ਕੌਂਸਲਰ ਨੇ ਨਗਰ ਨਿਗਮ ਮੁਲਾਜ਼ਮ ਦੇ ਜੜਿਆ ਥੱਪੜ! ਭੱਖ ਗਿਆ ਮਾਹੌਲ
Wednesday, Jun 10, 2026 - 04:01 PM (IST)
ਲੁਧਿਆਣਾ (ਹਿਤੇਸ਼): ਨਗਰ ਨਿਗਮ ਲੁਧਿਆਣਾ ਜ਼ੋਨ ਬੀ ਆਫ਼ਿਸ ਵਿਚ ਜ਼ੋਰਦਾਰ ਹੰਗਾਮਾ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ, ਅਕਾਲੀ ਕੌਂਸਲਰ ਕਮਲ ਅਰੋੜਾ ਦਾ ਨਗਰ ਨਿਗਮ ਦੇ ਐੱਸ. ਈ. ਪ੍ਰਵੀਨ ਸਿੰਗਲਾ ਦੇ ਨਾਲ ਕਿਸੇ ਗੱਲੋਂ ਵਿਵਾਦ ਹੋ ਗਿਆ, ਜਿਸ ਮਗਰੋਂ ਉਨ੍ਹਾਂ ਦੀ ਹੱਥੋਪਾਈ ਵੀ ਹੋ ਗਈ। ਇਸ ਮਗਰੋਂ ਨਿਗਮ ਵਿਚ ਮਾਹੌਲ ਤਣਾਅਪੂਰਨ ਹੋ ਗਿਆ।
ਜਾਣਕਾਰੀ ਮੁਤਾਬਕ, ਕੌਂਸਲਰ ਕਮਲ ਅਰੋੜਾ ਆਪਣੇ ਵਾਰਡ ਨੰਬਰ 20 ਦੇ ਵਿਕਾਸ ਕਾਰਜਾਂ ਸਬੰਧੀ ਨਿਗਮ ਦਫ਼ਤਰ ਗਏ ਸਨ, ਜਿੱਥੇ ਉਨ੍ਹਾਂ ਦੀ ਐੱਸ. ਈ. ਪ੍ਰਵੀਨ ਸਿੰਗਲਾ ਦੇ ਨਾਲ ਕਿਸੇ ਗੱਲੋਂ ਬਹਿਸ ਹੋ ਗਈ। ਇਸ ਦੌਰਾਨ ਕੌਂਸਲਰ ਵੱਲੋਂ ਐੱਸ. ਈ. ਪ੍ਰਵੀਨ ਸਿੰਗਲਾ 'ਤੇ ਹਮਲਾ ਕਰਨ ਤੇ ਹੱਥੋਪਾਈ ਹੋਣ ਦੀ ਵੀ ਸੂਚਨਾ ਮਿਲੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੌਂਸਲਰ ਕਮਲ ਅਰੋੜਾ ਨੇ ਪ੍ਰਵੀਨ ਸਿੰਗਲਾ ਨੂੰ ਥੱਪੜ ਮਾਰਿਆ ਹੈ।
ਇਸ ਮਗਰੋਂ ਨਗਰ ਨਿਗਮ ਦੇ ਮੁਲਾਜ਼ਮ ਇਸ ਗੱਲ ਦਾ ਵਿਰੋਧ ਕਰ ਰਹੇ ਹਨ। ਇਹ ਮਾਮਲਾ ਸਿਆਸੀ ਰੂਪ ਵੀ ਲੈ ਸਕਦਾ ਹੈ ਤੇ ਮੁਲਾਜ਼ਮ ਇਸ ਘਟਨਾ ਦੇ ਵਿਰੋਧ ਵਿਚ ਹੜਤਾਲ ਵੀ ਕਰ ਸਕਦੇ ਹਨ। ਫ਼ਿਲਹਾਲ ਨਗਰ ਨਿਗਮ ਵਿਚ ਮਾਹੌਲ ਕਾਫ਼ੀ ਤਣਾਅਪੂਰਨ ਬਣਿਆ ਹੋਇਆ ਹੈ।
