ਮੋਬਾਇਲ ਸੈੱਲ ਫੋਨ ਟਾਵਰ ਵਰਕਰਜ਼ ਯੂਨੀਅਨ ਨੇ ਵਜਾਇਆ ਸੰਘਰਸ਼ ਦਾ ਬਿਗੁਲ
Wednesday, May 02, 2018 - 09:45 AM (IST)
ਸ੍ਰੀ ਮੁਕਤਸਰ ਸਾਹਿਬ (ਪਵਨ) - ਮੋਬਾਇਲ ਸੈੱਲ ਫੋਨ ਟਾਵਰ ਵਰਕਜ਼ ਯੂਨੀਅਨ ਪੰਜਾਬ ਨਾਲ ਸਬੰਧਤ 'ਸੀਟੂ' ਵੱਲੋਂ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਇਕ ਵਿਸ਼ਾਲ ਮੀਟਿੰਗ ਸਾਥੀ ਹਰਪਾਲ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ।
ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਜਨਰਲ ਸਕੱਤਰ ਲਖਵੀਰ ਸਿੰਘ ਨੇ ਦੱਸਿਆ ਕਿ ਪਿਛਲੇ 2 ਮਹੀਨਿਆਂ ਤੋਂ ਮੋਬਾਇਲ ਟਾਵਰਾਂ 'ਤੇ ਕੰਮ ਕਰਦੇ ਮੁਲਾਜ਼ਮਾਂ ਨੇ ਮੋਬਾਇਲ ਕੰਪਨੀਆਂ ਵੱਲੋਂ ਆਊਟ ਸੋਰਸਿੰਗ ਕੰਪਨੀਆਂ ਏ. ਟੀ. ਸੀ. ਅਸੈਂਡ, ਇੰਡਸ ਅਤੇ ਵਾਟਰ ਵੀਜ਼ਨ ਵੱਲੋਂ ਕੀਤੀ ਜਾ ਰਹੀ ਕਥਿਤ ਲੁੱਟ ਖਿਲਾਫ਼ ਆਪਣਾ ਮੰਗ-ਪੱਤਰ ਦਿੱਤਾ, ਜਿਸ ਨੂੰ ਕਿ ਅਸਿਸਟੈਂਟ ਲੇਬਰ ਕਮਿਸ਼ਨਰ ਸੈਂਟਰਲ, ਜਲੰਧਰ ਦੇਖ ਰਹੇ ਹਨ। ਇਸ ਮੌਕੇ ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੰਗ-ਪੱਤਰ ਵਿਚ ਦਰਜ ਮੰਗਾਂ ਦਾ ਇਕ ਹਫਤੇ ਵਿਚ ਨਿਪਟਾਰਾ ਨਾ ਕੀਤਾ ਤਾਂ ਉਹ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਸੰਪੂਰਨ ਜ਼ਿੰਮੇਵਾਰੀ ਮੋਬਾਇਲ ਕੰਪਨੀਆਂ ਦੀ ਹੋਵੇਗੀ।
ਇਸੇ ਸਮੇਂ ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਇੰਦਰਜੀਤ ਸਿੰਘ ਨੇ ਮਈ ਦਿਵਸ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੇ ਦਿਨ ਸ਼ਹੀਦਾਂ ਦੇ ਅੰਦੋਲਨ ਨੇ ਸਾਰੀ ਦੁਨੀਆ ਦੀਆਂ ਸਰਕਾਰਾਂ ਨੂੰ ਕੰਮ ਦਿਹਾੜੀ 8 ਘੰਟੇ ਕਰਨ ਲਈ ਮਜਬੂਰ ਕੀਤਾ ਸੀ, ਜਦਕਿ ਦੂਜੇ ਪਾਸੇ ਟਾਵਰਾਂ 'ਤੇ ਕੰਮ ਕਰਦੇ ਮੁਲਾਜ਼ਮਾਂ ਤੋਂ ਮੋਬਾਇਲ, ਆਊਟ ਸੋਰਸਿੰਗ ਕੰਪਨੀਆਂ 24 ਘੰਟੇ ਕੰਮ ਲੈ ਕੇ ਜਿੱਥੇ ਉਨ੍ਹਾਂ ਨੂੰ ਘੱਟੋ-ਘੱਟ ਉਜਰਤਾਂ ਤੋਂ ਵਾਂਝੇ ਰੱਖ ਕੇ ਕਿਰਤ ਕਾਨੂੰਨ ਦੀਆਂ ਸ਼ੇਰਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਸ ਮੌਕੇ ਅੰਮ੍ਰਿਤਪਾਲ ਸਿੰਘ, ਜਰਨੈਲ ਸਿੰਘ, ਚਮਕੌਰ ਸਿੰਘ, ਗੁਰਲਾਲ ਸਿੰਘ ਆਦਿ ਨੇ ਸੰਬੋਧਨ ਕੀਤਾ। ਇਸ ਮੀਟਿੰਗ 'ਚ ਸੁਖਪਾਲ ਸਿੰਘ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।