।
ਮੁਆਫੀ ਦੀ ਆਡ਼ ’ਚ ਫਰਜ਼ੀਵਾਡ਼ਾ ਕਰਨ ਵਾਲਿਆਂ ਦੀ ਖੁੱਲ੍ਹੇਗੀ ਪੋਲ
ਨਗਰ ਨਿਗਮ ਵਲੋਂ 125 ਗਜ਼ ਤੱਕ ਦੇ ਰਿਹਾਇਸ਼ੀ ਕੁਨੈਕਸ਼ਨਾਂ ’ਤੇ ਪਾਣੀ ਸੀਵਰੇਜ ਦਾ ਬਿੱਲ ਮੁਆਫ ਕੀਤਾ ਹੋਇਆ ਹੈ, ਜਿਸ ਕੈਟਾਗਰੀ ਵਿਚ ਆਉਣ ਦਾ ਹਵਾਲਾ ਦਿੰਦੇ ਹੋਏ ਕਾਫੀ ਲੋਕਾਂ ਵਲੋਂ ਬਿੱਲ ਜਮ੍ਹਾਂ ਨਹੀਂ ਕਰਵਾਏ ਜਾ ਰਹੇ। ਉਨ੍ਹਾਂ ਲੋਕਾਂ ਵਲੋਂ ਹੁਣ ਕਮੇਟੀ ਦੇ ਸਾਹਮਣੇ ਦਿੱਤੇ ਜਾਣ ਵਾਲੇ ਇਤਰਾਜ਼ ਦੇ ਆਧਾਰ ’ਤੇ ਮੌਕੇ ਦੀ ਚੈਕਿੰਗ ਕੀਤੀ ਜਾਵੇਗੀ ਕਿ ਕੀ ਉਥੇ 125 ਵਰਗ ਗਜ਼ ਦੇ ਇਕ ਯੁੂਨਿਟ ਵਿਚ ਹੀ ਰਿਹਾਇਸ਼ ਹੈ ਜਾਂ ਵੱਡੇ ਕੰਪਲੈਕਸ ਦੀ ਵੱਖ-ਵੱਖ ਰਜਿਸਟਰੀ ਕਰਵਾ ਕੇ ਦਸਤਾਵੇਜ਼ਾਂ ਵਿਚ 125 ਤੋਂ ਘੱਟ ਦਿਖਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਪਾਣੀ ਸੀਵਰੇਜ ਦਾ ਵਪਾਰਕ ਜਾਂ ਇੰਡਸਟ੍ਰੀਅਲ ਵਰਤੋਂ ਕਰਨ ਦੇ ਬਾਵਜੂਦ ਮੁਆਫੀ ਦੇ ਘੇਰੇ ਵਿਚ ਲਾਭ ਲੈ ਰਹੇ ਲੋਕਾਂ ਦੀ ਪੋਲ ਵੀ ਖੁੱਲ੍ਹ ਜਾਵੇਗੀ।